ਅਮਰੀਕਾ ਵਿੱਚ ਮੰਦਰ ਦੀ ਭੰਨਤੋੜ, ਮੂਰਤੀ ਉੱਤੇ ਪੇਂਟ ਫੇਰਿਆ

Global News

ਵਾਸ਼ਿੰਗਟਨ, 31 ਜਨਵਰੀ, (ਪੋਸਟ ਬਿਊਰੋ)- ਅਮਰੀਕਾ ਦੇ ਕੈਂਟਕੀ ਰਾਜ ਵਿਚ ਕੁਝ ਸ਼ਰਾਰਤੀਆਂ ਨੇ ਇਕ ਹਿੰਦੂ ਮੰਦਰ ਵਿਚ ਭੰਨਤੋੜ ਕੀਤੀ ਤੇ ਭਗਵਾਨ ਦੀ ਮੂਰਤੀ ਉੱਤੇ ਕਾਲਾ ਪੇਂਟ ਸਪਰੇ ਕਰਨ ਪਿੱਛੋਂ ਮੁੱਖ ਹਾਲ ਵਿਚ ਰੱਖੀ ਕੁਰਸੀ ਚਾਕੂ ਨਾਲ ਤੋੜ ਦਿੱਤੀ ਹੈ। ਪੁਲਿਸ ਇਸ ਦੀ ਹੇਟ ਕਰਾਈਮ ਦੇ ਪੱਖ ਤੋਂ ਜਾਂਚ ਕਰ ਰਹੀ ਹੈ। 

ਲੋਕਲ ਮੀਡੀਆ ਅਨੁਸਾਰ ਕੈਂਟਕੀ ਰਾਜ ਦੇ ਲੂਈਸਵਿਲੇ ਸ਼ਹਿਰ ਦੇ ਸਵਾਮੀ ਨਾਰਾਇਣ ਮੰਦਰ ਵਿਚ ਇਹ ਘਟਨਾ ਐਤਵਾਰ ਰਾਤ ਤੋਂ ਮੰਗਲਵਾਰ ਸਵੇਰ ਦੇ ਵਿਚਾਲੇ ਹੋਈ। ਮੰਗਲਵਾਰ ਸਵੇਰੇ ਜਦੋਂ ਮੰਦਰ ਖੋਲ੍ਹਿਆ ਤਾਂ ਖਿੜਕੀਆਂ ਟੁੱਟੀਆਂ ਹੋਈਆਂ ਅਤੇ ਦੀਵਾਰਾਂ ਉੱਤੇ ਪੇਂਟ ਨਾਲ ਨਫ਼ਰਤ ਦੇ ਸ਼ਬਦ ਲਿਖੇ ਹੋਏ ਸਨ। ਮੰਦਰ ਦੇ ਦਾਨ ਪਾਤਰ ਵੀ ਖਾਲੀ ਸਨ। ਇਸ ਘਟਨਾ ਨਾਲ ਭਾਰਤੀ-ਅਮਰੀਕੀ ਭਾਈਚਾਰੇ ਵਿਚ ਰੋਸ ਹੈ। 

ਲੂਈਸਵਿਲੇ ਦੇ ਮੇਅਰ ਗ੍ਰੇਗ ਫਿਸ਼ਰ ਨੇ ਸ਼ਹਿਰ ਵਾਸੀਆਂ ਨੂੰ ਹੇਟ ਕਰਾਈਮ ਖ਼ਿਲਾਫ਼ ਖੜ੍ਹੇ ਹੋਣ ਦੀ ਅਪੀਲ ਕੀਤੀ ਹੈ। ਸਵਾਮੀ ਨਾਰਾਇਣ ਮੰਦਰ ਨਾਲ ਜੁੜੇ ਰਾਜ ਪਟੇਲ ਨੇ ਕਿਹਾ ਕਿ ਕਿਸੇ ਦਾ ਧਰਮ ਕੋਈ ਹੋਵੇ, ਪਰ ਏਦਾਂ ਨਹੀਂ ਹੋਣਾ ਚਾਹੀਦਾ ਸੀ। ਅਸੀਂ ਇਥੇ ਪੂਜਾ ਕਰਨ ਆਉੱਦੇ ਹਾਂ। ਲੂਈਸਵਿਲੇ ਦੇ ਪੁਲਿਸ ਮੁਖੀ ਸਟੀਵ ਕਾਨਰੇਡ ਨੇ ਕਿਹਾ ਕਿ ਮੰਦਰ ਨੂੰ ਹੋਰ ਵੱਧ ਸੁਰੱਖਿਆ ਦਿੱਤੀ ਜਾਵੇਗੀ।