ਪੈਸੇ ਦੀ ਘਾਟ ਨਾਲ ਜੂਝਦੀ ਕਾਂਗਰਸ ਨੂੰ ਪ੍ਰਿਅੰਕਾ ਦੇ ਆਉਣ ਨਾਲ ਲਾਭ ਹੋਵੇਗਾ

Global News

ਵਾਸ਼ਿੰਗਟਨ, 13 ਫਰਵਰੀ (ਪੋਸਟ ਬਿਊਰੋ)- ਵਿਦੇਸ਼ ਨੀਤੀ ਨਾਲ ਸਬੰਧਤ ਅਮਰੀਕਾ ਦੇ ਇਕ ਪ੍ਰਭਾਵਸ਼ਾਲੀ ਰਸਾਲੇ ਨੇ ਦਾਅਵਾ ਕੀਤਾ ਹੈ ਕਿ ਪ੍ਰਿਅੰਕਾ ਗਾਂਧੀ ਦੇ ਕਾਂਗਰਸ ਜਨਰਲ ਸਕੱਤਰ ਬਣਨ ਨਾਲ ਪਾਰਟੀ ਦੇ ਚੋਣ ਭਵਿੱਖ 'ਤੇ ਪੈਣ ਵਾਲੇ ਅਸਰ ਬਾਰੇ ਭਾਵੇਂ ਅਜੇ ਕੁਝ ਸਪੱਸ਼ਟ ਨਹੀਂ, ਪਰ ਇਸ ਨਾਲ ਸੱਤਾਧਾਰੀ ਭਾਜਪਾ ਦੇ ਮੁਕਾਬਲੇ ਕਾਂਗਰਸ ਪਾਰਟੀ ਨੂੰ ਧਨ ਅਤੇ ਸਰੋਤਾਂ ਦੇ ਪਾੜੇ ਨੂੰ ਘੱਟ ਕਰਨ ਵਿੱਚ ਜ਼ਰੂਰ ਮਦਦ ਮਿਲੇਗੀ।

ਕਾਰਨੇਗੀ ਐਨਡੋਅਮੈਂਟ ਫਾਰ ਇੰਟਰਨੈਸ਼ਨਲ ਪੀਸ ਦੇ ਮਿਲਨ ਵੈਸ਼ਨਵ ਨੇ ਵਿਦੇਸ਼ ਨੀਤੀ ਬਾਰੇ ਇਸ ਰਸਾਲੇ ਦੇ ਲਈ ਲਿਖੇ ਆਰਟੀਕਲ ਵਿੱਚ ਕਿਹਾ, ‘ਕਾਂਗਰਸ ਪਾਰਟੀ ਦੀ ਨਵੀਂ ਪ੍ਰਚਾਰਕ ਭਾਵੇਂ ਅਸਲ ਵਿੱਚ ਚੋਣ ਨਾ ਲੜੇ, ਪਰ ਉਹ ਅਜਿਹੇ ਦੇਸ਼ ਵਿੱਚ ਪਾਰਟੀ ਦੇ ਚੋਣ ਫੰਡਾਂ ਦੇ ਖੱਪੇ ਦੇ ਅੰਤਰ ਨੂੰ ਘੱਟ ਜ਼ਰੂਰ ਕਰ ਸਕਦੀ ਹੈ, ਜਿਥੇ ਚੋਣ ਜਿੱਤਣ ਲਈ ਵਾਧੂ ਧਨ ਦੀ ਲੋੜ ਪੈਂਦੀ ਹੈ।' ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਆਪਣੀ ਭੈਣ ਪ੍ਰਿਅੰਕਾ ਗਾਂਧੀ ਨੂੰ ਪਿਛਲੇ ਮਹੀਨੇ ਪੂਰਬੀ ਉਤਰ ਪ੍ਰਦੇਸ਼ ਲਈ ਪਾਰਟੀ ਦੀ ਜਨਰਲ ਸਕੱਤਰ ਬਣਾਇਆ ਸੀ। ਪ੍ਰਿਅੰਕਾ ਨੇ ਆਪਣੇ ਭਰਾ ਨਾਲ ਲਖਨਊ ਵਿੱਚ ਪਰਸੋਂ ਰੋਡ ਸ਼ੋਅ ਵੀ ਕੀਤਾ ਸੀ। ਵੈਸ਼ਨਵ ਨੇ ਕਿਹਾ ਕਿ ਪ੍ਰਿਅੰਕਾ ਦੇ ਸਿਆਸਤ ਵਿੱਚ ਰਸਮੀ ਦਾਖਲੇ ਨਾਲ ਇਸ ਪਾਰਟੀ ਵਿੱਚ ਜੋਸ਼ ਭਰ ਗਿਆ ਹੈ, ਜਿਸ ਦੀ ਇਸ ਵੇਲੇ ਬਹੁਤ ਲੋੜ ਸੀ। ‘ਕਾਸਟਸ ਆਫ ਡੈਮੋਕਰੈਸੀ: ਪੋਲੀਟਿਕਲ ਫਾਇਨਾਂਸ ਇਨ ਇੰਡੀਆ' ਕਿਤਾਬ ਦੇ ਸਹਿ ਲੇਖਕ ਵੈਸ਼ਨਵ ਨੇ ਕਿਹਾ, ‘ਪ੍ਰਿਅੰਕਾ ਗਾਂਧੀ ਨੇ ਓਦੋਂ ਸਰਗਰਮ ਸਿਆਸਤ ਵਿੱਚ ਪੈਰ ਧਰਿਆ ਹੈ, ਜਦੋਂ ਕਾਂਗਰਸ ਨੂੰ ਹਰ ਮਦਦ ਦੀ ਲੋੜ ਹੈ। ਪਾਰਟੀ ਨੂੰ 2014 ਆਮ ਚੋਣਾਂ ਦੇ ਬੇਹੱਦ ਖਰਾਬ ਪ੍ਰਦਰਸ਼ਨ ਮਗਰੋਂ ਕੁਝ ਥਾਵਾਂ 'ਤੇ ਜਿੱਤ ਮਿਲੀ ਹੈ। ਪ੍ਰਿਅੰਕਾ ਦੇ ਆਉਣ ਨਾਲ ਪਾਰਟੀ ਵਰਕਰਾਂ ਦਾ ਹੌਸਲਾ ਵਧਿਆ ਹੈ।'