ਅਸਾਮ ਧਮਾਕਾ ਕੇਸ: ਐਨ ਡੀ ਐਫ ਬੀ ਦੇ ਮੁਖੀ ਤੇ ਨੌਂ ਹੋਰਨਾਂ ਨੂੰ ਉਮਰ ਕੈਦ ਦੀ ਸਜ਼ਾ

Global News

ਗੁਹਾਟੀ, 31 ਜਨਵਰੀ (ਪੋਸਟ ਬਿਊਰੋ)- ਵਿਸ਼ੇਸ਼ ਸੀ ਬੀ ਆਈ ਅਦਾਲਤ ਨੇ ਸਾਲ 2008 ਵਿੱਚ ਅਸਾਮ ਵਿੱਚ ਵਾਪਰੇ ਲੜੀਵਾਰ ਬੰਬ ਧਮਾਕਿਆਂ ਦੇ ਕੇਸ ਵਿੱਚ ਨੈਸ਼ਨਲ ਡੈਮੋਕਰੈਟਿਕ ਫਰੰਟ ਆਫ ਬੋਡੋਲੈਂਡ (ਐਨ ਡੀ ਐਫ ਬੀ) ਦੇ ਮੁਖੀ ਰੰਜਨ ਡਾਇਮੇਰੀ ਅਤੇ ਉਸ ਦੀ ਜਥੇਬੰਦੀ ਦੇ ਨੌਂ ਹੋਰਨਾਂ ਮੈਂਬਰਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਨ੍ਹਾਂ ਧਮਾਕਿਆਂ ਵਿੱਚ 88 ਵਿਅਕਤੀਆਂ ਦੀ ਜਾਨ ਜਾਂਦੀ ਰਹੀ ਸੀ। ਐਨ ਡੀ ਐਫ ਬੀ ਦੇ ਮੁਖੀ ਰੰਜਨ ਡਾਇਮੇਰੀ ਨੇ ਕਿਹਾ ਕਿ ਉਹ ਇਸ ਫੈਸਲੇ ਦੇ ਖਿਲਾਫ ਹਾਈ ਕੋਰਟ ਵਿੱਚ ਅਪੀਲ ਕਰਨਗੇ। ਫੈਸਲੇ ਤੋਂ ਫੌਰੀ ਮਗਰੋਂ ਡਾਇਮੇਰੀ ਦੀ ਜ਼ਮਾਨਤ ਰੱਦ ਹੁੰਦਿਆਂ ਸਾਰ ਹੀ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। 

ਇਸ ਸੰਬੰਧ ਵਿੱਚ ਸੀ ਬੀ ਆਈ ਦੇ ਵਿਸ਼ੇਸ਼ ਜੱਜ ਅਪਰੇਸ਼ ਚੱਕਰਬਰਤੀ ਨੇ ਕੱਲ੍ਹ ਅਦਾਲਤੀ ਅਹਾਤੇ ਵਿੱਚ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਜਿਨ੍ਹਾਂ ਦੋਸ਼ੀਆਂ ਨੂੰ ਸਜ਼ਾ ਸੁਣਾਈ, ਉਨ੍ਹਾਂ ਵਿੱਚ ਜਥੇਬੰਦੀ ਦੇ ਮੁਖੀ ਡਾਇਮੇਰੀ, ਜੌਰਜ ਬੋਡੋ, ਬੀ ਥਰਾਏ, ਅਨਚਾਏ ਬੋਡੋ, ਇੰਦਰਾ ਬ੍ਰਹਮਾ, ਲੋਕੋ ਬਸੁਮਾਤਾਰੀ, ਖਰਗੇਸ਼ਵਰ ਬਸੁਮਾਤਾਰੀ, ਅਜੈ ਬਸੁਮਾਤਾਰੀ ਰਾਜੂ ਸਰਕਾਰ ਅਤੇ ਰਾਜਨ ਗੋਇਰੀ ਸ਼ਾਮਲ ਹਨ। ਤਿੰਨ ਹੋਰ ਮੁਜਰਮਾਂ ਪ੍ਰਭਾਤ ਬੋਡੋ, ਜਯੰਤੀ ਬਸੁਮਾਤਾਰੀ ਤੇ ਮਥੁਰਾ ਬ੍ਰਹਮਾ ਨੂੰ ਜੁਰਮਾਨੇ ਦੀ ਅਦਾਇਗੀ ਪਿੱਛੋਂ ਛੱਡਣ ਦੇ ਹੁਕਮ ਦਿੱਤੇ ਗਏ ਹਨ। ਸੀ ਬੀ ਆਈ ਕੋਰਟ ਨੇ ਨਿਲਿਮ ਡਾਇਮੇਰੀ ਅਤੇ ਮ੍ਰਿਦੁਲ ਗੋਇਰੀ ਨੂੰ ਰਿਹਾਅ ਕਰ ਦਿੱਤਾ ਹੈ, ਕਿਉਂਕਿ ਉਹ ਪਹਿਲਾਂ ਹੀ ਆਪਣੀ ਸਜ਼ਾ ਕੱਟ ਚੁੱਕੇ ਹਨ। ਇਸ ਦੌਰਾਨ ਐਨ ਡੀ ਐਫ ਬੀ ਦੇ ਮੁਖੀ ਰੰਜਨ ਡਾਇਮੇਰੀ ਨੇ ਕਿਹਾ ਉਹ ਇਸ ਫੈਸਲੇ ਦੇ ਖਿਲਾਫ ਉਚੀ ਅਦਾਲਤ ਜਾਣਗੇ। ਡਾਇਮੇਰੀ ਨੇ ਕਿਹਾ, ‘ਭਾਵੇਂ ਅਸੀਂ ਜੇਲ੍ਹ ਵਿੱਚ ਬੰਦ ਹੋਵਾਂਗੇ, ਪਰ ਬੋਡੋਲੈਂਡ ਦਾ ਗਠਨ ਜ਼ਰੂਰ ਹੋਵੇਗਾ।' ਦੂਸਰੇ ਪਾਸੇ ਐਨ ਡੀ ਐਫ ਬੀ ਦੇ ਹਮਾਇਤੀਆਂ ਨੇ ਵੱਖਰੇ ਬੋਡੋਲੈਂਡ ਦੀ ਮੰਗ ਦੇ ਨਾਅਰੇ ਲਾਏ। ਮਿਤੀ 30 ਅਕਤੂਬਰ 2008 ਨੂੰ ਗੁਹਾਟੀ, ਕੋਕਰਾਝਾਰ, ਬਾਰਪੇਟਾ ਤੇ ਬੋਨਗਾਈਗਾਓਂ ਵਿੱਚ 9 ਧਮਾਕਿਆਂ ਵਿੱਚ 88 ਵਿਅਕਤੀ ਹਲਾਕ ਅਤੇ 540 ਲੋਕ ਜ਼ਖਮੀ ਹੋਏ ਸਨ।