ਪਛਾਣ-ਪੱਤਰ ਵਜੋਂ ਆਧਾਰ ਦੀ ਸਵੈ-ਇਛੁੱਕ ਵਰਤੋਂ ਕਰਨ ਦੇ ਆਰਡੀਨੈਂਸ ਨੂੰ ਮਨਜ਼ੂਰੀ

Global News

ਨਵੀਂ ਦਿੱਲੀ, 4 ਮਾਰਚ (ਪੋਸਟ ਬਿਊਰੋ)- ਰਾਸ਼ਟਰਪਤੀ ਰਾਮਾਥ ਕੋਵਿੰਦ ਨੇ ਮੋਬਾਈਲ ਸਿਮ ਕਾਰਡ ਲੈਣ ਤੇ ਬੈਂਕ ਖਾਤਾ ਖੁੱਲ੍ਹਵਾਉਣ ਵਿੱਚ ਪਛਾਣ ਪੱਤਰ ਵਜੋਂ ਆਧਾਰ ਦੀ ਸਵੈ-ਇਛੁੱਕ ਵਰਤੋਂ ਨੂੰ ਮਾਨਤਾ ਦੇਣ ਵਾਲੇ ਆਰਡੀਨੈਂਸ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਆਰਡੀਨੈਂਸ ਕੱਲ੍ਹ ਜਾਰੀ ਹੋਇਆ ਅਤੇ ਇਸ ਬਾਰੇ ਬਿੱਲ ਲੋਕ ਸਭਾ ਵਿੱਚ ਪਾਸ ਹੋਣ ਤੋਂ ਬਾਅਦ ਰਾਜ ਸਭਾ ਵਿੱਚ ਪਾਸ ਨਹੀਂ ਹੋ ਸਕਿਆ, ਜਿਸ ਕਾਰਨ ਸਰਕਾਰ ਨੂੰ ਇਹ ਆਰਡੀਨੈਂਸ ਲਿਆਉਣਾ ਪਿਆ। 

ਮੰਤਰੀ ਮੰਡਲ ਨੇ ਆਧਾਰ ਅਤੇ ਦੋ ਹੋਰ ਬਿੱਲਾਂ ਵਿੱਚ ਪ੍ਰਸਤਾਵਿਤ ਬਦਲਾਵਾਂ ਨੂੰ ਅਮਲ ਵਿੱਚ ਲਾਗੂ ਕਰਨ ਲਈ ਪਿਛਲੇ ਹਫਤੇ ਆਰਡੀਨੈਂਸ ਲਿਆਉਣ ਨੂੰ ਮਨਜ਼ੂਰੀ ਦਿੱਤੀ ਸੀ। ਸੋਧ ਵਿੱਚ ਆਧਾਰ ਦੀ ਵਰਤੋਂ ਤੇ ਪ੍ਰਾਈਵੇਸੀ ਨਾਲ ਜੁੜੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਅਦਾਰਿਆਂ 'ਤੇ ਇੱਕ ਕਰੋੜ ਰੁਪਏ ਤੱਕ ਦਾ ਆਰਥਿਕ ਜੁਰਮਾਨਾ ਅਤੇ ਪਾਲਣਾ ਨਾ ਕਰਨਾ ਜਾਰੀ ਰੱਖਣ ਦੀ ਹਾਲਤ ਵਿੱਚ ਪ੍ਰਤੀ ਦਿਨ 10 ਲੱਖ ਰੁਪਏ ਦੇ ਵੱਖਰੇ ਜੁਰਮਾਨੇ ਦੀ ਵਿਵਸਥਾ ਹੈ। ਜੇ ਗੈਰ ਕਾਨੂੰਨੀ ਵਰਤੋਂ ਕਰਨ ਵਾਲਾ ਅਦਾਰਾ ਕੋਈ ਕੰਪਨੀ ਹੋਈ ਤਾਂ ਜੁਰਮਾਨਾ ਇੱਕ ਲੱਖ ਰੁਪਏ ਤੱਕ ਹੋ ਸਕਦਾ ਹੈ। ਆਰਡੀਨੈਂਸ ਦੇ ਰਾਹੀਂ ਆਧਾਰ ਕਾਨੂੰਨ ਵਿੱਚ ਇਹ ਬਦਲਾਅ ਵੀ ਕੀਤਾ ਗਿਆ ਹੈ ਕਿ ਕੋਈ ਵੀ ਬੱਚਾ 18 ਸਾਲ ਦਾ ਹੋ ਜਾਣ ਤੋਂ ਬਾਅਦ ਆਧਾਰ ਪ੍ਰੋਗਰਾਮ ਤੋਂ ਬਾਹਰ ਨਿਕਲਣ ਦਾ ਬਦਲ ਚੁਣ ਸਕਦਾ ਹੈ। ਆਰਡੀਨੈਂਸ ਰਾਹੀਂ ਆਧਾਰ ਕਾਨੂੰਨ ਦੀ ਧਾਰਾ 57 ਨੂੰ ਹਟਾ ਦਿੱਤਾ ਗਿਆ ਹੈ। ਇਹ ਧਾਰਾ ਨਿੱਜੀ ਕੰਪਨੀਆਂ, ਇਕਾਈਆਂ ਵੱਲੋਂ ਆਧਾਰ ਦੀ ਵਰਤੋਂ ਨਾਲ ਜੁੜੀ ਹੈ।