ਨਵੇਂ ਨਾਫਟਾ ਲਈ ਕੈਨੇਡਾ ਤੇ ਮੈਕਸਿਕੋ ਇੱਕਜੁੱਟ ਪਰ ਵੈਨੇਜ਼ੁਏਲਾ ਬਾਰੇ ਦੋਵਾਂ ਦੇਸ਼ਾਂ ਦੀ ਰਾਇ ਨਹੀਂ ਮਿਲਦੀ

Global News

ਓਟਵਾ, 1 ਮਾਰਚ (ਪੋਸਟ ਬਿਊਰੋ) : ਕੈਨੇਡਾ ਤੇ ਮੈਕਸਿਕੋ ਉੱਤਰੀ ਅਮਰੀਕਾ ਦੇ ਅਣਸੁਲਝੇ ਟਰੇਡਿੰਗ ਭਵਿੱਖ ਲਈ ਸਾਂਝ ਗੂੜ੍ਹੀ ਕਰਨ ਲਈ ਤਾਂ ਤਿਆਰ ਹਨ ਪਰ ਵੈਨੇਜੁ਼ਏਲਾ ਦੇ ਸਿਆਸੀ ਤੇ ਆਰਥਿਕ ਸੰਕਟ ਨੂੰ ਕਿਸ ਤਰ੍ਹਾਂ ਸੁਲਝਾਇਆ ਜਾਵੇ, ਇਸ ਬਾਰੇ ਉਨ੍ਹਾਂ ਦੀ ਇੱਕ ਰਾਇ ਨਹੀਂ ਹੈ। 

ਕਦੇ ਖੁਸ਼ਹਾਲ ਮੰਨੇ ਜਾਣ ਵਾਲੇ ਵੈਨੇਜੁਏਲਾ ਵਿੱਚ ਆਏ ਸਿਆਸੀ ਤੇ ਆਰਥਿਕ ਸੰਕਟ, ਜਿਸ ਕਾਰਨ ਤਿੰਨ ਮਿਲੀਅਨ ਤੋਂ ਵੀ ਵੱਧ ਰਫਿਊਜੀਆਂ ਦੀ ਨਵੀਂ ਬਿਪਤਾ ਪਈ ਹੋਈ ਹੈ, ਤੋਂ ਕੈਨੇਡਾ ਤੇ ਮੈਕਸਿਕੋ ਦੀਆਂ ਸਰਹੱਦਾਂ ਦੀ ਰਾਖੀ ਕਰਨ ਦਾ ਮੁੱਦਾ ਹੀ ਕੈਨੇਡਾ ਤੇ ਮੈਕਸਿਕੋ ਦਰਮਿਆਨ ਖਾਈ ਦਾ ਕੰਮ ਕਰ ਰਿਹਾ ਹੈ। ਇਸ ਹਫਤੇ ਦੋਵਾਂ ਦੇਸਾਂ ਦੇ ਨੀਤੀਘਾੜਿਆਂ ਵੱਲੋਂ ਓਟਵਾ ਵਿੱਚ ਇਨ੍ਹਾਂ ਮੁੱਦਿਆਂ ਉੱਤੇ ਗੱਲਬਾਤ ਕੀਤੀ ਗਈ। 

ਮੈਕਸਿਕੋ ਲੀਮਾ ਗਰੁੱਪ ਆਫ ਕੰਟਰੀਜ ਦਾ ਚਾਰਟਰ ਮੈਂਬਰ ਸੀ ਜਦੋਂ ਅਗਸਤ 2017 ਵਿੱਚ ਇਸ ਨੂੰ ਕਾਇਮ ਕੀਤਾ ਗਿਆ ਸੀ। ਇਹ ਸਮਾਜਵਾਦੀ ਆਗੂ ਐਂਡਰਸ ਮੈਨੂਅਲ ਲੋਪੇਜ ਓਬਰਾਡੌਰ ਦੇ ਮੈਕਸਿਕੋ ਦੇ ਨਵੇਂ ਰਾਸਟਰਪਤੀ ਵਜੋਂ ਪਹਿਲੀ ਦਸੰਬਰ ਨੂੰ ਸੰਹੁ ਚੁੱਕਣ ਤੋਂ ਪਹਿਲਾਂ ਦੀ ਗੱਲ ਹੈ। ਲੋਪੇਜ ਓਬਰਾਡੌਰ ਦੀ ਸਰਕਾਰ ਲੀਮਾ ਗਰੁੱਪ ਵੱਲੋਂ ਵੈਨੇਜੁਏਲਾ ਵਿੱਚ ਵਿਰੋਧੀ ਧਿਰ ਦੇ ਆਗੂ ਜੁਆਨ ਗੁਆਇਡੋ ਨੂੰ ਮਾਨਤਾ ਦੇਣ ਸਬੰਧੀ ਕੀਤੇ ਗਏ ਐਲਾਨ ਸਮੇਂ ਗਾਇਬ ਰਹੀ। ਲੀਮਾ ਗਰੁੱਪ ਵੱਲੋਂ ਫੌਜ ਨੂੰ ਆਪਣਾ ਸਮਰਥਨ ਨਿਕੋਲਸ ਮਦੁਰੋ ਤੋਂ ਵਾਪਿਸ ਲੈ ਕੇ ਨਵੇਂ ਆਗੂ ਨੂੰ ਦੇਣ ਦੀ ਮੰਗ ਵੀ ਕੀਤੀ ਗਈ।

ਮੈਕਸਿਕੋ ਦੀ ਸੈਨੇਟ ਦੀ ਵਿਦੇਸੀ ਮਾਮਲਿਆਂ ਬਾਰੇ ਕਮੇਟੀ ਦੇ ਮੁਖੀ ਸੈਨੇਟਰ ਹੈਕਟਰ ਵੈਸਕੌਨਸੈਲੋਸ ਨੇ ਆਖਿਆ ਕਿ ਇਹ ਬਹੁਤ ਹੀ ਗੁੰਝਲਦਾਰ ਮਾਮਲਾ ਹੈ ਕਿਉਂਕਿ ਸਾਡੀ ਨਵੀਂ ਸਰਕਾਰ ਦਾ ਮੰਨਣਾ ਹੈ ਕਿ ਸਾਨੂੰ ਦੂਜੇ ਦੇਸਾਂ ਦੇ ਅੰਦਰੂਨੀ ਮਾਮਲਿਆਂ ਵਿੱਚ ਦਖਲ ਨਹੀਂ ਦੇਣਾ ਚਾਹੀਦਾ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਇੱਕ ਹੋਰ ਉੱਤਰੀ ਅਮਰੀਕੀ ਦੇਸ ਵੀ ਇਹੀ ਮੰਨਦਾ ਹੈ ਤੇ ਇਹ ਲੀਮਾ ਗਰੁੱਪ ਦਾ ਹਿੱਸਾ ਵੀ ਨਹੀਂ ਹੈ ਤੇ ਉਹ ਹੈ ਅਮਰੀਕਾ।