56 ਫੀਸਦੀ ਅਮਰੀਕੀ ਡੋਨਾਲਡ ਟਰੰਪ ਦੇ ਮੁੜ ਕੇ ਰਾਸ਼ਟਰਪਤੀ ਬਣਨ ਦੇ ਖਿਲਾਫ

Global News

ਵਾਸ਼ਿੰਗਟਨ, 31 ਜਨਵਰੀ (ਪੋਸਟ ਬਿਊਰੋ)- ਅਮਰੀਕਾ ਵਿਚ ਸਾਲ 2020 ਵਿਚ ਰਾਸ਼ਟਰਪਤੀ ਚੋਣਾਂ ਹੋਣੀਆਂ ਹਨ, ਪਰ ਇਸ ਬਾਰੇ ਅਟਕਲਾਂ ਸ਼ੁਰੂ ਹੋ ਗਈਆਂ ਹਨ। ਇਕ ਅੰਗਰੇਜ਼ੀ ਸਮਾਚਾਰ ਏਜੰਸੀ ਨੇ ਪਿੱਛੇ ਜਿਹੇ ਸਰਵੇ ਕਰਵਾਇਆ ਸੀ। ਇਸ ਸਰਵੇ ਦੇ ਨਤੀਜੇ ਮੰਗਲਵਾਰ (29 ਜਨਵਰੀ) ਨੂੰ ਜਾਰੀ ਕੀਤੇ ਗਏ। ਨਤੀਜਿਆਂ ਮੁਤਾਬਕ 56 ਫੀਸਦੀ ਲੋਕ ਟਰੰਪ ਨੂੰ ਦੁਬਾਰਾ ਰਾਸ਼ਟਰਪਤੀ ਬਣਦਾ ਨਹੀਂ ਦੇਖਣਾ ਚਾਹੁੰਦੇ।

ਇਸ ਸਰਵੇਖਣ ਵਿਚ ਜਿਹੜੇ ਨਤੀਜੇ ਜਾਰੀ ਕੀਤੇ ਗਏ, ਉਹ ਡੋਨਾਲਡ ਟਰੰਪ ਲਈ ਚੰਗੇ ਨਜ਼ਰ ਨਹੀਂ ਆ ਰਹੇ। ਨਤੀਜਿਆਂ ਮੁਤਾਬਕ 56 ਫੀਸਦੀ ਲੋਕਾਂ ਨੇ ਟਰੰਪ ਨੂੰ ਦੁਬਾਰਾ ਚੁਣਨ ਲਈ ਵੋਟ ਦੇਣ ਤੋਂ ਨਾਂਹ ਕੀਤੀ ਹੈ। ਇਹ ਅੰਕੜਾ ਅੱਧੇ ਤੋਂ ਵੱਧ ਹੈ। 28 ਫੀਸਦੀ ਲੋਕਾਂ ਦਾ ਕਹਿਣਾ ਹੈ ਕਿ ਉਹ ਰੀਪਬਲਿਕ ਪਾਰਟੀ ਦੇ ਉਮੀਦਵਾਰ ਨੂੰ ਵੋਟ ਕਰਨਗੇ, 14 ਫੀਸਦੀ ਨੇ ਕਿਹਾ ਕਿ ਉਹ ਕਿਸੇ ਹੋਰ ਨੂੰ ਵੋਟ ਦੇਣ `ਤੇ ਵਿਚਾਰ ਕਰਨਗੇ। ਸਰਵੇਖਣ ਵਿਚ ਇਹ ਵੀ ਪਾਇਆ ਗਿਆ ਕਿ ਰੀਪਬਲਿਕਨ ਪਾਰਟੀ ਦੇ ਇਕ ਤਿਹਾਈ ਮੈਂਬਰ ਸਾਲ 2020 ਦੀਆਂ ਚੋਣਾਂ ਲਈ ਟਰੰਪ ਨੂੰ ਫਿਰ ਨਾਮਜ਼ਦ ਕਰਨ ਦੇ ਪੱਖ ਵਿਚ ਨਹੀਂ। ਇਸ ਪਾਰਟੀ ਵੱਲ ਝੁਕਾਅ ਵਾਲੇ 75 ਫੀਸਦੀ ਰੀਪਬਲਿਕਨ ਤੇ ਆਜ਼ਾਦ ਮੈਂਬਰ ਹਾਲੇ ਵੀ ਰਾਸ਼ਟਰਪਤੀ ਦਾ ਸਮਰਥਨ ਕਰਦੇ ਹਨ। ਡੈਮੋਕ੍ਰੇਟਸ ਅਤੇ ਆਜ਼ਾਦ ਲੋਕਾਂ ਵਿੱਚੋਂ 44 ਫੀਸਦੀ ਦਾ ਝੁਕਾਅ ਉਨ੍ਹਾਂ ਦੀ ਪਾਰਟੀ ਦੀ ਨਾਮਜ਼ਦਗੀ ਲਈ ਹੈ, ਪਰ ਇਸ ਸਮੇਂ ਕਿਸੇ ਵੀ ਉਮੀਦਵਾਰ ਕੋਲ ਸਪੱਸ਼ਟ ਬਹੁਮਤ ਨਹੀਂ। ਸਾਬਕਾ ਉਪ ਰਾਸ਼ਟਰਪਤੀ ਜੋਅ ਬਿਡੇਨ ਅਤੇ ਕੈਲੀਫੋਰਨੀਆ ਦੀ ਸੈਨੇਟਰ ਕਮਲਾ ਹੈਰਿਸ ਕੋਲ ਕ੍ਰਮਵਾਰ 9 ਅਤੇ 8 ਫੀਸਦੀ ਪਸੰਦੀਦਾ ਵੋਟ ਹਨ। ਸਰਵੇਖਣ 1,001 ਲੋਕਾਂ ਦੀ ਵੋਟ ਦੇ ਆਧਾਰ `ਤੇ ਕੀਤਾ ਗਿਆ। ਇਹ ਸਰਵੇ 21 ਤੋਂ 24 ਜਨਵਰੀ ਵਿਚਕਾਰ ਕੀਤਾ ਗਿਆ ਸੀ।