ਆਸਟ੍ਰੇਲੀਆ ਦੇ ਰੱਖਿਆ ਮੰਤਰੀ ਵੱਲੋਂ ਵੀ ਅਸਤੀਫਾ

Global News

ਸਿਡਨੀ, 3 ਮਾਰਚ (ਪੋਸਟ ਬਿਊਰੋ)- ਆਸਟ੍ਰੇਲੀਆ ਦੇ ਰੱਖਿਆ ਮੰਤਰੀ ਕ੍ਰਿਸਟੋਫਰ ਪਾਈਨੇ ਅਤੇ ਡਿਫੈਂਸ ਇੰਡਸਟਰੀ ਮੰਤਰੀ ਸਟੀਵਨ ਕੀਓਬੋ ਨੇ ਐਲਾਨ ਕੀਤਾ ਹੈ ਕਿ ਉਹ ਮਈ ਵਿੱਚ ਹੋਣ ਵਾਲੀਆਂ ਚੋਣਾਂ ਵਿੱਚ ਖੜ੍ਹੇ ਨਹੀਂ ਹੋਣਗੇ। ਇਸ ਤੋਂ ਪਹਿਲਾਂ ਸਾਬਕਾ ਵਿਦੇਸ਼ ਮੰਤਰੀ ਜੂਲੀ ਬਿਸ਼ਪ ਨੇ ਸਿਆਸਤ ਤੋਂ ਪਾਸਾ ਵੱਟ ਲਿਆ ਸੀ। ਇਨ੍ਹਾਂ ਸਾਰਿਆਂ ਵਲੋਂ ਲਿਬਰਲ ਪਾਰਟੀ ਦਾ ਸਾਥ ਛੱਡਣ ਉੱਤੇ ਸਵਾਲ ਉੱਠੇ ਹਨ, ਪਰ ਇਨ੍ਹਾਂ ਸਾਰਿਆਂ ਨੇ ਅੱਗੋਂ ਕਿਹਾ ਹੈ ਕਿ ਉਹ ਆਸ ਕਰਦੇ ਹਨ ਕਿ ਲਿਬਰਲ ਪਾਰਟੀ ਚੰਗੀਆਂ ਵੋਟਾਂ ਨਾਲ ਜਿੱਤੇਗੀ। 

ਵਰਨਣ ਯੋਗ ਹੈ ਕਿ ਕ੍ਰਿਸਟੋਫਰ ਪਾਈਨੇ ਸਾਲ 1993 ਤੋਂ ਸਟੁਅਰਟ ਸੀਟ ਤੋਂ ਪਾਰਲੀਮੈਂਟ ਮੈਂਬਰ ਹਨ ਅਤੇ ਕੱਲ੍ਹ ਉਨ੍ਹਾਂ ਨੇ ਅਸਤੀਫਾ ਦੇਣ ਦਾ ਐਲਾਨ ਕੀਤਾ ਹੈ। ਇਸੇ ਕਾਰਨ ਕਿਹਾ ਜਾ ਰਿਹਾ ਹੈ ਕਿ ਲਿਬਰਲ ਪਾਰਟੀ ਵਿੱਚ ਅਸਤੀਫਿਆਂ ਦੀ ਝੜੀ ਲੱਗ ਗਈ ਹੈ। ਇਸ ਐਲਾਨ ਨਾਲ ਸਿਆਸੀ ਮਾਹੌਲ ਗਰਮਾ ਗਿਆ ਹੈ। ਕਈ ਲੋਕਾਂ ਦਾ ਕਹਿਣਾ ਹੈ ਕਿ ਸ਼ਾਇਦ ਇਸ ਵਾਰ ਲਿਬਰਲ ਪਾਰਟੀ ਜਿੱਤ ਨਹੀਂ ਸਕੇਗੀ। ਕ੍ਰਿਸਟੋਫਰ ਪਾਈਨੇ ਪਿਛਲੇ 26 ਸਾਲਾਂ ਤੋਂ ਇਸ ਸੀਟ ਉੱਤੇ ਹਨ ਅਤੇ ਚਾਹੁੰਦੇ ਹਨ ਕਿ ਅਗਲਾ ਉਮੀਦਵਾਰ ਵੀ ਲੋਕਾਂ ਦੀਆਂ ਲੋੜਾਂ ਧਿਆਨ ਵਿੱਚ ਰੱਖ ਕੇ ਕਾਰਜ ਕਰੇ। ਪ੍ਰਧਾਨ ਮੰਤਰੀ ਮੌਰੀਸਨ ਲਈ ਪ੍ਰੇਸ਼ਾਨੀਆਂ ਵਧ ਗਈਆਂ ਹਨ, ਕਿਉਂਕਿ ਉਨ੍ਹਾਂ ਨੂੰ ਕੁਝ ਹੋਰ ਯੋਗ ਉਮੀਦਵਾਰ ਲੱਭਣੇ ਪੈਣਗੇ। ਮੌਰੀਸਨ ਦੇ ਕਮਾਨ ਸੰਭਾਲਣ ਪਿੱਛੋਂ ਕਈ ਨੇਤਾ ਜਾਂ ਤਾਂ ਲਿਬਰਲ ਪਾਰਟੀ ਛੱਡ ਗਏ ਜਾਂ ਇਸ ਨੂੰ ਛੱਡਣ ਦਾ ਮਨ ਬਣਾ ਰਹੇ ਹਨ।