ਪਾਈਪਲਾਈਨ ਮੁੱਦਾ : ਰੋਸ ਵਜੋਂ ਅਲਬਰਟਾ ਤੋਂ ਓਟਵਾ ਲਈ ਰਵਾਨਾ ਹੋਇਆ ਟਰੱਕਾ ਦਾ ਕਾਫਲਾ

Global News

ਓਟਵਾ, 15 ਫਰਵਰੀ (ਪੋਸਟ ਬਿਊਰੋ) : ਐਨਰਜੀ ਸੈਕਟਰ ਲਈ ਓਟਵਾ ਸਰਕਾਰ ਵੱਲੋਂ ਮਿਲਣ ਵਾਲੇ ਘੱਟ ਸਮਰਥਨ ਕਾਰਨ ਤੇ ਪਾਈਪਲਾਈਨ ਦੇ ਕੰਮ ਨੂੰ ਅੱਗੇ ਤੋਰਨ ਲਈ ਵੀ ਫੈਡਰਲ ਸਰਕਾਰ ਵੱਲੋਂ ਕੋਈ ਮਦਦ ਨਾ ਮਿਲਣ 100 ਟਰੱਕਾਂ ਦਾ ਕਾਫਲਾ ਅਲਬਰਟਾ ਤੋਂ ਪਾਲੀਆਮੈਂਟ ਹਿੱਲ ਜਾ ਰਿਹਾ ਹੇ। 

ਯੂਨੀਈਟਿਡ ਵੁਈ ਰੋਲ ਕਾਫਲਾ ਵੀਰਵਾਰ ਨੂੰ ਅਲਬਰਟਾ ਦੇ ਰੈੱਡ ਡੀਅਰ ਤੋਂ ਰਵਾਨਾ ਹੋਇਆ ਹੈ ਤੇ ਇਸ ਦੇ ਅਗਲੇ ਮੰਗਲਵਾਰ ਤਿੰਨ ਦਿਨ ਦੀ ਰੈਲੀ ਲਈ ਓਟਵਾ ਪਹੁੰਚਣ ਦੀ ਆਸ ਹੈ। ਆਪਣੀਆਂ ਇਨ੍ਹਾਂ ਕੋਸਿਸਾਂ ਨੂੰ ਹੋਰ ਤੇਜ ਕਰਨ ਲਈ ਤੇ 100,000 ਡਾਲਰ ਇੱਕਠੇ ਕਰਨ ਲਈ ਗਰੁੱਪ ਵੱਲੋਂ ਯੈਲੋ ਵੈਸਟ ਮੁਜਾਹਰਾਕਾਰੀਆਂ ਨੂੰ ਵੀ ਇਸ ਰੈਲੀ ਵਿੱਚ ਸਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ। 

ਇਨ੍ਹਾਂ ਦੇ ਮੋਹਰੀ ਪ੍ਰਬੰਧਕ ਗਲੈਨ ਕੈਰਿਟ ਨੇ ਆਖਿਆ ਕਿ ਫੈਡਰਲ ਸਰਕਾਰ ਨੂੰ ਐਨਰਜੀ ਸੈਕਟਰ ਦੇ ਸਮਰਥਕਾਂ ਦੀ ਗੱਲ ਸੁਣਨੀ ਹੀ ਚਾਹੀਦੀ ਹੈ। ਉਨ੍ਹਾਂ ਆਖਿਆ ਕਿ ਸਾਡੇ ਤੇਲ ਤੇ ਗੈਸ ਸੈਕਟਰ ਦੀ ਹਾਲਤ ਇਸ ਸਮੇਂ ਮਾੜੀ ਹੈ ਤੇ ਇਹ ਸੈਕਟਰ ਸਮੁੱਚੇ ਦੇਸ ਲਈ ਬਹੁਤ ਚੰਗਾ ਹੈ। ਇਸ ਕਾਫਲੇ ਨੇ ਆਪਣਾ ਪਹਿਲਾ ਪੜਾਅ ਰੇਜਾਈਨਾ ਵਿੱਚ ਪਾਇਆ। ਕੈਰਿਟ ਨੇ ਆਪਣੇ ਅੰਦਾਜੇ ਮੁਤਾਬਕ ਦੱਸਿਆ ਕਿ ਇਸ ਸਫਰ ਦੇ ਪਹਿਲੇ ਹਿੱਸੇ ਵਿੱਚ 100 ਤੋਂ 150 ਦੇ ਨੇੜੇਤੇੜੇ ਟਰੱਕ ਇਸ ਕਾਫਲੇ ਵਿੱਚ ਸਾਮਲ ਸਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚੋਂ 80 ਦੇ ਕਰੀਬ ਟਰੱਕ ਓਟਵਾ ਪਹੁੰਚਣਗੇ। 

ਕਈ ਟਰੱਕਾਂ ਉੱਤੇ ਸਾਈਨ ਲੱਗੇ ਸਨ ਕਿ ਅਲਬਰਟਾ ਕੋਲ ਕਾਫੀ ਤੇਲ ਹੈ, ਸਾਊਦੀ ਤੇਲ ਤੋਂ ਪਹਿਲਾਂ ਕੈਨੇਡੀਅਨ ਤੇਲ ਦੀ ਵਰਤੋਂ ਕਰੋ ਤੇ ਕਾਰਬਨ ਆਇਲ ਟੈਕਸ ਖਤਮ ਕਰੋ। ਕੈਰਿਟ ਨੇ ਆਖਿਆ ਕਿ ਸਾਨੂੰ ਐਨਰਜੀ ਈਸਟ ਲਈ ਪਾਈਪਲਾਈਨਜ ਉੱਤੇ ਫੌਰੀ ਕਾਰਵਾਈ ਕਰਨ ਦੀ ਲੋੜ ਹੈ। ਉਨ੍ਹਾਂ ਆਖਿਆ ਕਿ ਕੈਨੇਡਾ ਕੋਲ ਦੁਨੀਆ ਦੇ ਸੱਭ ਤੋਂ ਵੱਡੇ ਤੇਲ ਭੰਡਾਰਾਂ ਵਿੱਚ ਤੀਜੇ ਨੰਬਰ ਉੱਤੇ ਤੇਲ ਦੇ ਭੰਡਾਰ ਹਨ ਪਰ ਮੰਦਭਾਗੀ ਗੱਲ ਇਹ ਹੈ ਕਿ ਅਸੀਂ ਆਪਣੇ ਉਤਪਾਦ ਹੀ ਨਹੀਂ ਵਰਤ ਰਹੇ। ਕੈਰਿਟ ਨੇ ਇਹ ਵੀ ਆਖਿਆ ਕਿ ਬਹੁਤ ਹੀ ਦੁਖ ਵਾਲੀ ਗੱਲ ਹੈ ਕਿ ਸਰਕਾਰ ਇਸ ਪਾਸੇ ਜੋ ਕੁੱਝ ਵਾਪਰ ਰਿਹਾ ਹੈ ਉਸ ਵੱਲ ਕੰਨ ਹੀ ਨਹੀਂ ਕਰ ਰਹੀ।