ਪੈਰਿਸ ਦੀ ਰਿਹਾਇਸ਼ੀ ਇਮਾਰਤ ਵਿੱਚ ਅੱਗ ਨਾਲ ਅੱਠ ਮੌਤਾਂ

Global News

ਪੈਰਿਸ, 6 ਫਰਵਰੀ (ਪੋਸਟ ਬਿਊਰੋ)- ਇਥੇ ਇਕ ਰਿਹਾਇਸ਼ੀ ਅਪਾਰਟਮੈਂਟ ਵਿੱਚ ਦੇਰ ਰਾਤ ਲੱਗੀ ਅੱਗ ਦੇ ਨਾਲ ਅੱਠ ਵਿਅਕਤੀਆਂ ਦੀ ਮੌਤ ਹੋ ਗਈ ਹੈ। ਪੁਲਸ ਦਾ ਦਾਅਵਾ ਹੈ ਕਿ ਹਮਲਾ ਕਰਕੇ ਸਾੜਫੂਕ ਕੀਤੀ ਗਈ ਹੈ। 

ਅਮੀਰ ਇਲਾਕੇ ਵਜੋਂ ਜਾਣੇ ਜਾਂਦੇ ਦੱਖਣ ਪੱਛਮੀ ਪੈਰਿਸ ਦੀ 16ਵੀਂ ਡਿਸਟਿ੍ਰਕਟ ਦੇ ਐਰਲੈਂਗਰ ਇਲਾਕੇ ਦੀ ਇਮਾਰਤ ਦੀ ਅੱਠਵੀਂ ਮੰਜ਼ਿਲ 'ਤੇ ਲੱਗੀ ਅੱਗ ਨੂੰ ਪੁਲਸ ਦਹਾਕਿਆਂ ਬਾਅਦ ਲੱਗੀ ਸਭ ਤੋਂ ਭਿਆਨਕ ਅੱਗ ਦੱਸ ਰਹੀ ਹੈ। ਤਸਵੀਰਾਂ ਤੇ ਵੀਡੀਓ ਫੁਟੇਜ ਵਿੱਚ ਅੱਗ ਬੁਝਾਊ ਅਮਲਾ ਇਮਾਰਤ ਵਿਚਲੇ ਲੋਕਾਂ ਨੂੰ ਧੂੰਏਂ ਦੇ ਗੁਬਾਰ ਵਿੱਚੋਂ ਬਚਾਉਂਦਾ ਨਜ਼ਰ ਆ ਰਿਹਾ ਹੈ। ਇਸ ਘਟਨਾ ਵਿੱਚ ਛੇ ਬਚਾਅ ਕਰਮੀਆਂ ਸਣੇ 30 ਜਣੇ ਜ਼ਖਮੀ ਹੋਏ ਹਨ। ਪੁਲਸ ਨੇ ਇਕ ਔਰਤ ਨੂੰ ਗ੍ਰਿਫਤਾਰ ਕੀਤਾ ਹੈ। ਸਾੜ ਫੂਕ ਕਰਕੇ ਲੋਕਾਂ ਨੂੰ ਮਾਰਨ ਦੀਆਂ ਧਾਰਾਵਾਂ ਦਾ ਕੇਸ ਦਰਜ ਕੀਤਾ ਗਿਆ ਹੈ ਤੇ ਜਾਂਚ ਸ਼ੁਰੂ ਕੀਤੀ ਗਈ ਹੈ। ਮਿਲੇ ਵੇਰਵਿਆਂ ਮੁਤਾਬਕ ਅੱਗ ਰਾਤ ਕਰੀਬ ਇਕ ਵਜੇ ਲੱਗੀ। ਬਚਾਅ ਅਮਲੇ ਦੇ 200 ਮੈਂਬਰਾਂ ਨੂੰ ਅੱਗ 'ਤੇ ਕਾਬੂ ਪਾਉਣ ਲਈ ਕਰੀਬ ਪੰਜ ਘੰਟੇ ਲੱਗੇ। ਇਕ ਸਰਕਾਰ ਅਧਿਕਾਰੀ ਨੇ ਦੱਸਿਆ ਕਿ ਮੌਤਾਂ ਦੀ ਗਿਣਤੀ ਵੱਧ ਸਕਦੀ ਹੈ। ਜਾਨ ਬਚਾਉਣ ਲਈ ਕੰਪਲੈਕਸ ਵਿੱਚ ਰਹਿੰਦੇ ਲੋਕ ਨਾਲ ਲੱਗਦੀਆਂ ਇਮਾਰਤਾਂ ਦੀਆਂ ਛੱਤਾਂ 'ਤੇ ਚੜ੍ਹ ਗਏ ਜਿਨ੍ਹਾਂ ਨੂੰ ਬਚਾਅ ਕਰਮੀਆਂ ਨੇ ਸੁਰੱਖਿਅਤ ਉਤਾਰਿਆ। ਰਾਜਧਾਨੀ ਦਾ ਇਹ ਇਲਾਕਾ ਉਘੇ ਫੁਲਬਾਲ ਕਲੱਬ ਸਟੇਡੀਅਮ ਪੇਰਿਸ ਸੇਂਟ ਜਰਮੇਨ ਦੇ ਵੀ ਲਾਗੇ ਹੈ। ਪੁਲਸ ਨੇ ਕਈ ਗਲੀਆਂ ਤੇ ਸੜਕਾਂ ਸਾਵਧਾਨੀ ਹਿੱਤ ਬੰਦ ਕਰ ਦਿੱਤੀਆਂ ਹਨ।