ਇਮਰਾਨ ਖਾਨ ਨੇ ਨੋਬਲ ਦੇ ਬਹਾਨੇ ਕਸ਼ਮੀਰ ਦਾ ਰਾਗ ਛੇੜਿਆ

Global News

ਇਸਲਾਮਾਬਾਦ, 4 ਮਾਰਚ (ਪੋਸਟ ਬਿਊਰੋ)- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਨੋਬਲ ਸ਼ਾਂਤੀ ਇਨਾਮ ਦੇ ਬਹਾਨੇ ਕਸ਼ਮੀਰ ਦਾ ਰਾਗ ਛੇੜਿਆ ਹੈ। ਨੋਬਲ ਇਨਾਮ ਲਈ ਆਪਣਾ ਨਾਂ ਭੇਜੇ ਜਾਣ ਦੇ ਮਤੇ ਉੱਤੇ ਇਮਰਾਨ ਦਾ ਕਹਿਣਾ ਹੈ ਕਿ ਉਹ ਇਸ ਦੇ ਕਾਬਲ ਨਹੀਂ, ਇਹ ਇਨਾਮ ਉਸ ਨੂੰ ਮਿਲਣਾ ਚਾਹੀਦਾ ਹੈ, ਜਿਹੜਾ ਕਸ਼ਮੀਰ ਦੇ ਲੋਕਾਂ ਦੀ ਇੱਛਾ ਮੁਤਾਬਕ ਇਸ ਸਮੱਸਿਆ ਦਾ ਹੱਲ ਕਰੇਗਾ ਤੇ ਸ਼ਾਂਤੀ ਕਾਇਮ ਕਰੇਗਾ।

ਭਾਰਤ ਦੇ ਕੂਟਨੀਤਕ ਯਤਨਾਂ ਅਤੇ ਕੌਮਾਂਤਰੀ ਦਬਾਅ ਕਾਰਨ ਇਮਰਾਨ ਖਾਨ ਨੇ ਭਾਰਤੀ ਹਵਾਈ ਫ਼ੌਜ ਦੇ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਨੂੰ ਤਿੰਨ ਦਿਨਾਂ ਅੰਦਰ ਭਾਰਤ ਨੂੰ ਸੌਂਪ ਦਿੱਤਾ ਸੀ। ਇਮਰਾਨ ਖਾਨ ਤੇ ਉਨ੍ਹਾਂ ਦੇ ਸਮਰਥਕ ਇਸ ਕਦਮ ਨੂੰ ਉਨ੍ਹਾਂ ਦੀ ਚੰਗਿਆਈ ਦਾ ਸਬੂਤ ਸਾਬਤ ਕਰਨ ਲੱਗੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਮਰਾਨ ਨੇ ਸ਼ਾਂਤੀ ਬਹਾਲੀ ਲਈ ਇਹ ਕਦਮ ਚੁੱਕਿਆ ਹੈ। ਇਸੇ ਨੂੰ ਆਧਾਰ ਬਣਾ ਕੇ ਪਾਕਿਸਤਾਨ ਦੀ ਪਾਰਲੀਮੈਂਟ ਵਿੱਚ ਦੋ ਮਾਰਚ ਨੂੰ ਮਤਾ ਲਿਆਂਦਾ ਗਿਆ ਸੀ ਕਿ ਇਮਰਾਨ ਨੇ ਬਹੁਤ ਜ਼ਿੰਮੇਵਾਰੀ ਨਾਲ ਕਦਮ ਉਠਾਇਆ ਹੈ ਤੇ ਉਹ ਨੋਬਲ ਸ਼ਾਂਤੀ ਪੁਰਸਕਾਰ ਦੇ ਹੱਕਦਾਰ ਹਨ। ਇਮਰਾਨ ਖਾਨ ਨੇ ਇਸ ਮਤੇ ਦੇ ਬਹਾਨੇ ਕਸ਼ਮੀਰ ਦਾ ਰਾਗ ਅਲਾਪਣ ਦੀ ਕੋਸ਼ਿਸ਼ ਕੀਤੀ ਹੈ।

ਵਰਨਣ ਯੋਗ ਹੈ ਕਿ ਪੁਲਵਾਮਾ ਵਿੱਚ 14 ਫਰਵਰੀ ਨੂੰ ਸੀ ਆਰ ਪੀ ਐੱਫ ਦੇ ਕਾਫ਼ਲੇ `ਤੇ ਹੋਏ ਅੱਤਵਾਦੀ ਹਮਲੇ ਦਾ ਬਦਲਾ ਲੈਂਦਿਆਂ ਭਾਰਤ ਨੇ 26 ਫਰਵਰੀ ਨੂੰ ਪਾਕਿਸਤਾਨ ਵਿੱਚ ਜਾ ਕੇ ਬਾਲਾਕੋਟ ਵਿੱਚ ਜੈਸ਼-ਏ-ਮੁਹੰਮਦ ਦੇ ਟ੍ਰੇਨਿੰਗ ਕੈਂਪ ਨੂੰ ਤਬਾਹ ਕਰ ਦਿੱਤਾ ਸੀ। ਇਸ ਦੇ ਅਗਲੇ ਦਿਨ ਪਾਕਿਸਤਾਨ ਨੇ ਐੱਫ-16 ਜਹਾਜ਼ਾਂ ਨਾਲ ਭਾਰਤੀ ਸਰਹੱਦ ਵਿੱਚ ਵੜਨ ਦੀ ਕੋਸ਼ਿਸ਼ ਕੀਤੀ। ਪਾਕਿਸਤਾਨੀ ਜੰਗੀ ਜਹਾਜ਼ਾਂ ਨੂੰ ਖਦੇੜਨ ਦੀ ਪ੍ਰਕਿਰਿਆ ਵਿੱਚ ਇਕ ਐੱਫ-16 ਜਹਾਜ਼ ਡੇਗਣ ਵਾਲੇ ਭਾਰਤੀ ਹਵਾਈ ਫ਼ੌਜ ਦੇ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਨੂੰ ਆਪਣੇ ਮਿਗ-21 ਤੋਂ ਇਜੈਕਟ ਹੋਣਾ ਪਿਆ ਸੀ ਅਤੇ ਇਜੈਕਟ ਹੋ ਕੇ ਉਹ ਪਾਕਿਸਤਾਨ ਦੀ ਸਰਹੱਦ `ਚ ਪਹੁੰਚ ਗਏ ਸਨ।