ਮਸ਼ਹੂਰ ਕਾਮੇਡੀਅਨ ਹਰਬੀ ਸੰਘਾ

Global News

ਰਾਜਵੰਤ ਸਿੰਘ ਤੱਖੀ - ਪੰਜਾਬੀ ਫਿਲਮਾਂ ਦੇ ਵਧਦੇ ਰੁਝਾਨ ਵਿਚ ਕਾਮੇਡੀ ਦਾ ਅਹਿਮ ਰੋਲ ਹੈ। ਇਹੀ ਕਾਰਨ ਹੈ ਕਿ ਪੰਜਾਬੀ ਫਿਲਮਾਂ ਹੁਣ ਦੇਸ਼-ਵਿਦੇਸ਼ ਵਿਚ ਵੀ ਵੇਖੀਆਂ ਜਾ ਰਹੀਆਂ ਹਨ। ਅੱਜ ਪਾਲੀਵੁੱਡ 'ਹਾਸਿਆਂ ਦਾ ਘਰ' ਬਣ ਚੁੱਕਾ ਹੈ। ਰਿਲੀਜ਼ ਹੋਣ ਵਾਲੀ ਹਰ ਦੂਜੀ ਫਿਲਮ ਕਾਮੇਡੀ 'ਤੇ ਆਧਾਰਿਤ ਹੁੰਦੀ ਹੈ। ਅਜਿਹੀਆਂ ਕਾਮੇਡੀ ਫਿਲਮਾਂ ਨੂੰ ਦਰਸ਼ਕ ਪਸੰਦ ਵੀ ਕਰ ਰਹੇ ਹਨ। ਅੱਜ ਪੰਜਾਬੀ ਫਿਲਮ ਇੰਡਸਟਰੀ 'ਚ ਹਾਸਰਸ ਕਲਾਕਾਰਾਂ ਦੀ ਭਰਮਾਰ ਹੋ ਚੁੱਕੀ ਹੈ। ਅਜਿਹੇ ਸਿਰਕੱਢਵੇ ਕਾਮੇਡੀਅਨ ਕਲਾਕਾਰਾਂ ਵਿਚ ਹਰਬੀ ਸੰਘਾ ਦਾ ਨਾਂ ਵੀ ਸ਼ਾਮਲ ਹੈ।

ਹਰਬੀ ਦੀ ਖ਼ਾਸੀਅਤ ਹੈ ਕਿ ਉਸ ਦੀ ਅਦਾਕਾਰੀ ਤੇ ਕਾਮੇਡੀ 'ਚ ਬਨਾਵਟੀਪਨ ਨਹੀਂ ਹੈ। ਅੱਜ ਜਦੋਂ ਵੀ ਪਰਿਵਾਰਿਕ ਪੰਜਾਬੀ ਫਿਲਮਾਂ ਦੇ ਨਿਰਮਾਣ ਦੀ ਗੱਲ ਚੱਲਦੀ ਹੈ ਤਾਂ ਕਹਾਣੀ ਵਿਚ ਹਾਸਾ ਭਰਨ ਲਈ ਬਾਕੀ ਹਾਸਰਸ ਕਲਾਕਾਰਾਂ ਵਾਂਗ ਹਰਬੀ ਸੰਘਾ ਦੀ ਪਹਿਲ ਦੇ ਆਧਾਰ 'ਤੇ ਚੋਣ ਕੀਤੀ ਜਾਂਦੀ ਹੈ। ਇਸ ਦਾ ਮੁੱਖ ਕਾਰਨ ਕਾਫ਼ੀ ਹੱਦ ਤਕ ਹਰਬੀ ਦੇ ਠੇਠ ਪੰਜਾਬੀ ਅੰਦਾਜ਼ ਵੀ ਹੈ। ਪੰਜਾਬੀ ਫਿਲਮ 'ਲਾਵਾਂ ਫੇਰੇ' ਤੇ 'ਨਿੱਕਾ ਜੈਲਦਾਰ' ਫਿਲਮਾਂ ਇਸ ਗੱਲ ਦੀ ਗਵਾਹੀ ਵੀ ਭਰਦੀਆਂ ਹਨ। ਅੱਜ ਜਿਵੇਂ-ਜਿਵੇਂ ਪਾਲੀਵੁੱਡ ਵੱਡੀਆਂ ਪੁਲਾਂਘਾਂ ਪੁੱਟ ਰਿਹਾ ਹੈ, ਹਰਬੀ ਸੰਘਾ ਦੀ ਅਦਾਕਾਰੀ ਵੀ ਡੂੰਘੀ ਛਾਪ ਛੱਡ ਰਹੀ ਹੈ, ਕਿਉਂਕਿ ਹਰ ਦੂਜੀ ਫਿਲਮ ਵਿਚ ਹਰਬੀ ਨਵੀਂ ਦਿੱਖ ਨਾਲ ਨਜ਼ਰ ਆ ਰਿਹਾ ਹੈ। ਜਾਪਦਾ ਹੈ ਕਿ ਹਰਬੀ ਦੀ ਹਰ ਫਿਲਮ 'ਚ ਮੌਜ਼ਦੂਗੀ ਪੰਜਾਬੀ ਫਿਲਮ ਸਨਅਤ ਲਈ ਜ਼ਰੂਰੀ ਹੋ ਗਈ ਹੈ। ਨਰਮ ਦਿਲ ਹਰਬੀ ਹਰ ਇਕ ਨੂੰ ਆਦਰ-ਸਤਿਕਾਰ ਨਾਲ ਮਿਲਦਾ ਹੈ।

ਪੰਜਾਬ ਦੇ ਦੁਆਬਾ ਖਿੱਤੇ ਦੇ ਜੰਮਪਲ ਹਰਬੀ ਨੇ 2001 ਵਿਚ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਸ ਨੇ ਪ੍ਰਸਿੱਧ ਕਾਮੇਡੀਅਨ ਗੁਰਪ੍ਰੀਤ ਘੁੱਗੀ ਦੀ ਅਗਵਾਈ ਹੇਠ ਸਰੋਤਿਆਂ ਦਾ ਚੰਗਾ ਮਨੋਰੰਜਨ ਕੀਤਾ। ਇਕ ਤੋਂ ਬਾਅਦ ਇਕ ਕਾਮੇਡੀ ਐਲਬਮਜ਼ ਵਿਚ ਵੱਖ-ਵੱਖ ਤਰ੍ਹਾਂ ਦੇ ਰੋਲ ਕਰਨ ਵਾਲਾ ਹਰਬੀ ਆਪਣੀ ਕਲਾ ਦਾ ਲੋਹਾ ਮਨਵਾਉਣ 'ਚ ਸਫਲ ਰਿਹਾ। ਹੁਣ ਤਕ ਦਰਜ਼ਨਾਂ ਪੰਜਾਬੀ ਫਿਲਮਾਂ ਵਿਚ ਉਹ ਆਪਣੀ ਅਦਾਕਾਰੀ ਵਿਖਾ ਚੁੱਕਾ ਹੈ। ਕੁਝ ਫਿਲਮਾਂ ਵਿਚ ਉਸ ਨੇ ਸੀਰੀਅਸ ਰੋਲ ਵੀ ਕੀਤੇ ਪਰ ਲੋਕ ਉਸ ਨੂੰ ਕਾਮੇਡੀ ਕਲਾਕਾਰ ਵਜੋਂ ਵੇਖਣਾ ਵਧੇਰੇ ਪਸੰਦ ਕਰਦੇ ਹਨ। ਹਰਬੀ ਦੀਆਂ ਕੁਝ ਹਿੱਟ ਪੰਜਾਬੀ ਫਿਲਮਾਂ ਵਿਚ 'ਦਿਲਦਾਰੀਆਂ', 'ਵੱਡਾ ਕਲਾਕਾਰ', 'ਰਾਂਝਾ ਰਫਿਊਜ਼ੀ', 'ਸਨ ਆਫ ਮਨਜੀਤ ਸਿੰਘ', 'ਕਿਸਮਤ', 'ਢੋਲ ਰੱਤੀ, 'ਕੁੜਮਾਈਆਂ', 'ਦਾਣਾ ਪਾਣੀ', 'ਦੋ ਦੂਣੀ ਪੰਜ', 'ਆਟੇ ਦੀ ਚਿੜੀ', 'ਕਾਕੇ ਦਾ ਵਿਆਹ' ਆਦਿ ਪ੍ਰਮੁੱਖ ਹਨ।

ਹਰਬੀ ਨੇ ਕਾਲਜ ਦੇ ਦਿਨਾਂ ਵਿਚ ਕਾਮੇਡੀ ਕਰਦਿਆਂ ਕਈ ਮੈਡਲ ਜਿੱਤੇ। ਪੰਜਾਬੀ ਫਿਲਮਾਂ 'ਚ ਛਾਪ ਛੱਡਣ ਵਾਲੇ ਹਰਬੀ ਦੀ ਕਾਮਯਾਬੀ ਪਿੱਛੇ ਉਸ ਦੀ ਸਖ਼ਤ ਮਿਹਨਤ ਤੇ ਅਦਾਕਾਰੀ ਲਈ ਉਸ ਅੰਦਰਲੇ ਜਨੂਨ ਦਾ ਅਹਿਮ ਰੋਲ ਹੈ। ਆਸ ਹੈ ਕਿ ਭਵਿੱਖ ਵਿਚ ਵੀ ਉਹ ਪੰਜਾਬੀ ਸਰੋਤਿਆਂ ਦੇ ਚਿਹਰਿਆਂ 'ਤੇ ਹਾਸੇ ਬਿਖੇਰਦਾ ਰਹੇਗਾ।