ਮਹਾਤਮਾ ਗਾਂਧੀ ਦੇ ਪੁਤਲੇ ਨੂੰ ਗੋਲੀ ਮਾਰਨ ਵਾਲੀ ਪੂਜਾ ਪਾਂਡੇ ਅਤੇ ਉਸ ਦਾ ਪਤੀ ਗ੍ਰਿਫਤਾਰ

Global News

ਨਵੀਂ ਦਿੱਲੀ, 7 ਫਰਵਰੀ (ਪੋਸਟ ਬਿਊਰੋ)- ਮਹਾਤਮਾ ਗਾਂਧੀ ਦੇ ਪੁਤਲੇ ਨੂੰ ਗੋਲੀ ਮਾਰਨ ਦੇ ਦੋਸ਼ ਵਿੱਚ ਹਿੰਦੂ ਮਹਾਂਸਭਾ ਦੀ ਕੌਮੀ ਸੈਕਟਰੀ ਪੂਜਾ ਸ਼ਕੁਨ ਪਾਂਡੇ ਅਤੇ ਉਸ ਦੇ ਪਤੀ ਅਸ਼ੋਕ ਪਾਂਡੇ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਪੁਲਸ ਨੇ ਦੋਵਾਂ ਨੂੰ ਅਲੀਗੜ੍ਹ ਕੋਲ ਟੱਪਲ ਇਲਾਕੇ ਤੋਂ ਗ੍ਰਿਫਤਾਰ ਕੀਤਾ। ਦੋਵਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਉਨ੍ਹਾਂ ਨੂੰ 14 ਦਿਨਾਂ ਦੀ ਕਾਨੂੰਨੀ ਹਿਰਾਸਤ ਵਿੱਚ ਭੇਜ ਦਿੱਤਾ ਗਿਆ।

ਇਸ ਕੇਸ ਵਿੱਚ ਕੁੱਲ 11 ਜਣਿਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਸੀ। ਹਾਲੇ ਤੱਕ ਇਸ ਮਾਮਲੇ ਵਿੱਚ ਨੌਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਵਰਨਣ ਯੋਗ ਹੈ ਕਿ ਮਹਾਤਮਾ ਗਾਂਧੀ ਦੀ 30 ਜਨਵਰੀ ਨੂੰ ਬਰਸੀ ਵਾਲੇ ਦਿਨ ਗਾਂਧੀ ਦੇ ਪੁਤਲੇ ਨੂੰ ਪੂਜਾ ਸ਼ਕੁਨ ਪਾਂਡੇ ਨੇ ਪਿਸਤੌਲ ਨਾਲ ਗੋਲੀ ਮਾਰੀ ਸੀ। ਇਸ ਤੋਂ ਬਾਅਦ ਇਸ ਦਾ ਵੀਡੀਓ ਵੀ ਸਾਹਮਣੇ ਆਇਆ ਸੀ, ਜਿਸ 'ਤੇ ਪੁਲਸ ਨੇ ਮਾਮਲਾ ਦਰਜ ਕੀਤਾ ਸੀ। ਇਸ ਤੋਂ ਬਾਅਦ ਪੂਜਾ ਪਾਂਡੇ ਅੰਡਰਗਰਾਊਂਡ ਹੋ ਗਈ, ਪਰ ਪੁਲਸ ਉਸ ਦੀ ਤਲਾਸ਼ ਵਿੱਚ ਜ਼ੋਰਾਂ-ਸ਼ੋਰਾਂ ਨਾਲ ਜੁਟੀ ਰਹੀ। ਮਹਾਤਮਾ ਗਾਂਧੀ ਦੇ ਪੁਤਲੇ 'ਤੇ ਗੋਲੀਆਂ ਚਲਾਉਣ ਦੀ ਘਟਨਾ ਤੋਂ ਬਾਅਦ ਹੀ ਹਿੰਦੂ ਮਹਾਂਸਭਾ ਦੀ ਪੂਜਾ ਸ਼ਕੁਨ ਪਾਂਡੇ ਦੀਆਂ ਕਈ ਪੁਰਾਣੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ਵਿੱਚ ਉਹ ਭਾਜਪਾ ਦੇ ਦਿੱਗਜ ਨੇਤਾਵਾਂ ਨਾਲ ਨਜ਼ਰ ਆ ਰਹੀ ਹੈ।