ਫੈਡਰਲ ਸਰਕਾਰ ਯਕੀਨੀ ਬਣਾਵੇਗੀ ਕਿ ਪ੍ਰੋਵਿੰਸਾਂ ਕੈਨੇਡਾ ਹੈਲਥ ਐਕਟ ਦੀ ਪਾਲਣਾ ਕਰਨ : ਟਰੂਡੋ

Global News

ਵਾਅਨ, 7 ਫਰਵਰੀ (ਪੋਸਟ ਬਿਊਰੋ) : ਓਨਟਾਰੀਓ ਹੈਲਥ ਕੇਅਰ ਵਿੱਚ ਹੋਣ ਵਾਲੀਆਂ ਸੰਭਾਵੀ ਤਬਦੀਲੀਆਂ ਕਾਰਨ ਨਿਜੀਕਰਨ ਦੇ ਵੱਧ ਰਹੇ ਖਤਰੇ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖਿਆ ਕਿ ਫੈਡਰਲ ਸਰਕਾਰ ਇਹ ਯਕੀਨੀ ਬਣਾਵੇਗੀ ਕਿ ਪ੍ਰੋਵਿੰਸਾਂ ਕੈਨੇਡਾ ਹੈਲਥ ਐਕਟ ਦੀ ਪਾਲਣਾ ਕਰਨ।

ਇੱਥੇ ਦੱਸਣਾ ਬਣਦਾ ਹੈ ਕਿ ਪ੍ਰੋਵਿੰਸ਼ੀਅਲ ਪ੍ਰੋਗਰੈਸਿਵ ਕੰਜ਼ਰਵੇਟਿਵ ਸਰਕਾਰ ਇਸ ਮਹੀਨੇ ਦੇ ਅਖੀਰ ਵਿੱਚ ਹੈਲਥ ਸਿਸਟਮ ਵਿੱਚ ਅਹਿਮ ਤਬਦੀਲੀਆਂ ਦਾ ਖੁਲਾਸਾ ਕਰਨ ਜਾ ਰਹੀ ਹੈ। ਐਨਡੀਪੀ ਦਾ ਕਹਿਣਾ ਹੈ ਕਿ ਲੀਕ ਹੋਏ ਦਸਤਾਵੇਜ਼ਾਂ ਦੇ ਹਿਸਾਬ ਨਾਲ ਪ੍ਰਾਈਵੇਟ ਸੈਕਟਰ ਲਈ ਵੀ ਇਨ੍ਹਾਂ ਤਬਦੀਲੀਆਂ ਵਿੱਚ ਵਧੇਰੇ ਗੁੰਜਾਇਸ਼ ਹੋਵੇਗੀ। ਓਨਟਾਰੀਓ ਦੀ ਸਿਹਤ ਮੰਤਰੀ ਕ੍ਰਿਸਟੀਨ ਐਲੀਅਟ ਨੇ ਇਹ ਭਰੋਸਾ ਦਿਵਾਇਆ ਹੈ ਕਿ ਨਵੇਂ ਸਿਸਟਮ ਵਿੱਚ ਦੋ ਪੱਧਰੀ ਕੇਅਰ ਸ਼ਾਮਲ ਨਹੀਂ ਕੀਤੀ ਜਾਵੇਗੀ ਤੇ ਨਾ ਹੀ ਸੇਵਾਵਾਂ ਲਈ ਵੱਧ ਖਰਚਾ ਕਰਨਾ ਹੋਵੇਗਾ। ਲੋੜੀਂਦੀਆਂ ਸਿਹਤ ਸੇਵਾਵਾਂ ਲਈ ਕੈਨੇਡਾ ਹੈਲਥ ਐਕਟ ਪ੍ਰਾਈਵੇਟ ਬਿੱਲ ਕੱਟਣ ਤੋਂ ਰੋਕਦਾ ਹੈ। 

ਐਲੀਅਟ ਨੇ ਹੈਲਥ ਕੇਅਰ ਦੇ ਕੁੱਝ ਹੱਦ ਤੱਕ ਨਿਜੀਕਰਣ ਤੋਂ ਇਨਕਾਰ ਨਹੀਂ ਕੀਤਾ ਜੋ ਕਿ ਓਨਟਾਰੀਓ ਦੇ ਪਬਲਿਕ ਸਿਸਟਮ ਦਾ ਪਹਿਲਾਂ ਤੋਂ ਹੀ ਹਿੱਸਾ ਹੈ। ਜਦੋਂ ਵੀਰਵਾਰ ਨੂੰ ਓਨਟਾਰੀਓ ਦੇ ਹੈਲਥ ਪਲੈਨ ਬਾਰੇ ਪੁੱਛਿਆ ਗਿਆ ਤਾਂ ਟਰੂਡੋ ਨੇ ਆਖਿਆ ਕਿ ਕੈਨੇਡਾ ਹੈਲਥ ਐਕਟ ਦੀ ਰਾਖੀ ਲਈ ਆਪਣੀਆਂ ਜਿ਼ੰਮੇਵਾਰੀਆਂ ਫੈਡਰਲ ਸਰਕਾਰ ਹਮੇਸ਼ਾਂ ਨਿਭਾਵੇਗੀ। ਉਨ੍ਹਾਂ ਮਜ਼ਬੂਤ ਹੈਲਥ ਕੇਅਰ ਸਿਸਟਮ ਤੱਕ ਸਾਰਿਆਂ ਦੀ ਪਹੁੰਚ ਨੂੰ ਯਕੀਨੀ ਬਣਾਉਣ ਦਾ ਭਰੋਸਾ ਵੀ ਦਿਵਾਇਆ।