ਜੈਸ਼ ਦੇ ਗਜ਼ਵਾ-ਏ-ਹਿੰਦ' ਕਾਰਨ ਭਾਰਤ-ਪਾਕਿ 'ਚ ਦੋ ਵਾਰ ਜੰਗ ਹੁੰਦੀ ਮਸਾਂ ਬਚੀ ਸੀ

Global News

ਨਵੀਂ ਦਿੱਲੀ, 4 ਮਾਰਚ (ਪੋਸਟ ਬਿਊਰੋ)- ਪਾਕਿਸਤਾਨ ਦੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ‘ਗਜ਼ਵਾ-ਏ-ਹਿੰਦ' ਦੇ ਅੱਤਵਾਦੀ ਹਮਲਿਆਂ ਨੇ ਇਸ ਨੂੰ ਸਭ ਤੋਂ ਘਾਤਕ ਅੱਤਵਾਦੀ ਸੰਗਠਨਾਂ ਵਿੱਚ ਸ਼ਾਮਲ ਕਰ ਦਿੱਤਾ ਹੈ ਤੇ ਪਿਛਲੇ ਦੋ ਦਹਾਕਿਆਂ ਵਿੱਚ ਇਸ ਦੇ ਹਮਲਿਆਂ ਕਾਰਨ ਭਾਰਤ-ਪਾਕਿਸਤਾਨ ਦੋ ਵਾਰ ਜੰਗ ਕੰਢੇ 'ਤੇ ਪੁੱਜ ਚੁੱਕੇ ਹਨ।

ਬੀਤੇ 20 ਸਾਲਾਂ ਵਿੱਚ ਜੈਸ਼ ਦੇ ਸਭ ਤੋਂ ਘਾਤਕ ਹਮਲਿਆਂ ਵਿੱਚ ਪਠਾਨਕੋਟ 'ਚ ਹਵਾਈ ਫੌਜ ਦੇ ਅੱਡੇ, ਉੜੀ ਵਿੱਚ ਸੈਨਿਕ ਬ੍ਰਿਗੇਡ ਹੈਡਕੁਆਟਰਜ਼, ਸ੍ਰੀਨਗਰ ਵਿੱਚ ਬਦਾਮੀਬਾਗ ਛਾਉਣੀ ਅਤੇ ਜੰਮੂ ਤੇ ਕਸ਼ਮੀਰ ਵਿਧਾਨ ਸਭਾ 'ਤੇ ਬੰਬ ਸੁੱਟਣ ਵਰਗੇ ਹਮਲੇ ਸ਼ਾਮਲ ਹਨ। ਸਾਲ 2001 ਵਿੱਚ ਜਦੋਂ ਜੈਸ਼ ਨੇ ਭਾਰਤੀ ਪਾਰਲੀਮੈਂਟ ਉੱਤੇ ਹਮਲਾ ਕੀਤਾ ਤਾਂ ਭਾਰਤ ਤੇ ਪਾਕਿਸਤਾਨ ਲਗਭਗ ਜੰਗ ਦੇ ਕਿਨਾਰੇ ਪਹੁੰਚ ਗਏ ਅਤੇ ਫਿਰ ਪੁਲਵਾਮਾ ਵਿੱਚ 14 ਫਰਵਰੀ ਨੂੰ ਸੀ ਆਰ ਪੀ ਐਫ 'ਤੇ ਆਤਮਘਾਤੀ ਹਮਲੇ ਕਾਰਨ ਇਹੀ ਸਥਿਤੀ ਪੈਦਾ ਹੋ ਗਈ ਸੀ। ਇਸ ਹਮਲੇ ਵਿੱਚ 40 ਜਵਾਨ ਮਾਰੇ ਗਏ ਸਨ।

ਅੱਤਵਾਦੀ ਗਰੁੱਪ, ਜਿਸ ਦੇ ਅਲ ਕਾਇਦਾ ਨਾਲ ਨੇੜਲੇ ਸਬੰਧ ਹਨ, ਨੇ 27 ਨਵੰਬਰ 2017 ਨੂੰ ਪਾਕਿਸਤਾਨ ਦੇ ਓਕਾੜਾ ਜ਼ਿਲੇ ਵਿੱਚ ਇਕ ਕਾਨਫਰੰਸ ਵਿੱਚ ਪ੍ਰਣ ਕੀਤਾ ਸੀ ਕਿ ਭਾਰਤ ਪਾਕਿਸਤਾਨ ਦੇ ਸਬੰਧਾਂ ਦਾ ਖਿਆਲ ਨਾ ਕਰਦਿਆਂ ਉਹ ਭਾਰਤ ਖਿਲਾਫ ‘ਗਜ਼ਵਾ-ਏ-ਹਿੰਦ' ਜਾਰੀ ਰੱਖੇਗਾ। ਜੈਸ਼ ਦੇ ਅਲ ਕਾਇਦਾ ਦੇ ਮੁਖੀ ਓਸਾਮਾ ਬਿਨ ਲਾਦੇਨ ਦੇ ਨਾਲ ਨੇੜਲੇ ਸਬੰਧ ਸਨ ਅਤੇ ਇਸ ਦਾ ਗਠਨ 31 ਦਸੰਬਰ 1999 ਨੂੰ ਇੰਡੀਅਨ ਏਅਰਲਾਈਨਜ਼ ਦੀ ਅਗਵਾ ਕੀਤੇ ਜਹਾਜ਼ ਆੀ ਸੀ 814 ਦੇ ਯਾਤਰੀਆਂ ਬਦਲੇ ਸੰਗਠਨ ਦੇ ਮਾਸਟਰ ਮਾਈਂਡ ਮਸੂਦ ਅਜ਼ਹਰ ਦੀ ਰਿਹਾਈ ਪਿੱਛੋਂ ਕੀਤਾ ਗਿਆ ਸੀ। ਇਸ ਸੰਗਠਨ ਨੇ ਜੰਮੂ ਤੇ ਕਸ਼ਮੀਰ ਵਿੱਚ ਕਈ ਅੱਤਵਾਦੀ ਹਮਲੇ ਕੀਤੇ ਹਨ। ਇਸ ਨੇ ਅਪ੍ਰੈਲ 2000 ਵਿੱਚ ਇਕ ਮੋਟਰ ਗੱਡੀ ਵਿੱਚ ਲੱਦੇ ਦੇਸੀ ਬੰਬ ਨਾਲ ਧਮਾਕਾ ਕਰਕੇ 30 ਫੌਜੀ ਮਾਰ ਦਿੱਤੇ ਸਨ। ਜੂਨ 2000 ਵਿੱਚ ਸ੍ਰੀਨਗਰ 'ਚ ਬਟਮੱਲੂ ਵਿਖੇ ਬੱਸ ਅੱਡੇ 'ਤੇ ਤਿੰਨ ਪੁਲਸ ਮੁਲਾਜ਼ਮਾਂ ਨੂੰ ਮਾਰ ਦਿੱਤਾ ਸੀ। ਇਕ ਅਕਤੂਬਰ 2001 ਨੂੰ ਜੰਮੂ ਤੇ ਕਸ਼ਮੀਰ ਵਿਧਾਨ ਸਭਾ ਵਿੱਚ ਬੰਬ ਧਮਾਕਾ ਕੀਤਾ ਗਿਆ, ਜਿਸ ਵਿੱਚ 31 ਵਿਅਕਤੀ ਮਾਰੇ ਗਏ ਤੇ 13 ਦਸੰਬਰ 2001 ਵਿੱਚ ਪਾਰਲੀਮੈਂਟ 'ਤੇ ਹਮਲਾ ਕੀਤਾ ਜਿਸ ਵਿੱਚ 9 ਸੁਰੱਖਿਆ ਮੁਲਾਜ਼ਮ ਮਾਰੇ ਗਏ ਸਨ।