ਫੈਡਰਲ ਚੋਣਾਂ ਵਿੱਚ ਲਿਬਰਲ ਉਮੀਦਵਾਰ ਵਜੋਂ ਹਿੱਸਾ ਲਵੇਗੀ ਰੇਅਬੋਲਡ!

Global News

ਓਟਵਾ, 4 ਮਾਰਚ (ਪੋਸਟ ਬਿਊਰੋ) : ਸਾਬਕਾ ਅਟਾਰਨੀ ਜਨਰਲ ਜੋਡੀ ਵਿਲਸਨ ਰੇਅਬੋਲਡ, ਐਸਐਨਸੀ ਲਾਵਾਲਿਨ ਮਾਮਲੇ ਵਿੱਚ ਪਾਰਲੀਆਮੈਂਟ ਦੀ ਨਿਆਂ ਕਮੇਟੀ ਸਾਹਮਣੇ ਪਿਛਲੇ ਹਫਤੇ ਦਿੱਤੀ ਗਈ ਜਿਸ ਦੀ ਗਵਾਹੀ ਕਾਰਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੋਂ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਸੀ, ਦਾ ਕਹਿਣਾ ਹੈ ਕਿ ਉਹ ਅਕਤੂਬਰ ਵਿੱਚ ਹੋਣ ਜਾ ਰਹੀਆਂ ਆਮ ਚੋਣਾਂ ਵਿੱਚ ਲਿਬਰਲ ਪਾਰਟੀ ਲਈ ਖੜ੍ਹਾ ਹੋਣਾ ਚਾਹੇਗੀ। 

ਰੇਅਬੋਲਡ ਦੇ ਆਫਿਸ ਵੱਲੋਂ ਭੇਜੀ ਗਈ ਈ-ਮੇਲ ਵਿੱਚ ਆਖਿਆ ਗਿਆ ਕਿ ਵਿਲਸਨ ਰੇਅਬੋਲਡ ਚੁਣੀ ਗਈ ਆਗੂ ਹੈ ਤੇ ਉਹ ਵੈਨਕੂਵਰ ਗ੍ਰੈਨਵਿੱਲੇ ਹਲਕੇ ਤੋਂ ਲਿਬਰਲ ਐਮਪੀ ਵਜੋਂ ਲੋਕਾਂ ਦੀ ਸੇਵਾ ਕਰਨੀ ਜਾਰੀ ਰੱਖੇਗੀ। ਪਿਛਲੇ ਸਾਲ ਵੈਨਕੂਵਰ ਦੇ ਗ੍ਰੈਨਵਿੱਲੇ ਹਲਕੇ ਤੋਂ ਰੇਅਬੋਲਡ ਨੂੰ ਲਿਬਰਲ ਪਾਰਟੀ ਆਫ ਕੈਨੇਡਾ ਦਾ ਉਮੀਦਵਾਰ ਐਲਾਨਿਆ ਗਿਆ ਸੀ। ਪਿਛਲੇ ਹਫਤੇ ਇੱਕ ਪ੍ਰੈੱਸ ਕਾਨਫਰੰਸ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖਿਆ ਸੀ ਕਿ ਉਨ੍ਹਾਂ ਅਜੇ ਇਹ ਫੈਸਲਾ ਨਹੀਂ ਕੀਤਾ ਹੈ ਕਿ ਰੇਅਬੋਲਡ, ਜਿਨ੍ਹਾਂ ਨੇ ਪਿਛਲੇ ਮਹੀਨੇ ਵੈਟਰਨਜ਼ ਅਫੇਅਰਜ਼ ਮੰਤਰੀ ਵਜੋਂ ਅਸਤੀਫਾ ਦਿੱਤਾ ਸੀ, ਲਿਬਲਰ ਕਾਕਸ ਵਿੱਚ ਬਣੀ ਰਹਿ ਸਕਦੀ ਹੈ ਜਾਂ ਨਹੀਂ। ਟਰੂਡੋ ਨੇ ਇਹ ਵੀ ਆਖਿਆ ਕਿ ਉਨ੍ਹਾਂ ਨੂੰ ਅਜੇ ਰੇਅਬੋਲਡ ਦੀ ਧਮਾਕਾਖੇਜ਼ ਗਵਾਹੀ ਦਾ ਪੂਰੀ ਚੰਗੀ ਤਰ੍ਹਾਂ ਮੁਲਾਂਕਣ ਕਰਨ ਦਾ ਮੌਕਾ ਨਹੀਂ ਮਿਲਿਆ ਹੈ। 

ਜਿ਼ਕਰਯੋਗ ਹੈ ਕਿ ਆਪਣੀ ਗਵਾਹੀ ਵਿੱਚ ਰੇਅਬੋਲਡ ਨੇ ਦੋਸ਼ ਲਾਇਆ ਸੀ ਕਿ ਕਿਊਬਿਕ ਸਥਿਤ ਇੰਜੀਨੀਅਰਿੰਗ ਫਰਮ ਐਸਐਨਸੀ-ਲਾਵਾਲਿਨ ਖਿਲਾਫ ਮੁਜਰਮਾਨਾ ਕਾਰਵਾਈ ਨੂੰ ਰੋਕਣ ਲਈ ਟਰੂਡੋ ਤੇ ਨੌਂ ਹੋਰਨਾਂ ਉੱਚ ਸਰਕਾਰੀ ਅਧਿਕਾਰੀਆਂ ਨੇ ਉਸ ਉੱਤੇ ਦਬਾਅ ਪਾਇਆ ਸੀ। ਰੇਅਬੋਲਡ ਨੇ ਆਖਿਆ ਕਿ ਉਸ ਉੱਤੇ ਕੰਪਨੀ ਨਾਲ ਅਦਾਲਤ ਤੋਂ ਬਾਹਰ ਸੈਟਲਮੈਂਟ ਕਰਨ ਦੇ ਕਿਊਬਿਕ ਵਿੱਚ ਲਿਬਰਲਾਂ ਦੀ ਸਾਖ ਨੂੰ ਬਚਾਉਣ ਲਈ ਨਾ ਸਿਰਫ ਸਿਆਸੀ ਦਬਾਅ ਹੀ ਪਾਇਆ ਗਿਆ ਸਗੋਂ ਉਸ ਨੂੰ ਧਮਕੀਆਂ ਵੀ ਦਿੱਤੀਆਂ ਗਈਆਂ। ਦੋਸ਼ੀ ਪਾਏ ਜਾਣ ਉੱਤੇ ਕੰਪਨੀ ਇੱਕ ਦਹਾਕੇ ਲਈ ਫੈਡਰਲ ਕਾਂਟਰੈਕਟਸ ਹਾਸਲ ਕਰਨ ਜਾਂ ਉਨ੍ਹਾਂ ਲਈ ਬੋਲੀ ਲਾਉਣ ਤੋਂ ਵਾਂਝੀ ਹੋ ਸਕਦੀ ਹੈ। 

ਰੇਅਬੋਲਡ ਵੱਲੋਂ ਜਿਨ੍ਹਾਂ ਅਧਿਕਾਰੀਆਂ ਉੱਤੇ ਦੋਸ਼ ਲਾਏ ਗਏ ਹਨ ਉਨ੍ਹਾਂ ਸਭਨਾਂ ਨੇ ਇਸ ਮਾਮਲੇ ਵਿੱਚ ਗਲਤ ਢੰਗ ਨਾਲ ਦਖਲ ਦੇਣ ਤੋਂ ਇਨਕਾਰ ਕੀਤਾ ਹੈ। ਟਰੂਡੋ ਦਾ ਵੀ ਇਹੋ ਕਹਿਣਾ ਹੈ ਕਿ ਰੇਅਬੋਲਡ ਵੱਲੋਂ ਘਟਨਾਵਾਂ ਨੂੰ ਆਪਣੇ ਹਿਸਾਬ ਨਾਲ ਤੋੜ-ਮਰੋੜ ਕੇ ਪੇਸ਼ ਕਰਨ ਤੋਂ ਉਹ ਉਨ੍ਹਾਂ ਨਾਲ ਬਿਲਕੁਲ ਵੀ ਸਹਿਮਤ ਨਹੀਂ ਹਨ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਉਨ੍ਹਾਂ ਦੇ ਆਫਿਸ ਨੇ ਹਮੇਸ਼ਾਂ ਪੇਸ਼ੇਵਰਾਨਾਂ ਢੰਗ ਨਾਲ ਹੀ ਕੰਮ ਕੀਤਾ ਹੈ। ਇੱਕ ਇੰਟਰਵਿਊ ਦੌਰਾਨ ਪਬਲਿਕ ਸੇਫਟੀ ਮੰਤਰੀ ਵਿਲਸਨ ਰੇਅਬੋਲਡ ਨੇ ਆਖਿਆ ਕਿ ਟਰੂਡੋ ਤੇ ਰੇਅਬੋਲਡ ਦਰਮਿਆਨ ਸਬੰਧਾਂ ਨੂੰ ਦਰੁਸਤ ਕਰਨ ਵਿੱਚ ਕਾਫੀ ਸਮਾਂ ਤੇ ਮਿਹਨਤ ਲੱਗੇਗੀ।