ਚੀਨ ਵਿੱਚ ਟਰੇਨਾਂ ਬਿਨਾਂ ਡਰਾਈਵਰ ਤੋਂ ਦੌੜਨਗੀਆਂ

Global News

ਬੀਜਿੰਗ, 4 ਮਾਰਚ (ਪੋਸਟ ਬਿਊਰੋ)- ਚੀਨ ਦੀ ਸਾਲ 2020 ਤੱਕ 200 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਦੌੜਨ ਵਾਲੀ ਨਵੀਂ ਪੀੜ੍ਹੀ ਦੀ ‘ਮੈਗਲੇਵ ਟਰੇਨ` ਚਲਾਉਣ ਦੀ ਯੋਜਨਾ ਹੈ। ਇਹ ਟਰੇਨਾਂ ਬਿਨਾਂ ਡਰਾਈਵਰ ਦੌੜਨਗੀਆਂ। ਮੈਗਨੈਟਿਕ ਲੇਵੀਟੇਸ਼ਨ (ਮੈਗਲੇਵ) ਟਰੇਨਾਂ 600 ਕਿਲੋਮੀਟਰ ਪ੍ਰਤੀ ਘੰਟਾ ਗਤੀ ਨਾਲ ਚੱਲਣ ਵਿਚ ਸਮਰੱਥ ਹਨ। ਇਹ ਜ਼ਮੀਨ ਤੋਂ ਕਰੀਬ 10 ਸੈਂਟੀਮੀਟਰ ਉੱਚੀਆਂ ਚੱਲਦੀਆਂ ਹਨ। ਮੈਗਲੇਵ ਅਜਿਹੀ ਸਸਪੈਨਸ਼ਨ ਵਿਧੀ ਹੈ, ਜਿਸ ਦੇ ਵਿਚ ਟਰੇਨ ਨੂੰ ਸਰਫੀ ਚੁੰਬਕੀ ਖੇਤਰ ਦੇ ਆਸਰੇ ਨਾਲ ਚਲਾਇਆ ਜਾਂਦਾ ਹੈ।

ਇਸ ਸੰਬੰਧ ਵਿੱਚ ਚੀਨ ਦੀ ਇਕ ਸਰਕਾਰੀ ਸਮਾਚਾਰ ਏਜੰਸੀ ਨੇ ਸੀ ਆਰ ਆਰ ਸੀ ਝੁਝੋਊ ਲੋਕੋਮੋਟਿਵ ਕੰਪਨੀ ਲਿਮੀਟਿਡ ਦੇ ਹਵਾਲੇ ਨਾਲ ਕਿਹਾ ਗਿਆ ਕਿ ਇਕ ਵਾਰ ਇਸ ਦੀ ਆਵਾਜਾਈ ਸ਼ੁਰੂ ਹੋ ਜਾਵੇ ਤਾਂ ਇਹ ਚੀਨ ਦੀ ਵਪਾਰਕ ਵਰਤੋਂ ਲਈ ਸਭ ਤੋਂ ਤੇਜ਼ ਮੈਗਲੇਵ ਟਰੇਨਾਂ ਹੋਣਗੀਆਂ। ਸੀ ਆਰ ਆਰ ਸੀ ਲੋਕੋਮੋਟਿਵ ਮੈਗਲੇਵ ਗੱਡੀ ਨੂੰ ਬਣਾਉਣ ਦੇ ਲਈ ਕੋਸ਼ਿਸ਼ਾਂ ਦੀ ਅਗਵਾਈ ਕਰ ਰਹੀ ਹੈ। ਕੰਪਨੀ ਦੇ ਚੇਅਰਮੈਨ ਝੋਊ ਕਵਿੰਗਹੇ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਟਰੇਨ ਨੂੰ ਤੇਜ਼ ਗਤੀ ਨਾਲ ਚਲਾਉਣ ਵਿਚ ਸਮਰੱਥ ਬਣਾਉਣ ਲਈ ਨਵੀਂ ਤਕਨਾਲੋਜੀ ਦੀ ਵਰਤੋਂ ਕੀਤੀ ਜਾ ਰਹੀ ਹੈ। ਝੋਊ ਨੇ ਕਿਹਾ ਕਿ ਨਵੀਆਂ ਗੱਡੀਆਂ ਸ਼ਹਿਰਾਂ ਵਿਚ ਤੇ ਸ਼ਹਿਰੀ ਆਵਾਜਾਈ ਸਿਸਟਮ ਵਿਚ ਚੱਲਣ ਲਈ ਸਹੀ ਹਨ। ਇਹ ਦੁਨੀਆ ਦੀ ਪਹਿਲੀ ਮੈਗਲੇਵ ਟਰੇਨ ਹੋਵੇਗੀ, ਜੋ 200 ਕਿਲੋਮੀਟਰ ਪ੍ਰਤੀ ਘੰਟਾ ਗਤੀ ਨਾਲ ਦੌੜੇਗੀ। ਵਰਤਮਾਨ ਵਿਚ ਚੀਨ ਕੋਲ ਦੁਨੀਆ ਦਾ ਸਭ ਤੋਂ ਉੱਚ ਗਤੀ ਦਾ ਰੇਲ ਨੈੱਟਵਰਕ ਹੈ।