ਕਿਸੇ ਦੇਸ਼ ਨਾਲੋਂ ਸੰਬੰਧ ਤੋੜਨਾ ਸਾਡੇ ਘੇਰੇ ਵਿੱਚ ਨਹੀਂ : ਆਈ ਸੀ ਸੀ

Global News

ਦੁਬਈ, 4 ਮਾਰਚ (ਪੋਸਟ ਬਿਊਰੋ)- ਕੌਮਾਂਤਰੀ ਕ੍ਰਿਕਟ ਕੌਂਸਲ (ਆਈ ਸੀ ਸੀ) ਨੇ ਅੱਤਵਾਦ ਪੈਦਾ ਕਰਨ ਵਾਲੇ ਦੇਸ਼ਾਂ ਨਾਲ ਸੰਬੰਧ ਤੋੜਨ ਦੀ ਬੀ ਸੀ ਸੀ ਆਈ (ਭਾਰਤੀ ਕ੍ਰਿਕਟ ਕੰਟਰੋਲ ਬੋਰਡ) ਦੀ ਬੇਨਤੀ ਠੁਕਰਾਉਂਦੇ ਹੋਏ ਕਿਹਾ ਹੈ ਕਿ ਇਸ ਤਰ੍ਹਾਂ ਦੇ ਮਾਮਲਿਆਂ ਵਿੱਚ ਆਈ ਸੀ ਸੀ ਦੀ ਕੋਈ ਭੂਮਿਕਾ ਨਹੀਂ ਹੈ। 

ਪੁਲਵਾਮਾ ਅੱਤਵਾਦੀ ਹਮਲੇ ਵਿੱਚ ਸੀ ਆਰ ਪੀ ਐੱਫ ਦੇ ਚਾਲੀ ਜਵਾਨਾਂ ਦੀ ਮੌਤ ਤੋਂ ਬਾਅਦ ਬੀ ਸੀ ਸੀ ਆਈ ਨੇ ਆਈ ਸੀ ਸੀ ਨੂੰ ਚਿੱਠੀ ਲਿਖ ਕੇ ਵਿਸ਼ਵ ਪੱਧਰੀ ਤੇ ਉਸ ਦੇ ਮੈਂਬਰ ਦੇਸ਼ਾਂ ਨੂੰ ਅੱਤਵਾਦੀਆਂ ਨੂੰ ਪਨਾਹ ਦੇਣ ਵਾਲੇ ਦੇਸ਼ਾਂ ਨਾਲੋਂ ਸੰਬੰਧ ਤੋੜਨ ਦੀ ਅਪੀਲ ਕੀਤੀ ਸੀ। ਬੀ ਸੀ ਸੀ ਆਈ ਦੇ ਅਧਿਕਾਰੀ ਨੇ ਨਾਂਅ ਛਾਪਣ ਦੀ ਸ਼ਰਤ 'ਤੇ ਦੱਸਿਆ, ਅਜਿਹੀ ਕੋਈ ਸੰਭਾਵਨਾ ਨਹੀਂ ਸੀ ਕਿ ਇਹੋ ਜਿਹੀ ਚੀਜ਼ ਹੁੰਦੀ ਹੈ। ਆਈ ਸੀ ਸੀ ਦੇ ਚੇਅਰਮੈਨ ਨੇ ਸਾਫ ਕਰ ਦਿੱਤਾ ਕਿ ਕਿਸੇ ਵੀ ਦੇਸ਼ ਦਾ ਬਾਈਕਾਟ ਕਰਨ ਦਾ ਫੈਸਲਾ ਸਰਕਾਰੀ ਪੱਧਰ 'ਤੇ ਹੋਣਾ ਚਾਹੀਦਾ ਹੈ ਅਤੇ ਆਈ ਸੀ ਸੀ ਦਾ ਅਜਿਹਾ ਕੋਈ ਨਿਯਮ ਨਹੀਂ ਹੈ। ਬੀ ਸੀ ਸੀ ਸੀ ਆਈ ਨੂੰ ਇਹ ਪਤਾ ਸੀ, ਇਸ ਦੇ ਬਾਵਜੂਦ ਉਸ ਨੇ ਕੋਸ਼ਿਸ਼ ਕਰ ਕੇ ਦੇਖੀ।

ਭਾਰਤੀ ਕ੍ਰਿਕਟ ਟੀਮ ਨੇ ਅਗਲੇ ਵਿਸ਼ਵ ਕੱਪ ਦੌਰਾਨ 16 ਜੂਨ ਨੂੰ ਪਾਕਿਸਤਾਨ ਨਾਲ ਭਿੜਨਾ ਹੈ। ਪੁਲਵਾਮਾ ਹਮਲੇ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਸਿਆਸੀ ਤਣਾਅ ਕਾਰਨ ਇਸ ਮੈਚ ਦੇ ਬਾਈਕਾਟ ਦੀ ਮੰਗ ਕੀਤੀ ਜਾ ਰਹੀ ਹੈ। ਭਾਰਤੀ ਕ੍ਰਿਕਟ ਦੇ ਕੁਝ ਵੱਡੇ ਨਾਵਾਂ ਨੇ ਇਹ ਮੰਗ ਕੀਤੀ ਹੈ, ਜਿਨ੍ਹਾਂ ਵਿੱਚ ਹਰਭਜਨ ਸਿੰਘ ਅਤੇ ਸੌਰਭ ਗਾਂਗੁਲੀ ਵੀ ਸ਼ਾਮਲ ਹਨ। ਭਾਰਤੀ ਕ੍ਰਿਕਟ ਦਾ ਕੰਟਰੋਲ ਕਰਦੀ ਅਧਿਕਾਰੀਆਂ ਦੀ ਕਮੇਟੀ ਨੇ ਅਜੇ ਤੱਕ ਇਸ ਮਾਮਲੇ ਵਿੱਚ ਕੋਈ ਫੈਸਲਾ ਨਾ ਕਰਦੇ ਹੋਏ ਕਿਹਾ ਕਿ ਉਹ ਸਰਕਾਰ ਦਾ ਨਜ਼ਰੀਆ ਜਾਨਣਗੇ। ਕੌਮਾਂਤਰੀ ਕ੍ਰਿਕਟ ਕੌਂਸਲ (ਆਈ ਸੀ ਸੀ) ਨੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ ਸੀ ਸੀ ਆਈ) ਨੂੰ ਭਰੋਸਾ ਦਿੱਤਾ ਹੈ ਕਿ ਇਸ ਸਾਲ ਇੰਗਲੈਂਡ ਵਿੱਚ ਹੋਣ ਵਾਲੇ ਵਿਸ਼ਵ ਕੱਪ ਦੌਰਾਨ ਸਖਤ ਸੁਰੱਖਿਆ ਪ੍ਰਬੰਧ ਕੀਤੇ ਜਾਣਗੇ। ਆਈ ਸੀ ਸੀ ਬੋਰਡ ਦੀ ਇਥੇ ਹੋਈ ਮੀਟਿੰਗ ਦੌਰਾਨ ਬੀ ਸੀ ਸੀ ਸੀ ਆਈ ਨੂੰ ਇਹ ਭਰੋਸਾ ਦਿੱਤਾ ਗਿਆ। ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ ਵਧਣ 'ਤੇ ਬੀ ਸੀ ਸੀ ਆਈ ਨੇ ਵੱਡੇ ਆਯੋਜਨ ਵਿੱਚ ਹਿੱਸਾ ਲੈਣ ਵਾਲੇ ਖਿਡਾਰੀਆਂ ਤੇ ਮੈਚ ਅਧਿਕਾਰੀਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਪ੍ਰਗਟਾਈ ਸੀ।