ਐਂਕਰਿੰਗ ਤੋਂ ਅਦਾਕਾਰੀ ਵੱਲ ਆਈ ਬਾਨੀ

Global News

ਪ੍ਰਦੀਪ ਕੌਰ ਅਡੋਲ - ਪੰਜਾਬਣ ਮੁਟਿਆਰਾਂ ਕਿਸੇ ਵੀ ਖਿੱਤੇ ਵਿਚ ਪੰਜਾਬੀ ਗੱਭਰੂਆਂ ਤੋਂ ਘੱਟ ਨਹੀਂ, ਚਾਹੇ ਉਹ ਖੇਤਰ ਪੜ੍ਹਾਈ ਦਾ ਹੋਵੇ, ਸੰਗੀਤ ਦਾ, ਖੇਡਾਂ ਦਾ ਜਾਂ ਕੋਈ ਵੀ ਹੋਰ ਖੇਤਰ ਹੋਵੇ, ਲੜਕੀਆਂ ਦੀ ਚੜ੍ਹਤ ਸਹਿਜੇ ਹੀ ਵੇਖੀ ਜਾ ਸਕਦੀ ਹੈ। ਇਸੇ ਤਰ੍ਹਾਂ ਅੱਜ 'ਬਾਨੀ' ਵੀ ਸੰਗੀਤ ਦੇ ਖੇਤਰ 'ਚ ਬਤੌਰ ਗੀਤਕਾਰ ਆਪਣੀ ਪਛਾਣ ਬਣਾਉਣ ਲਈ ਕਾਮਯਾਬੀ ਦੀਆਂ ਬਰੂਹਾਂ ਵੱਲ ਵਧ ਰਹੀ ਹੈ।

ਜਲੰਧਰ ਵਿਚ ਜਨਮੀ 'ਬਾਨੀ' ਦੇ ਪਿਤਾ ਤਰਲੋਚਨ ਸਿੰਘ ਤੇ ਮਾਤਾ ਨਰਿੰਦਰ ਕੌਰ ਨੇ ਆਪਣੀ ਧੀ ਨੂੰ ਰੱਜਵਾਂ ਪਿਆਰ ਦਿੱਤਾ। ਬਾਨੀ ਨੇ ਵੀ ਉਨ੍ਹਾਂ ਦੇ ਪਿਆਰ ਤੇ ਸਮਰਪਣ ਦੀ ਕਦਰ ਕਰਦਿਆਂ ਬਤੌਰ ਐਂਕਰ ਆਪਣੀ ਵੱਖਰੀ ਪਛਾਣ ਬਣਾਈ। ਐੱਸਡੀ ਕਾਲਜ ਜਲੰਧਰ ਤੋਂ ਬੀਸੀਏ ਕਰਨ ਤੋਂ ਬਾਅਦ ਬਾਨੀ ਨੇ ਸੇਂਟ ਸੋਲਜ਼ਰ ਕਾਲਜ ਆਫ ਇੰਸਟੀਚਿਊਸ਼ਨਜ਼ 'ਤੋਂ ਐੱਮਸੀਏ ਦੀ ਪੜ੍ਹਾਈ ਕੀਤੀ। ਬਾਨੀ ਨੇ ਦੱਸਿਆ ਕਿ ਉਸ ਨੂੰ ਕਿਤਾਬਾਂ ਪੜ੍ਹਨ ਦਾ ਬਹੁਤ ਸ਼ੌਕ ਸੀ। ਉਸ ਨੇ ਕਦੇ ਸੋਚਿਆ ਨਹੀਂ ਸੀ ਕਿ ਉਹ ਇਸ ਖੇਤਰ ਵਿਚ ਵੀ ਆਵੇਗੀ ਤੇ ਬਤੌਰ 'ਆਰਜੇ' ਕਰੀਅਰ ਦੀ ਸ਼ੁਰੂਆਤ ਕਰੇਗੀ। 

ਇਕ ਦਿਨ ਕਿਸੇ ਨਾਮਵਰ ਸ਼ਖ਼ਸੀਅਤ ਨੇ ਉਸ ਦੇ ਕਾਫ਼ੀ ਸਿਹਤਮੰਦ ਹੋਣ ਕਾਰਨ ਕਿਹਾ, 'ਬਾਨੀ ਤੇਰਾ ਐਂਕਰ ਬਣਨ ਦਾ ਸੁਪਨਾ' ਕਦੇ ਪੂਰਾ ਨਹੀਂ ਹੋ ਸਕਦਾ। ਉਸ ਦੀ ਕਹੀ ਗੱਲ ਨੇ ਬਾਨੀ ਦੇ ਦਿਲ ਨੂੰ ਕਾਫ਼ੀ ਠੇਸ ਪਹੁੰਚਾਈ। ਆਪਣੇ ਇਸ ਸੁਪਨੇ ਨੂੰ ਪੂਰਾ ਕਰਨ ਲਈ ਬਾਨੀ ਨੇ ਬੇਰੋਕ ਮਿਹਨਤ ਜਾਰੀ ਰੱਖੀ ਤੇ ਇਕ ਸਫਲ ਐਂਕਰ ਵਜੋਂ ਪਛਾਣ ਬਣਾਈ। ਐਂਕਰਿੰਗ ਦੌਰਾਨ ਉਹ ਹਰ ਉਸ ਐਂਕਰ ਨੂੰ ਆਪਣਾ ਗੁਰੂ ਮੰਨਦੀ ਹੈ, ਜਿਸ ਕੋਲੋਂ ਉਸ ਨੂੰ ਕੁਝ ਨਾ ਕੁਝ ਸਿੱਖਣ ਨੂੰ ਮਿਲਦਾ ਹੈ।

ਬਾਨੀ ਨੇ ਦੱਸਿਆ ਕਿ ਉਹ ਸਮੇਂ ਨੂੰ ਕਦੇ ਅਜਾਈਂ ਨਹੀਂ ਜਾਣ ਦਿੰਦੀ ਤੇ ਹਰ ਪਲ ਕੁਝ ਨਾ ਕੁਝ ਸਿੱਖਣ ਦੀ ਤਾਂਘ 'ਚ ਰਹਿੰਦੀ ਹੈ। ਉਸ ਦੀ ਸੋਚ ਹੈ ਕਿ ਆਪਣੀਆਂ ਛੋਟੀਆਂ-ਛੋਟੀਆਂ ਕਮੀਆਂ ਨੂੰ ਧਿਆਨ 'ਚ ਰੱਖ ਕੇ ਉਨ੍ਹਾਂ ਵਿਚ ਸੁਧਾਰ ਕਰਦੇ ਰਹਿਣਾ ਚਾਹੀਦਾ ਹੈ ਤਾਂ ਜੋ ਮੰਜ਼ਿਲਾਂ ਸਰ ਕਰਨ ਵਿਚ ਔਕੜਾਂ ਦਾ ਸਾਹਮਣਾ ਨਾ ਪਵੇ।

ਬਾਨੀ ਨੇ ਸਫਲ ਐਂਕਰਿੰਗ ਤੋਂ ਬਾਅਦ ਗੀਤਕਾਰੀ ਵੱਲ ਪਹਿਲਾ ਕਦਮ ਪੁੱਟਿਆ ਹੈ। ਉਸ ਦਾ ਲਿਖਿਆ ਪਲੇਠਾ ਗੀਤ 'ਇਕ ਤਰਫ਼ਾ ਪਿਆਰ' ਗਾਇਕ ਹਰਦੀਪ ਗਰੇਵਾਲ ਦੀ ਐਲਬਮ 'ਬੁਲੰਦੀਆਂ' ਵਿਚ ਕਾਫ਼ੀ ਮਕਬੂਲ ਹੋਇਆ। ਦਰਸ਼ਕਾਂ ਤੋਂ ਮਿਲ ਰਹੇ ਪਿਆਰ ਸਦਕਾ ਉਸ ਦੇ ਹੌਸਲੇ ਹੋਰ ਬੁਲੰਦ ਹੋਏ ਹਨ ਤੇ ਇਸ ਤੋਂ ਬਾਅਦ ਗਾਇਕ ਤੇ ਅਦਾਕਾਰ ਸ਼ੈਰੀ ਮਾਨ ਦੀ ਫਿਲਮ 'ਬਰਾਤਬੰਦੀ' ਵਿਚ ਵੀ ਬਾਨੀ ਨੂੰ ਅਹਿਮ ਕਿਰਦਾਰ ਨਿਭਾਉਣ ਦਾ ਮੌਕਾ ਮਿਲਿਆ ਹੈ। ਬਾਨੀ ਨੇ ਕਿਹਾ ਕਿ ਉਹ ਦਰਸ਼ਕਾਂ ਦੀਆਂ ਉਮੀਦਾਂ 'ਤੇ ਖਰਾ ਉਤਰਨ ਦੀ ਕੋਸ਼ਿਸ਼ ਜਾਰੀ ਰੱਖੇਗੀ।