ਕੀ ਲਿਬਰਲਾਂ ਨੂੰ ਲੱਗੀ ਢਾਹ ਨਾਲ ਜਗਮੀਤ ਸਿੰਘ ਨੂੰ ਹੋਵੇਗਾ ਫਾਇਦਾ?

Global News

ਬਰਨਾਬੀ, ਬੀਸੀ, 24 ਫਰਵਰੀ (ਪੋਸਟ ਬਿਊਰੋ) : ਮੈਟਰੋ ਵੈਨਕੂਵਰ ਜਿ਼ਮਨੀ ਚੋਣ ਦੌੜ ਐਨਡੀਪੀ ਆਗੂ ਜਗਮੀਤ ਸਿੰਘ ਲਈ ਵੱਕਾਰ ਦਾ ਸਵਾਲ ਬਣੀ ਹੋਈ ਹੈ। ਪਰ ਮਾਹਿਰਾਂ ਦਾ ਕਹਿਣਾ ਹੈ ਕਿ ਪਿੱਛੇ ਜਿਹੇ ਲਿਬਰਲ ਪਾਰਟੀ ਨੂੰ ਸਹਿਣੇ ਪੈ ਰਹੇ ਉਤਰਾਅ ਚੜ੍ਹਾਅ ਨਾਲ ਜਗਮੀਤ ਸਿੰਘ ਨੂੰ ਫਾਇਦਾ ਹੋ ਸਕਦਾ ਹੈ। 

ਓਨਟਾਰੀਓ ਦੇ 40 ਸਾਲਾ ਸਾਬਕਾ ਵਿਧਾਇਕ 2017 ਦੇ ਅੰਤ ਵਿੱਚ ਪਾਰਟੀ ਆਗੂ ਬਣਨ ਤੋਂ ਬਾਅਦ ਵੀ ਪਾਰਲੀਆਮੈਂਟ ਵਿੱਚ ਆਪਣੀ ਕੋਈ ਗੱਲ ਨਹੀਂ ਰੱਖ ਸਕਦੇ ਕਿਉਂਕਿ ਉਨ੍ਹਾਂ ਕੋਲ ਕੋਈ ਸੀਟ ਨਹੀਂ ਹੈ। ਹੁਣ ਬਰਨਾਬੀ ਸਾਊਥ ਤੋਂ ਉਨ੍ਹਾਂ ਨੂੰ ਮੌਕਾ ਮਿਲੇਗਾ ਜਦੋਂ ਸੋਮਵਾਰ ਨੂੰ ਹਲਕੇ ਦੇ ਵੋਟਰ ਵੋਟਾਂ ਪਾਉਣਗੇ। ਇੱਥੇ ਦੱਸਣਾ ਬਣਦਾ ਹੈ ਕਿ ਲਿਬਰਲਾਂ ਲਈ ਪਿਛਲਾ ਕੁੱਝ ਸਮਾਂ ਉਤਰਾਅ ਚੜ੍ਹਾਅ ਵਾਲਾ ਰਿਹਾ। ਲਿਬਰਲਾਂ ਵੱਲੋਂ ਇਸ ਸੀਟ ਲਈ ਮੈਦਾਨ ਵਿੱਚ ਉਤਾਰੀ ਗਈ ਉਨ੍ਹਾਂ ਦੀ ਪਹਿਲੀ ਉਮੀਦਵਾਰ ਕੈਰਨ ਵੈਂਗ ਨੇ ਜਗਮੀਤ ਸਿੰਘ ਸਬੰਧੀ ਨਸਲੀ ਟਿੱਪਣੀ ਕਰਨ ਤੋਂ ਬਾਅਦ ਅਸਤੀਫਾ ਦੇ ਦਿੱਤਾ। ਇਸ ਤੋਂ ਇਲਾਵਾ ਪਿਛਲੇ ਕੁੱਝ ਹਫਤਿਆਂ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਉੱਤੇ ਇਹ ਦੋਸ਼ ਲੱਗਦੇ ਰਹੇ ਹਨ ਕਿ ਉਨ੍ਹਾਂ ਦੇ ਆਫਿਸ ਵੱਲੋਂ ਸਾਬਕਾ ਅਟਾਰਨੀ ਜਨਰਲ ਜੋਡੀ ਵਿਲਸਨ ਰੇਅਬੋਲਡ ਉੱਤੇ ਦਬਾਅ ਪਾ ਕੇ ਐਸਐਨਸੀ-ਲਾਵਾਲਿਨ ਕੰਪਨੀ ਉੱਤੇ ਹੋਣ ਵਾਲੀ ਮੁਜਰਮਾਨਾ ਕਾਰਵਾਈ ਨੂੰ ਰੁਕਵਾਇਆ ਗਿਆ। 

ਜਗਮੀਤ ਸਿੰਘ ਨੇ ਆਖਿਆ ਕਿ ਉਹ ਵਿਰੋਧੀ ਧਿਰ ਉੱਤੇ ਡਿੱਗੀ ਗਾਜ਼ ਤੋਂ ਬਾਅਦ ਹੱਥ ਉੱਤੇ ਹੱਥ ਰੱਖ ਕੇ ਬੈਠਣ ਵਾਲੇ ਨਹੀਂ ਹਨ। ਪਰ ਉਨ੍ਹਾਂ ਨੂੰ ਇਸ ਗੱਲ ਦਾ ਪੂਰਾ ਭਰੋਸਾ ਹੈ ਕਿ ਵੋਟਰਾਂ ਨਾਲ ਰਾਬਤਾ ਕਾਇਮ ਕਰਨ ਲਈ ਉਨ੍ਹਾਂ ਵੱਲੋਂ ਕੀਤੀ ਗਈ ਸਖ਼ਤ ਮਿਹਨਤ ਆਖਿਰਕਾਰ ਰੰਗ ਲਿਆਵੇਗੀ। ਉਨ੍ਹਾਂ ਇਹ ਵੀ ਆਖਿਆ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਲਿਬਰਲ ਸਰਕਾਰ ਨਾਲ ਜੋ ਕੁੱਝ ਬੀਤ ਰਿਹਾ ਹੈ ਉਸ ਤੋਂ ਵੋਟਰ ਕਾਫੀ ਨਿਰਾਸ਼ ਹਨ। ਕੈਨੇਡੀਅਨ ਉਮੀਦ ਕਰਦੇ ਹਨ ਕਿ ਸਾਡੀ ਸਰਕਾਰ ਸਾਡੇ ਹਿਤ ਵਿੱਚ ਕੰਮ ਕਰੇ। ਪਰ ਇੰਜ ਲੱਗ ਰਿਹਾ ਹੈ ਕਿ ਲਿਬਰਲ ਪਾਰਟੀ ਕਿਸੇ ਬਹੁ ਕਰੋੜੀ ਕਾਰਪੋਰੇਸ਼ਨ ਲਈ ਕੰਮ ਕਰ ਰਹੀ ਹੈ। 

ਦੂਜੇ ਪਾਸੇ ਟਰੂਡੋ ਵੱਲੋਂ ਇਸ ਗੱਲ ਤੋਂ ਇਨਕਾਰ ਕੀਤਾ ਗਿਆ ਹੈ ਕਿ ਉਨ੍ਹਾਂ ਜਾਂ ਉਨ੍ਹਾਂ ਦੇ ਆਫਿਸ ਵੱਲੋਂ ਵਿਲਸਨ ਰੇਅਬੋਲਡ ਉੱਤੇ ਇਸ ਮਾਮਲੇ ਵਿੱਚ ਕੋਈ ਦਬਾਅ ਪਾਇਆ ਗਿਆ ਹੈ। ਇਸ ਜਿ਼ਮਨੀ ਚੋਣ ਲਈ ਨਵੇਂ ਲਿਬਰਲ ਉਮੀਦਵਾਰ ਰਿਚਰਡ ਟੀ ਲੀ, ਜਿਨ੍ਹਾਂ ਨੇ ਬਰਨਾਬੀ ਸਾਊਥ ਵਿੱਚ ਵੈਂਗ ਦੀ ਥਾਂ ਲਈ ਹੈ, ਦਾ ਕਹਿਣਾ ਹੈ ਕਿ ਕੁੱਝ ਲੋਕ ਹੀ ਇਸ ਮਾਮਲੇ ਨੂੰ ਉਛਾਲ ਰਹੇ ਹਨ ਜਦਕਿ ਪ੍ਰਧਾਨ ਮੰਤਰੀ ਆਪ ਇਹ ਸਪਸ਼ਟ ਕਰ ਚੁੱਕੇ ਹਨ ਕਿ ਇਸ ਮਾਮਲੇ ਵਿੱਚ ਉਨ੍ਹਾਂ ਦਾ ਜਾਂ ਉਨ੍ਹਾਂ ਦੇ ਆਫਿਸ ਦਾ ਕੋਈ ਹੱਥ ਨਹੀਂ ਹੈ।