ਪਾਕਿਸਤਾਨ ਵੱਲੋਂ ਭਾਰਤ ਦੇ ਦੋ ਜਹਾਜ਼ ਡੇਗਣ ਦਾ ਦਾਅਵਾ ਬਾਅਦ ਵਿੱਚ ਇੱਕੋ ਉੱਤੇ ਆ ਗਿਆ

Global News

ਇਸਲਾਮਾਬਾਦ, 27 ਫਰਵਰੀ, (ਪੋਸਟ ਬਿਊਰੋ)- ਪਾਕਿਸਤਾਨੀ ਫੌਜ ਨੇ ਅੱਜ ਬੁੱਧਵਾਰ ਦੋਪਹਿਰ ਬਾਅਦ ਆਪਣੇ ਪਹਿਲੇ ਬਿਆਨ ਤੋਂ ਪਲਟਦੇ ਹੋਏ ਕਿਹਾ ਕਿ ਉਸ ਨੇ ਸਿਰਫ ਇਕ ਭਾਰਤੀ ਪਾਇਲਟ ਗ੍ਰਿਫਤਾਰ ਕੀਤਾ ਹੈ। ਇਸ ਤੋਂ ਪਹਿਲਾਂ ਉਸ ਨੇ ਕਿਹਾ ਸੀ ਕਿ ਭਾਰਤੀ ਹਵਾਈ ਫੌਜ ਦੇ ਦੋ ਜਹਾਜ਼ ਉਸ ਨੇ ਡੇਗੇ ਤੇ ਉਨ੍ਹਾਂ ਦੇ ਪਾਇਲਟ ਉਨ੍ਹਾਂ ਦੀ ਹਿਰਾਸਤ ਵਿੱਚ ਹਨ। ਬਾਅਦ ਵਿੱਚ ਪਾਕਿਸਤਾਨੀ ਫੌਜ ਦੇ ਬੁਲਾਰੇ ਮੇਜਰ ਆਸਿਫ ਗਫੂਰ ਨੇ ਕਿਹਾ ਕਿ ਸਾਡੀ ਹਿਰਾਸਤ ਵਿੱਚ ਇਕ ਪਾਇਲਟ ਵਿੰਗ ਕਮਾਂਡਰ ਅਭਿਨੰਦਨ ਹੀ ਹੈ, ਜਿਸ ਨਾਲ ਮਿਲਟਰੀ ਅਸੂਲਾਂਂ ਦੇ ਮੁਤਾਬਕ ਵਿਹਾਰ ਕੀਤਾ ਜਾ ਰਿਹਾ ਹੈ।

ਇਸ ਸੰਬੰਧ ਵਿੱਚ ਪਾਕਿਸਤਾਨੀ ਫੌਜ ਵਲੋਂ ਜਾਰੀ ਕੀਤੇ ਵੀਡੀਓ ਵਿੱਚ ਅੱਖਾਂ ਉੱਤੇ ਪੱਟੀ ਬੰਨ੍ਹ ਕੇ ਇਕ ਵਿਅਕਤੀ ਦਿਖਾਇਆ ਗਿਆ ਹੈ, ਜੋ ਕਹਿ ਰਿਹਾ ਹੈ, ‘ਮੈਂ ਭਾਰਤੀ ਹਵਾਈ ਫੌਜ ਦਾ ਅਧਿਕਾਰੀ ਹਾਂ। ਮੇਰਾ ਸਰਵਿਸ ਨੰਬਰ 27981 ਹੈ।` ਇਸ ਤੋਂ ਪਹਿਲਾਂ ਆਸਿਫ ਗਫੂਰ ਨੇ ਦਾਅਵਾ ਕੀਤਾ ਸੀ ਕਿ ਭਾਰਤੀ ਹਵਾਈ ਫੌਜ ਦੇ 2 ਜਹਾਜ਼ ਡੇਗਣ ਦੇ ਬਾਅਦ ਦੋ ਪਾਇਲਟ ਗ੍ਰਿਫਤਾਰ ਕੀਤੇ ਗਏ ਹਨ ਅਤੇ ਦੋਵਾਂ ਵਿੱਚੋਂ ਇਕ ਪਾਇਲਟ ਜ਼ਖਮੀ ਹੋਣ ਕਾਰਨ ਉਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ, ਪਰ ਦੂਸਰੇ ਪਾਇਲਟ ਨੂੰ ਕੋਈ ਚੋਟ ਨਹੀਂ ਆਈ। 

ਵਰਨਣ ਯੋਗ ਹੈ ਕਿ ਅੱਜ ਸਵੇਰੇ ਪਾਕਿਸਤਾਨੀ ਫੌਜ ਨੇ ਇਹ ਦਾਅਵਾ ਕੀਤਾ ਸੀ ਕਿ ਉਸ ਨੇ ਕੰਟਰੋਲ ਰੇਖਾ ਟੱਪ ਕੇ ਪਾਕਿਸਤਾਨ ਵਿੱਚ ਆਏ ਭਾਰਤ ਦੇ ਦੋ ਹਵਾਈ ਜਹਾਜ਼ ਡੇਗ ਲਏ ਤੇ ਦੋਵਾਂ ਦੇ ਪਾਇਲਟ ਉਸ ਕੋਲ ਹਨ, ਪਰ ਬਾਅਦ ਵਿੱਚ ਇਹ ਕਿਹਾ ਕਿ ਇੱਕ ਜਹਾਜ਼ ਭਾਰਤੀ ਹੱਦ ਵਿੱਚ ਜਾ ਕੇ ਡਿੱਗਾ ਹੋਣ ਕਾਰਨ ਉਸ ਦਾ ਪਾਇਲਟ ਭਾਰਤ ਵੱਲ ਹੀ ਹੈ, ਪਾਕਿਸਤਾਨ ਕੋਲ ਸਿਰਫ ਇੱਕੋ ਪਾਇਲਟ ਹੈ। ਸ਼ਾਮ ਤੱਕ ਸਾਫ ਹੋ ਗਿਆ ਕਿ ਭਾਰਤੀ ਇਲਾਕੇ ਵਿੱਚ ਕੋਈ ਜਹਾਜ਼ ਡਿੱਗਾ ਹੀ ਨਹੀਂ, ਕੰਟਰੋਲ ਰੇਖਾ ਤੋਂ ਕਾਫੀ ਦੂਰ ਬਡਗਾਮ ਵਿੱਚ ਇੱਕ ਫੌਜੀ ਹੈਲੀਕਾਪਟਰ ਉੱਡਣ ਦੇ ਕੁਝ ਦੇਰ ਬਾਅਦ ਹਾਦਸੇ ਦਾ ਸਿ਼ਕਾਰ ਹੋ ਕੇ ਡਿੱਗਾ ਸੀ ਤੇ ਉਸ ਪਾਸੇ ਵੱਲ ਪਾਕਿਸਤਾਨ ਦੇ ਫਾਈਟਰ ਆਏ ਹੀ ਨਹੀਂ ਸਨ।