ਈਰਾਨ ਵੱਲੋਂ ਵੀ ਪਾਕਿ ਨੂੰ ਸਰਜੀਕਲ ਸਟ੍ਰਾਈਕ` ਦੀ ਚਿਤਾਵਨੀ

Global News

ਬਗਦਾਦ, 4 ਮਾਰਚ (ਪੋਸਟ ਬਿਊਰੋ)- ਭਾਰਤ ਤੋਂ ਪਿੱਛੋਂ ਈਰਾਨ ਸਰਕਾਰ ਦੇ ਨੇਤਾਵਾਂ ਤੇ ਈਰਾਨੀ ਫੌਜ ਨੇ ਪਾਕਿਸਤਾਨ ਵਿੱਚੋਂ ਚੱਲਦੇ ਅੱਤਵਾਦੀ ਗਰੁੱਪਾਂ ਦੇ ਖਿਲਾਫ ਕਾਰਵਾਈ ਦੀ ਚਿਤਾਵਨੀ ਦਿੱਤੀ ਹੈ, ਕਿਉਂਕਿ ਪਾਕਿਸਤਾਨ ਇਹ ਕਰਨ ਦੇ ਸਮਰੱਥ ਨਹੀਂ ਹੈ। ਪਾਕਿਸਤਾਨ ਦੇ ਬਾਲਾਘਾਟ ਵਿੱਚ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਕੈਂਪ ਉੱਤੇ ਭਾਰਤੀ ਹਵਾਈ ਫੌਜ ਨੇ 26 ਫਰਵਰੀ ਨੂੰ ਏਅਰ ਸਟ੍ਰਾਈਕ ਕੀਤੀ ਸੀ। ਇਸ ਪਿੱਛੋਂ ਈਰਾਨ ਨੇ ਵੀ ਪਾਕਿਸਤਾਨ `ਤੇ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਕਈ ਵਾਰ ਕੌਮਾਂਤਰੀ ਮੰਚਾਂ `ਤੇ ਆਖ ਚੁੱਕੇ ਹਨ ਕਿ ਪਾਕਿਸਤਾਨ ਅੱਤਵਾਦੀਆਂ ਦੀ ਠਾਹਰ ਬਣਿਆ ਹੋਇਆ ਹੈ।

ਤਾਜ਼ਾ ਖਬਰਾਂ ਮੁਤਾਬਕ ਆਈ ਆਰ ਜੀ ਸੀ ਕੁਰਦ ਫੌਜ ਦੇ ਮੁਖੀ ਜਨਰਲ ਕਾਸਿਮ ਸੋਲੇਮਾਨੀ ਨੇ ਪਾਕਿਸਤਾਨ ਸਰਕਾਰ ਅਤੇ ਉਸ ਦੀ ਫੌਜੀ ਕਮਾਂਡ ਨੂੰ ਸਖ਼ਤ ਸ਼ਬਦਾਂ ਨਾਲ ਕਿਹਾ ਹੈ ਕਿ ਮੈਂ ਪਾਕਿਸਤਾਨ ਸਰਕਾਰ ਨੂੰ ਸਵਾਲ ਕਰਨਾ ਚਾਹੁੰਦਾ ਹਾਂ ਕਿ ਤੁਸੀਂ ਕਿਸ ਪਾਸੇ ਜਾ ਰਹੇ ਹੋ। ਸਾਰੇ ਗੁਆਂਢੀ ਦੇਸ਼ਾਂ ਦੀ ਸਰਹੱਦ ਉੱਤੇ ਤੁਸੀਂ ਗੜਬੜ ਫੈਲਾਈ ਹੋਈ ਹੈ। ਕੀ ਤੁਹਾਡਾ ਕੋਈ ਅਜਿਹਾ ਗੁਆਂਢੀ ਬਚਿਆ ਹੈ ਜਿਥੇ ਤੁਸੀਂ ਅਸੁਰੱਖਿਆ ਫੈਲਾਉਣਾ ਚਾਹੁੰਦੇ ਹੋ। ਤੁਹਾਡੇ ਕੋਲ ਤਾਂ ਐਟਮੀ ਬੰਬ ਹਨ, ਪਰ ਤੁਸੀਂ ਇਸ ਖੇਤਰ ਵਿਚ ਇਕ ਅੱਤਵਾਦੀ ਗਰੁੱਪ ਨੂੰ ਖਤਮ ਨਹੀਂ ਕਰ ਸਕੇ, ਜਿਸ ਦੇ ਮੈਂਬਰਾਂ ਦੀ ਗਿਣਤੀ ਸੈਂਕੜਿਆਂ ਵਿਚ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨੂੰ ਈਰਾਨ ਦੇ ਸਬਰ ਦੀ ਪਰਖ ਨਹੀਂ ਕਰਨੀ ਚਾਹੀਦੀ।

ਵਰਨਣ ਯੋਗ ਹੈ ਕਿ 13 ਫਰਵਰੀ ਨੂੰ ਪਾਕਿਸਤਾਨ ਨਾਲ ਲੱਗਦੀ ਈਰਾਨ ਦੇ ਸਿਸਤਾਨ ਬਲੋਚਿਸਤਾਨ ਸਰਹੱਦ `ਤੇ ਇਕ ਆਤਮਘਾਤੀ ਹਮਲੇ ਵਿਚ ਈਰਾਨ ਦੀ ਰੈਵੋਲਿਊਸ਼ਨਰੀ ਗਾਰਡ ਦੇ 27 ਜਵਾਨ ਮਾਰੇ ਗਏ ਸਨ। ਈਰਾਨ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਖਿਲਾਫ ਲੜਨ ਲਈ ਪਾਕਿਸਤਾਨ ਆਪਣੇ ਦੇਸ਼ ਵਿਚ ਅੱਤਵਾਦ ਨੂੰ ਪਨਾਹ ਦੇਂਦਾ ਹੈ। ਕੁਰਦ ਫੌਜ ਦੇ ਕਮਾਂਡਰ ਜਨਰਲ ਕਾਸਿਮ ਸੋਲੇਮਾਨੀ ਨੇ ਕਿਹਾ ਹੈ ਕਿ ਜੇ ਪਾਕਿਸਤਾਨ ਨੇ ਆਪਣੀ ਜ਼ਮੀਨ `ਤੇ ਪਲ ਰਹੇ ਅੱਤਵਾਦ ਨੂੰ ਖਤਮ ਨਾ ਕੀਤਾ ਤਾਂ ਉਨ੍ਹਾਂ ਨੂੰ ਗੰਭੀਰ ਸਿੱਟੇ ਭੁਗਤਣੇ ਪੈ ਸਕਦੇ ਹਨ। ਅਸਲ ਵਿੱਚ ਈਰਾਨ ਤੇ ਭਾਰਤ ਅੱਤਵਾਦ ਦੇ ਮੁੱਦੇ `ਤੇ ਇਕੋ ਕਿਸ਼ਤੀ ਵਿਚ ਸਵਾਰ ਹੈ। ਪਾਕਿਸਤਾਨ ਵਿਚ ਪਲਦੇ ਅੱਤਵਾਦੀ ਭਾਰਤ ਅਤੇ ਈਰਾਨ ਦੇ ਨਾਲ ਕਈ ਹੋਰ ਦੇਸ਼ਾਂ ਵਿਚ ਵੀ ਹਮਲੇ ਕਰ ਰਹੇ ਹਨ। ਈਰਾਨ ਅਤੇ ਭਾਰਤ ਵਿਚਾਲੇ ਬੀਤੇ ਕੁਝ ਸਮੇਂ ਵਿਚ ਸਹਿਯੋਗ ਵਧਿਆ ਹੈ। ਅਜਿਹੇ ਵਿਚ ਅੱਤਵਾਦ ਦੇ ਮੁੱਦੇ `ਤੇ ਈਰਾਨ ਭਾਰਤ ਦੇ ਨਾਲ ਖੜ੍ਹਾ ਨਜ਼ਰ ਆ ਰਿਹਾ ਹੈ।