ਵਿਰੋਧੀ ਪਾਰਟੀ ਦਾ ਫੈਸਲਾ: ਸ਼ਹਾਦਤ ਨੂੰ ਚੋਣ ਹਥਿਆਰ ਨਹੀਂ ਬਣਨ ਦਿੱਤਾ ਜਾਵੇਗਾ

Global News

ਨਵੀਂ ਦਿੱਲੀ, 4 ਮਾਰਚ (ਪੋਸਟ ਬਿਊਰੋ)- ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਲੋਕ ਸਭਾ ਚੋਣਾਂ ਨੂੰ ਰਾਸ਼ਟਰਵਾਦ ਦੀ ਪਿੱਚ 'ਤੇ ਲਿਜਾਣ ਦੀ ਭਾਜਪਾ ਦੀ ਰਣਨੀਤੀ ਨੂੰ ਰੋਕਣ ਲਈ ਵਿਰੋਧੀ ਪਾਰਟੀਆਂ ਨੇ ਸਾਂਝੀ ਰਣਨੀਤੀ ਬਣਾਉਣ ਦੇ ਸੰਕੇਤ ਦਿੱਤੇ ਹਨ। ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦੇ ਐਲਾਨ ਪਿੱਛੋਂ ਵਿਰੋਧੀ ਧਿਰਾਂ ਖੁੱਲ੍ਹੇ ਤੌਰ 'ਤੇ ਭਾਜਪਾ ਤੇ ਸਰਕਾਰ ਦੇ ਇਸ ਸਿਆਸੀ ਦਾਅ ਨੂੰ ਰੋਕਣ ਦੀ ਕੋਸ਼ਿਸ਼ ਕਰਨਗੀਆਂ। ਉਨ੍ਹਾਂ ਵੱਲੋਂ ਭਾਜਪਾ ਨੂੰ ਛੇਤੀ ਹੋਣ ਵਾਲੀ ਅਗਲੀ ਬੈਠਕ 'ਚ ਸੈਨਿਕਾਂ ਦੀ ਸ਼ਹਾਦਤ ਨੂੰ ਚੋਣ ਫਾਇਦੇ ਲਈ ਵਰਤਣ ਖਿਲਾਫ ਸੱਤਾ ਧਿਰ ਨੂੰ ਚਿਤਾਵਨੀ ਦਿੱਤੀ ਜਾਵੇਗੀ।

ਵਿਰੋਧੀ ਧਿਰ ਦੀਆਂ ਪਾਰਟੀਆਂ ਦਾ ਮੰਨਣਾ ਹੈ ਕਿ ਪਾਕਿਸਤਾਨ ਖਿਲਾਫ ਫੌਜੀ ਕਾਰਵਾਈ ਨੂੰ ਸਰਕਾਰ ਤੇ ਭਾਜਪਾ ਚੋਣਾਂ 'ਚ ਸਿਆਸੀ ਹਥਿਆਰ ਬਣਾਉਣ ਦੀ ਤਿਆਰੀ 'ਚ ਹਨ। ਸੱਤਾ ਧਿਰ ਦੀ ਇਹ ਰਣਨੀਤੀ ਜ਼ਾਹਿਰ ਤੌਰ 'ਤੇ ਵਿਰੋਧੀ ਧਿਰ ਦੀ ਚੋਣਾਂ ਬਾਰੇ ਚਿੰਤਾ ਨੂੰ ਵਧਾਉਣ ਵਾਲੀ ਹੈ। ਇਸ ਲਈ ਵਿਰੋਧੀ ਧਿਰ ਨੂੰ ਇਸ 'ਤੇ ਸਾਂਝੀ ਰਣਨੀਤੀ ਦੀ ਜ਼ਿਆਦਾ ਜ਼ਰੂਰਤ ਮਹਿਸੂਸ ਹੋ ਰਹੀ ਹੈ। ਜਾਣਕਾਰ ਸੂਤਰਾਂ ਨੇ ਦੱਸਿਆ ਕਿ ਬੀਤੇ ਦੋ ਦਿਨ ਦੌਰਾਨ ਵਿਰੋਧੀ ਧਿਰ ਦੇ ਕਈ ਸੀਨੀਅਰ ਆਗੂਆਂ ਦੀ ਇਸ ਮਸਲੇ 'ਤੇ ਗੈਰ ਰਸਮੀ ਗੱਲਬਾਤ ਹੋਈ ਹੈ। ਟੀ ਡੀ ਪੀ ਨੇਤਾ ਚੰਦਰਬਾਬੂ ਨਾਇਡੂ ਨੇ ਇਸ ਸਿਲਸਿਲੇ 'ਚ ਕਾਂਗਰਸ ਲੀਡਰਸ਼ਿਪ ਤੋਂ ਇਲਾਵਾ ਐਨ ਸੀ ਪੀ ਨੇਤਾ ਸ਼ਰਦ ਪਵਾਰ, ਸਟਾਲਿਨ, ਮਮਤਾ ਬੈਨਰਜੀ, ਫਾਰੂਖ ਅਬਦੁੱਲਾ ਤੋਂ ਇਲਾਵਾ ਖੱਬੇ ਪੱਖੀ ਆਗੂਆਂ ਨਾਲ ਵਿਸ਼ੇਸ਼ ਚਰਚਾ ਕੀਤੀ ਹੈ। ਵਿਰੋਧੀ ਧਿਰ ਦੇ ਆਗੂਆਂ ਦੀ ਰਾਏ ਸੀ ਕਿ ਅੱਤਵਾਦ 'ਤੇ ਪਾਕਿਸਤਾਨ ਖਿਲਾਫ ਜੰਗ 'ਚ ਸਾਰੀਆਂ ਪਾਰਟੀਆਂ ਸਰਕਾਰ ਦੇ ਨਾਲ ਹਨ, ਪਰ ਸਰਕਾਰ ਤੇ ਭਾਜਪਾ ਵਿਰੋਧੀ ਦਲਾਂ ਦੇ ਉਚਿਤ ਸਵਾਲਾਂ ਨੂੰ ਦੇਸ਼ ਵਿਰੋਧ ਦੇ ਰੂਪ 'ਚ ਪ੍ਰਚਾਰਤ ਕਰਨ ਦਾ ਯਤਨ ਕਰਦੀ ਹੈ। ਇਸ ਲਈ ਵਿਰੋਧੀ ਦਲਾਂ ਨੂੰ ਇਕੱਠੇ ਹੋ ਕੇ ਸਰਕਾਰ ਦੇ ਇਸ ਮਾੜੇ ਪ੍ਰਚਾਰ ਨੂੰ ਰੋਕਣਾ ਪਵੇਗਾ। ਸੂਤਰਾਂ ਨੇ ਦੱਸਿਆ ਕਿ ਇਸ ਹੇਠ ਸਿਖਰਲੇ ਵਿਰੋਧੀ ਆਗੂਆਂ ਵੱਲੋਂ ਦੇਸ਼ ਦੀ ਜਨਤਾ ਦੇ ਨਾਂ ਇਕ ਸਾਂਝੀ ਅਪੀਲ ਵੀ ਜਾਰੀ ਕੀਤੀ ਜਾ ਸਕਦੀ ਹੈ।

ਇਨ੍ਹਾਂ ਪਾਰਟੀਆਂ ਦੇ ਨੇੜ ਵਾਲੇ ਸੂਤਰਾਂ ਨੇ ਦੱਸਿਆ ਕਿ ਵਿਰੋਧੀ ਧਿਰ ਦੇ ਆਗੂਆਂ 'ਚ ਆਮ ਰਾਇ ਹੈ ਕਿ ਅਗਲੀ ਬੈਠਕ 'ਚ ਸੈਨਾਵਾਂ ਦੀ ਬਹਾਦਰੀ ਨੂੰ ਚੋਣ ਲਾਭ ਲਈ ਵਰਤਣ ਤੋਂ ਰੋਕਣ 'ਤੇ ਚਰਚਾ ਕਰਕੇ ਸਾਂਝੀ ਰਣਨੀਤੀ ਤੈਅ ਕੀਤੀ ਜਾਵੇਗੀ। ਚੋਣ ਕਮਿਸ਼ਨਰ ਇਸੇ ਹਫਤੇ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰਨ ਦੀ ਤਿਆਰੀ 'ਚ ਹੈ। ਇਸ ਦੇ ਚੋਣ ਪ੍ਰੋਗਰਾਮ ਤੋਂ ਬਾਅਦ ਇਸ ਬਾਰੇ ਵਿਰੋਧੀ ਪਾਰਟੀਆਂ ਦੀ ਰਣਨੀਤੀ ਤੋਂ ਸਾਫ ਹੈ ਕਿ ਸੈਨਿਕਾਂ ਦੀ ਸ਼ਹਾਦਤ ਦੇ ਮਸਲੇ 'ਤੇ ਉਹ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਬੋਲਣਾ ਚਾਹੁੰਦੀਆਂ ਹਨ। 
ਇਸ ਤੋਂ ਪਹਿਲਾਂ 21 ਵਿਰੋਧੀ ਦਲਾਂ ਦੀ 27 ਫਰਵਰੀ ਨੂੰ ਹੋਈ ਬੈਠਕ 'ਚ ਹੀ ਸੈਨਿਕਾਂ ਦੀ ਸ਼ਹਾਦਤ ਦੇ ਸਿਆਸੀ ਇਸਤੇਮਾਲ 'ਤੇ ਚਿੰਤਾ ਪ੍ਰਗਟ ਕਰਦੇ ਹੋਏ ਸਰਕਾਰ ਨੂੰ ਇਸ ਤੋਂ ਬਾਜ਼ ਆਉਣ ਦੀ ਸਲਾਹ ਦਿੱਤੀ ਗਈ ਸੀ। ਵਿਰੋਧੀ ਦਲਾਂ ਦੀ ਇਸ ਸਲਾਹ ਮਗਰੋਂ ਵੀ ਹਾਕਮ ਪਾਰਟੀ ਨੇ ਪੁਲਵਾਮਾ ਹਮਲੇ ਤੋਂ ਬਾਅਦ ਸਰਕਾਰ ਦੇ ਪਾਕਿਸਤਾਨ ਖਿਲਾਫ ਸਾਹਸੀ ਫੈਸਲੇ ਨੂੰ ਚੋਣ ਮੁੱਦਾ ਬਣਾਉਣ ਤੋਂ ਗੁਰੇਜ਼ ਨਹੀਂ ਕੀਤਾ। ਭਾਜਪਾ ਦੇ ਸੀਨੀਅਰ ਆਗੂ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਯੇਦੀਯੁਰੱਪਾ ਨੇ ਬਾਲਾਕੋਟ ਵਿੱਚ ਹਵਾਈ ਫੌਜ ਦੇ ਹਮਲੇ ਤੋਂ ਬਾਅਦ ਸੂਬੇ 'ਚ ਭਾਜਪਾ ਦੇ 22 ਸੀਟਾਂ ਜਿੱਤਣ ਦਾ ਦਾਅਵਾ ਕਰ ਦਿੱਤਾ। ਕਈ ਰਾਜਾਂ ਤੋਂ ਭਾਜਪਾ ਆਗੂਆਂ ਦੇ ਚੋਣ ਪੋਸਟਰ 'ਚ ਸੈਨਿਕਾਂ ਦੀਆਂ ਤਸਵੀਰਾਂ ਲਾਈਆਂ ਜਾ ਰਹੀਆਂ ਹਨ। ਦਿੱਲੀ ਦੇ ਭਾਜਪਾ ਪ੍ਰਧਾਨ ਮਨੋਜ ਤਿਵਾੜੀ ਨੇ ਕੱਲ੍ਹ ਫੌਜੀ ਵਰਦੀ ਪਾ ਕੇ ਸਿਆਸਤ ਚਮਕਾਉਣ ਤੋਂ ਪਰਹੇਜ਼ ਨਹੀਂ ਕੀਤਾ।