ਮੈਂ ਦਿੰਦਾ ਰਹਾਂਗਾ ਨਿੰਦਾ ਕਰਨ ਵਾਲਿਆਂ ਨੂੰ ਜਵਾਬ : ਸ਼ਾਸਤਰੀ

Global News

ਮੈਲਬੌਰਨ : ਭਾਰਤੀ ਟੀਮ ਦੇ ਮੁੱਖ ਕੋਚ ਰਵੀ ਸ਼ਾਸਤਰੀ ਜਵਾਬ ਦੇਣ ਵਿਚ ਵਿਸ਼ਵਾਸ ਨਹੀਂ ਰੱਖਦੇ ਪਰ ਜੇ ਉਨ੍ਹਾਂ ਨੂੰ ਲਗਦਾ ਹੈ ਕਿ ਰਾਸ਼ਟਰੀ ਟੀਮ ਦੀ ਨਿੰਦਾ ਕਿਸੇ ਏਜੰਡੇ ਤਹਿਤ ਕੀਤੀ ਜਾ ਰਹੀ ਹੈ ਤਾਂ ਉਹ ਇਸ ਦਾ ਸਿੱਧਾ ਜਵਾਬ ਦੇਣਗੇ। 'ਦ ਡੇਲੀ ਟੈਲੀਗ੍ਰਾਫ' ਨਾਲ ਗੱਲ ਕਰਦੇ ਹੋਏ ਸ਼ਾਸਤਰੀ ਨੇ ਵਿਰਾਟ ਕੋਹਲੀ ਦੀ ਪ੍ਰਸ਼ੰਸਾ ਕੀਤੀ ਤੇ ਕਿਹਾ ਕਿ ਜਿਸ ਤਰ੍ਹਾਂ ਉਹ ਬੱਲੇਬਾਜ਼ੀ ਕਰਦੇ ਹਨ ਉਹ ਵਿਵੀਅਨ ਰਿਚਰਡਜ਼ ਵਾਂਗ ਹਨ। ਮਾਈਕਲ ਵਾਨ ਨੂੰ ਦਿੱਤੀ ਇੰਟਰਵਿਊ ਵਿਚ ਸ਼ਾਸਤਰੀ ਨੇ ਕਿਹਾ ਕਿ ਤੁਸੀਂ ਇਸ ਦੀ ਉਮੀਦ ਕਰਦੇ ਹੋ। ਮੈਂ ਉਨ੍ਹਾਂ ਵਿਅਕਤੀਆਂ ਵਿਚੋਂ ਇਕ ਹਾਂ ਜੋ ਮੰਨਦੇ ਹਨ ਕਿ ਜੇ ਨਿੰਦਾ ਰਚਨਾਤਮਕ ਹੈ ਤਾਂ ਠੀਕ ਹੈ ਪਰ ਜੇ ਮੈਨੂੰ ਲਗਦਾ ਹੈ ਕਿ ਇਹ ਕਿਸੇ ਏਜੰਡੇ ਨੂੰ ਲੈ ਕੇ ਕੀਤੀ ਜਾ ਰਹੀ ਹੈ ਤਾਂ ਮੈਂ ਸਿੱਧਾ ਇਸ ਦਾ ਜਵਾਬ ਦੇਵਾਂਗਾ। ਮੈਂ ਸੱਚ ਕਹਿ ਰਿਹਾ ਹਾਂ। ਮੈਨੂੰ ਪਰਵਾਹ ਨਹੀਂ ਕਿ ਉਹ ਕੋਈ ਮਹਾਨ ਵਿਅਕਤੀ ਹੈ ਜਾਂ ਕੋਈ ਆਮ ਵਿਅਕਤੀ। ਜੇ ਮੈਨੂੰ ਲਗਦਾ ਹੈ ਕਿ ਮੈਨੂੰ ਇਸ ਦਾ ਜਵਾਬ ਦੇਣਾ ਹੈ ਤਾਂ ਮੈਂ ਅਜਿਹਾ ਕਰਾਂਗਾ। ਪਿਛਲੇ ਦਿਨੀਂ ਮਹਾਨ ਕ੍ਰਿਕਟਰ ਸੁਨੀਲ ਗਾਵਸਕਰ ਨੇ ਪਰਥ ਟੈਸਟ ਵਿਚ ਭਾਰਤ ਨੂੰ ਮਿਲੀ ਹਾਰ ਤੋਂ ਬਾਅਦ ਟੀਮ ਦੀ ਨਿੰਦਾ ਕੀਤੀ ਸੀ। ਉਨ੍ਹਾਂ ਨੇ ਟੀਮ ਦੀ ਟਰੇਨਿੰਗ ਦੇ ਤਰੀਕਿਆਂ 'ਤੇ ਸਵਾਲ ਉਠਾਏ ਸਨ। ਸ਼ਾਸਤਰੀ ਨੇ ਉਨ੍ਹਾਂ ਨੂੰ ਜਵਾਬ ਦਿੰਦੇ ਹੋਏ ਕਿਹਾ ਸੀ ਕਿ ਉਹ ਸੈਂਕੜੇ ਮੀਲ ਦੂਰ 'ਹਵਾ 'ਚ ਤੀਰ ਛੱਡਣ' ਵਾਂਗ ਹੈ। ਇਸ ਦੇ ਜਵਾਬ ਵਿਚ ਗਾਵਸਕਰ ਨੇ ਕਿਹਾ ਸੀ ਕਿ ਸਾਡੀਆਂ ਪ੍ਰਤੀਕਿਰਿਆਵਾਂ ਨੇ ਹੀ ਮੈਲਬੌਰਨ ਵਿਚ ਟੀਮ ਨੂੰ ਚੰਗਾ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ। ਸ਼ਾਸਤਰੀ ਤੋਂ ਜਦ ਸਚਿਨ ਤੇਂਦੁਲਕਰ ਤੇ ਵਿਰਾਟ ਕੋਹਲੀ ਵਿਚਾਲੇ ਤੁਲਨਾ ਕਰਨ ਲਈ ਕਿਹਾ ਗਿਆ ਤਾਂ ਉਨ੍ਹਾਂ ਨੇ ਕਿਹਾ ਤੇਂਦੁਲਕਰ ਜ਼ਿਆਦਾ ਸ਼ਾਂਤ ਖਿਡਾਰੀ ਸਨ ਤੇ ਆਪਣੀ ਹੱਦ ਵਿਚ ਰਹਿੰਦੇ ਸਨ ਜਦਕਿ ਕੋਹਲੀ ਕਾਫੀ ਹਮਲਾਵਰ ਹਨ।

ਉਨ੍ਹਾਂ ਨੇ ਕਿਹਾ ਕਿ ਕਿਸੇ ਨੇ ਮੈਨੂੰ ਪੁੱਛਿਆ ਕਿ ਕੀ ਸਚਿਨ ਤੇ ਵਿਰਾਟ ਵਿਚ ਕੋਈ ਸਮਾਨਤਾ ਹੈ ਤਾਂ ਮੈਂ ਕਿਹਾ ਕਿ ਬਹੁਤ ਸਮਾਨਤਾ ਹੈ। ਚਲੋ ਕੰਮ ਦੀ ਨੈਤਿਕਤਾ ਤੋਂ ਸ਼ੁਰੂ ਕਰਦੇ ਹਾਂ। ਉਨ੍ਹਾਂ ਨੇ ਕਿਹਾ ਕਿ ਉਹ ਕਾਫੀ ਸਖ਼ਤ ਮਿਹਨਤ ਕਰਦੇ ਹਨ। ਕਈ ਘੰਟੇ ਨੈੱਟ 'ਤੇ ਅਭਿਆਸ ਕਰਦੇ ਹਨ ਤੇ ਕ੍ਰਿਕਟ ਲਈ ਆਪਣੀਆਂ ਜ਼ਰੂਰੀ ਚੀਜ਼ਾਂ ਦਾ ਤਿਆਗ ਕਰਦੇ ਹਨ। ਦੋਵੇਂ ਦੂਜੇ 'ਤੇ ਉਂਗਲੀ ਨਹੀਂ ਉਠਾਉਂਦੇ। ਜੇ ਤੁਸੀਂ ਗ਼ਲਤੀ ਕਰਦੇ ਹੋ ਤਾਂ ਉਸ ਨੂੰ ਸਵੀਕਾਰ ਕਰਨਾ ਚਾਹੀਦਾ ਹੈ। ਉਹ ਅਜਿਹਾ ਹੀ ਕਰਦੇ ਹਨ।

ਕੋਹਲੀ ਤੇ ਸਚਿਨ 'ਚ ਫ਼ਰਕ

ਸ਼ਾਸਤਰੀ ਨੇ ਦੋਵਾਂ ਖਿਡਾਰੀਆਂ ਵਿਚਾਲੇ ਫ਼ਰਕ ਨੂੰ ਦੱਸਿਆ। ਉਨ੍ਹਾਂ ਕਿਹਾ ਕਿ ਵਿਰਾਟ ਕਾਫੀ ਹਮਲਾਵਰ ਹਨ। ਉਹ ਜਿਵੇਂ ਬੱਲੇਬਾਜ਼ੀ ਕਰਦੇ ਹਨ ਉਹ ਵਿਵੀਅਨ ਰਿਚਰਡਜ਼ ਦੇ ਕਾਫੀ ਨੇੜੇ ਹਨ। ਉਹ ਤੇਜ਼ ਗੇਂਦਬਾਜ਼ਾਂ ਤੇ ਵਿਰੋਧੀਆਂ ਨੂੰ ਹਮਲਾਵਰ ਹੋ ਕੇ ਜਵਾਬ ਦਿੰਦੇ ਹਨ।

ਬਹੁਤ ਮਿਹਨਤੀ ਹਨ ਵਿਰਾਟ

ਸ਼ਾਸਤਰੀ ਨੇ ਕਿਹਾ ਕਿ ਵਿਰਾਟ ਮਿਹਨਤ ਤੋਂ ਪਿੱਛੇ ਨਹੀਂ ਹਟਦੇ। ਉਨ੍ਹਾਂ ਨੇ ਬੱਲੇਬਾਜ਼ੀ ਦੇ ਇਹ ਗ਼ੁਰ ਇੰਗਲੈਂਡ ਵਿਚ ਸਿੱਖੇ। ਸ਼ਾਸਤਰੀ ਨੇ ਕਿਹਾ ਕਿ ਕੋਹਲੀ ਦੀ ਸਭ ਤੋਂ ਵੱਡੀ ਖ਼ਾਸੀਅਤ ਉਨ੍ਹਾਂ ਦੀ ਮਾਨਸਿਕਤਾ ਹੈ। ਉਹ ਟੀਮ 'ਚ ਖਿਡਾਰੀਆਂ ਦਾ ਕਾਫੀ ਖ਼ਿਆਲ ਰੱਖਦੇ ਹਨ।

ਨੌਜਵਾਨਾਂ ਲਈ ਹਨ ਆਦਰਸ਼ :

ਕੋਚ ਸ਼ਾਸਤਰੀ ਨੇ ਕਿਹਾ ਕਿ ਵਿਰਾਟ ਦੂਜਿਆਂ ਲਈ ਆਦਰਸ਼ ਹਨ। ਉਹ ਮਹਾਨ ਖਿਡਾਰੀ ਬਣਨ ਤੋਂ ਬਾਅਦ ਵੀ ਆਪਣੀ ਹੱਦ ਵਿਚ ਰਹਿੰਦੇ ਹਨ। ਉਹ ਟੈਸਟ ਦਾ ਸਨਮਾਨ ਕਰਦੇ ਹਨ। ਕੋਹਲੀ ਨੇ ਪਿਛਲੇ ਦਿਨੀਂ ਨੌਜਵਾਨ ਕ੍ਰਿਕਟਰਾਂ ਨੂੰ ਛੋਟੇ ਫਾਰਮੈਟ ਨੂੰ ਛੱਡ ਕੇ ਟੈਸਟ ਕ੍ਰਿਕਟ 'ਤੇ ਧਿਆਨ ਦੇਣ ਲਈ ਕਿਹਾ।