ਰੂਸ ਦੀ ਮਹਿਲਾ ਜੂਡੋ ਚੈਂਪੀਅਨ ਨੇ ਰੂਸੀ ਰਾਸ਼ਟਰਪਤੀ ਪੁਤਿਨ ਨੂੰ ਢਾਹਿਆ

Global News

ਮਾਸਕੋ, 25 ਫਰਵਰੀ (ਪੋਸਟ ਬਿਊਰੋ)- ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦਾ ਇਕ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਹੈ। ਇਸ ਵਿੱਚ ਪੁਤਿਨ ਇਕ ਜੂਡੋ ਚੈਂਪੀਅਨ ਨੂੰ ਹਰਾਉਣ ਦੀ ਕੋਸ਼ਿਸ਼ ਕਰਦੇ ਹਨ। ਉਹ ਇਸ ਵੀਡੀਓ ਵਿੱਚ ਰੂਸ ਦੀ ਨੈਸ਼ਨਲ ਜੂਡੋ ਟੀਮ ਸਾਹਮਣੇ ਆ ਕੇ ਉਸ ਨੂੰ ਜੂਡੋ ਦੇ ਹੱਥਕੰਡੇ ਦੱਸਦੇ ਜਾਪਦੇ ਹਨ। 

ਰਾਸ਼ਟਰਪਤੀ ਵਲਾਦੀਮੀਰ ਪੁਤਿਨ ਖੁਦ ਜੂਡੋ ਵਿੱਚ ਬਲੈਕ ਬੈਲਟ ਹਨ ਤੇ ਉਨ੍ਹਾਂ ਲਈ ਇਹ ਆਮ ਗੱਲ ਹੈ, ਉਨ੍ਹਾਂ ਦੀ ਉਮਰ ਦੇਖਦੇ ਹੋਏ ਉਨ੍ਹਾਂ ਦਾ ਇਹ ਵੀਡੀਓ ਪ੍ਰੇਰਣਾ ਦੇਣ ਵਾਲਾ ਹੈ। ਪਿਛਲੇ ਦਿਨੀੰ ਰਾਸ਼ਟਰਪਤੀ ਪੁਤਿਨ ਦੇ ਸਾਹਮਣੇ ਰੂਸ ਦੇ ਜੂਡੋ ਦੇ ਮਾਹਰ ਖਿਲਾੜੀ ਸਨ। 90 ਸੈਕਿੰਡ ਦੇ ਇਸ ਵੀਡੀਓ `ਚ ਨਜ਼ਰ ਆ ਰਿਹਾ ਹੈ ਕਿ ਰਾਸ਼ਟਰਪਤੀ ਪੁਤਿਨ ਬਾਕੀ ਖਿਡਾਰੀਆਂ ਨਾਲ ਵਾਰਮਅਪ ਕਰਦੇ ਹਨ। ਉਹ ਇਕ-ਇਕ ਕਰਕੇ ਹਰ ਕਿਸੇ ਨੂੰ ਚਿੱਤ ਕਰ ਦਿੰਦੇ ਹਨ ਤੇ ਇਸ ਦੇ ਨਾਲ ਆਪਣਾ ਜੂਡੋ ਦਾ ਅਨੁਭਵ ਵੀ ਉਨ੍ਹਾਂ ਨੂੰ ਦੱਸਦੇ ਹਨ। ਇਕ ਖਿਡਾਰੀ ਨੇ ਪੁਤਿਨ ਨੂੰ ਮਾਤ ਦੇ ਦਿੱਤੀ ਤੇ ਇਹ ਚੈਂਪੀਅਨ ਕੋਈ ਹੋਰ ਨਹੀਂ, ਸਾਲ 2016 ਰੀਓ ਓਲੰਪਿਕਸ ਵਿੱਚ ਰੂਸ ਲਈ ਜੂਡੋ ਦੀ ਕਾਂਸੀ ਤਮਗਾ ਜਿੱਤਣ ਵਾਲੀ ਓਲੰਪੀਅਨ ਨਤਾਲੀਆ ਕਿਊਜਿਯੂਤਿਯਨਾ ਹੈ।

ਰੂਸ ਦੇ ਅਖਬਾਰ ਮੋਸੋਕੋਵਸਕੀ ਕੋਮਸੋਮੋਲੇਟਸ ਨੇ ਲਿਖਿਆ ਹੈ ਕਿ ਨਤਾਲੀਆ ਲਗਾਤਾਰ ਪੁਤਿਨ ਉੱਤੇ ਹਾਵੀ ਸੀ ਤੇ ਅਖੀਰ `ਚ ਉਹ ਪੁਤਿਨ ਨੂੰ ਮਾਤ ਦੇ ਦਿੱਤੀ। ਇਸੇ ਰਿਪੋਰਟ ਵਿੱਚ ਕਿਹਾ ਗਿਆ ਕਿ ਪੁਤਿਨ ਇਸ ਹਾਰ ਤੋਂ ਦੁਖੀ ਨਹੀਂ ਸਨ ਤੇ ਉਨ੍ਹਾਂ ਨੇ ਨਤਾਲੀਆ ਦੇ ਮੱਥੇ ਉੱਤੇ ਪਿਆਰ ਨਾਲ ਚੁੰਮ ਕੇ ਆਸ਼ੀਰਵਾਦ ਦਿੱਤਾ। ਇਸ ਤੋਂ ਪਹਿਲਾਂ ਪੁਤਿਨ ਦੀਆਂ ਉਹ ਫੋਟੋ ਸਾਹਮਣੇ ਆਈਆਂ ਹਨ, ਜਿਸ `ਚ ਉਹ ਗਿਟਾਰ ਵਜਾਉਂਦੇ ਨਜ਼ਰ ਆਉਂਦੇ ਹਨ ਤੇ ਕਦੇ ਕਿਸੇ ਟਾਈਗਰ ਨਾਲ ਖੇਡ ਰਹੇ ਹਨ ਅਤੇ ਕਦੇ ਕਿਸੇ ਪਣਡੁੱਬੀ ਦੀ ਮਦਦ ਨਾਲ ਕਾਲੇ ਸਾਗਰ ਦੇ ਹੇਠਾਂ ਤੱਕ ਜਾਂਦੇ ਹਨ। ਆਈਸ ਹਾਕੀ ਤੇ ਉਨ੍ਹਾਂ ਦੀ ਘੁੜਸਵਾਰੀ ਦੀ ਫੋਟੋ ਕਈ ਵਾਰ ਵਾਇਰਲ ਹੋਈ ਹੈ।