ਕੋਵਰਿਗ ਤੇ ਸਪੇਵਰ ਉੱਤੇ ਚੀਨ ਵੱਲੋਂ ਜਾਸੂਸੀ ਕਰਨ ਦੇ ਲਾਏ ਜਾ ਰਹੇ ਦੋਸ਼ਾਂ ਨੂੰ ਟਰੂਡੋ ਨੇ ਨਕਾਰਿਆ

Global News


ਓਟਵਾ, 4 ਮਾਰਚ (ਪੋਸਟ ਬਿਊਰੋ) : ਚੀਨ ਵਿੱਚ ਨਜ਼ਰਬੰਦ ਦੋ ਕੈਨੇਡੀਅਨਾਂ ਉੱਤੇ ਜਾਸੂਸੀ ਕਰਨ ਤੇ ਦੇਸ਼ ਦੇ ਸੀਕਰੇਟ ਚੋਰੀ ਕਰਨ ਦੀਆਂ ਮਿਲ ਰਹੀਆਂ ਰਿਪੋਰਟਾਂ ਦਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਖੰਡਨ ਕੀਤਾ ਗਿਆ ਹੈ। 

ਸੋਮਵਾਰ ਨੂੰ ਟਰੂਡੋ ਨੇ ਆਖਿਆ ਕਿ ਬੜੀ ਹੀ ਮੰਦਭਾਗੀ ਗੱਲ ਹੈ ਕਿ ਚੀਨ ਕੈਨੇਡਾ ਦੇ ਸਾਬਕਾ ਡਿਪਲੋਮੈਟ ਮਾਈਕਲ ਕੋਵਰਿਗ ਤੇ ਕਾਰੋਬਾਰੀ ਮਾਈਕਲ ਸਪੇਵਰ ਦੇ ਮਾਮਲੇ ਨੂੰ ਤੋੜ ਮਰੋੜ ਕੇ ਪੇਸ਼ ਕਰ ਰਿਹਾ ਹੈ। ਇਨ੍ਹਾਂ ਦੋਵਾਂ ਨੂੰ ਚੀਨੀ ਅਧਿਕਾਰੀਆਂ ਵੱਲੋਂ ਦਸੰਬਰ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਜਿ਼ਕਰਯੋਗ ਹੈ ਕਿ ਕੈਨੇਡਾ ਵੱਲੋਂ ਚੀਨ ਦੀ ਟੈਕਨੀਕਲ ਜਾਇੰਟ ਕੰਪਨੀ ਹੁਆਵੇਈ ਟੈਕਨਾਲੋਜੀਜ਼ ਦੀ ਚੀਫ ਫਾਇਨਾਂਸ਼ੀਅਲ ਆਫੀਸਰ ਮੈਂਗ ਵਾਨਜ਼ੋਊ ਨੂੰ ਦੇਸ਼ ਦੀ ਨੈਸ਼ਨਲ ਸਕਿਊਰਿਟੀ ਨੂੰ ਖਤਰਾ ਦੱਸ ਕੇ ਗ੍ਰਿਫਤਾਰ ਕੀਤੇ ਜਾਣ ਤੋਂ ਕੁੱਝ ਦੇਰ ਬਾਅਦ ਹੀ ਦੋਵਾਂ ਕੈਨੇਡੀਅਨਾਂ ਨੂੰ ਚੀਨ ਵਿੱਚ ਨਜ਼ਰਬੰਦ ਕਰ ਲਿਆ ਗਿਆ ਸੀ। ਕੈਨੇਡਾ ਨੇ ਮੈਂਗ ਨੂੰ ਅਮਰੀਕਾ ਦੇ ਕਹਿਣ ਉੱਤੇ ਗ੍ਰਿਫਤਾਰ ਕੀਤਾ ਸੀ ਤੇ ਅਮਰੀਕਾ ਫਰਾਡ ਦੇ ਮਾਮਲੇ ਵਿੱਚ ਮੈਂਗ ਦੀ ਹਵਾਲਗੀ ਚਾਹੁੰਦਾ ਹੈ। 

ਪ੍ਰਿੰਸ ਐਡਵਰਡ ਆਈਲੈਂਡ ਉੱਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੂਡੋ ਨੇ ਆਖਿਆ ਕਿ ਅਸੀਂ ਨਿਯਮ ਕਾਨੂੰਨ ਦੀ ਪਾਲਣਾ ਕਰਨ ਵਾਲਾ ਦੇਸ਼ ਹਾਂ। ਅਸੀਂ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਹਰ ਹਾਲ ਵਿੱਚ ਕਾਨੂੰਨ ਦੀ ਪਾਲਣਾ ਕੀਤੀ ਜਾਵੇ ਤੇ ਅਸੀਂ ਸਹੀ ਢੰਗ ਨਾਲ ਇਸ ਪ੍ਰਕਿਰਿਆ ਨੂੰ ਪੂਰਾ ਕਰਾਂਗੇ। ਉਨ੍ਹਾਂ ਇਹ ਵੀ ਆਖਿਆ ਕਿ ਬੜੇ ਹੀ ਅਫਸੋਸ ਵਾਲੀ ਗੱਲ ਹੈ ਕਿ ਚੀਨ ਮਨਮਾਨੇ ਢੰਗ ਨਾਲ ਦੋ ਕੈਨੇਡੀਅਨਾਂ ਨੂੰ ਨਜ਼ਰਬੰਦ ਕਰੀ ਬੈਠਾ ਹੈ। 

ਚੀਨ ਦੀ ਸਰਕਾਰੀ ਖਬਰ ਏਜੰਸੀ ਜਿ਼ਨਹੁਆ ਵੱਲੋਂ ਪੇਸ਼ ਕੀਤੀ ਗਈ ਅਣਪਛਾਤੇ ਸਰੋਤ ਦੀ ਰਿਪੋਰਟ ਵਿੱਚ ਪਹਿਲੀ ਵਾਰੀ ਇਹ ਆਖਿਆ ਗਿਆ ਕਿ ਕੋਵਰਿਕ ਤੇ ਸਪੇਵਰ ਦੋਵੇਂ ਰਲ ਕੇ ਦੇਸ਼ ਦੀ ਗੁਪਤ ਜਾਣਕਾਰੀ ਚੋਰੀ ਕਰਨ ਦੀ ਕੋਸਿ਼ਸ਼ ਕਰ ਰਹੇ ਸਨ। ਦੋਵਾਂ ਦੇ ਮਾਮਲਿਆਂ ਨੂੰ ਪਹਿਲੀ ਵਾਰੀ ਜੋੜਿਆ ਗਿਆ ਹੈ। ਆਪਣੀ ਗ੍ਰਿਫਤਾਰੀ ਸਮੇਂ ਜਿੱਥੇ ਕੋਵਰਿਗ ਕੰਮ ਕਰਦਾ ਸੀ ਉਸ ਇੰਟਰਨੈਸ਼ਨਲ ਕ੍ਰਾਇਸਿਸ ਗਰੁੱਪ ਨੇ ਇਸ ਗੱਲ ਤੋਂ ਸਾਫ ਇਨਕਾਰ ਕੀਤਾ ਹੈ ਕਿ ਉਹ ਜਾਸੂਸੀ ਵਿੱਚ ਸ਼ਾਮਲ ਸੀ। 

ਕੋਵਰਿਗ ਤੇ ਸਪੇਵਰ ਨੂੰ ਬਿਨਾ ਕਿਸੇ ਚਾਰਜ ਜਾਂ ਵਕੀਲ ਤੱਕ ਪਹੁੰਚ ਦੇ ਬਿਨਾ ਹੀ ਕੈਦ ਕਰਕੇ ਰੱਖਿਆ ਗਿਆ ਹੈ। ਉਨ੍ਹਾਂ ਤੱਕ ਕੈਨੇਡੀਅਨ ਕਾਉਂਸਲਰ ਦੇ ਦੌਰੇ ਨੂੰ ਵੀ ਮਹੀਨੇ ਵਿੱਚ ਇੱਕ ਵਾਰੀ ਇਜਾਜ਼ਤ ਦਿੱਤੀ ਗਈ ਹੈ ਜਦਕਿ ਮੈਂਗ ਨੂੰ ਜ਼ਮਾਨਤ ਉੱਤੇ ਰਿਹਾਅ ਕੀਤਾ ਜਾ ਚੁੱਕਿਆ ਹੈ ਤੇ ਉਹ ਵੈਨਕੂਵਰ ਵਿਚਲੇ ਆਪਣੇ ਬੰਗਲੇ ਵਿੱਚ ਰਹਿ ਰਹੀ ਹੈ। ਮੈਂਗ ਦੇ ਵਕੀਲਾਂ ਨੇ ਐਤਵਾਰ ਨੂੰ ਆਖਿਆ ਕਿ ਉਹ ਕੈਨੇਡੀਅਨ ਸਰਕਾਰ ਖਿਲਾਫ ਸਿਵਲ ਮੁਕੱਦਮਾ ਦਰਜ ਕਰਵਾਉਣਗੇ।