ਤੁਹਾਡਾ ਦਿਮਾਗ ਹੀ ਤੁਹਾਡਾ ਗਾਈਡ ਹੈ: ਕ੍ਰਿਤੀ ਖਰਬੰਦਾ

Global News

ਮਾਡਲਿੰਗ ਤੋਂ ਆਪਣਾ ਕਰੀਅਰ ਸ਼ੁਰੂ ਕਰ ਕੇ ਕੰਨੜ, ਤਮਿਲ, ਤੇਲਗੂ ਤੇ ਹਿੰਦੀ ਫਿਲਮਾਂ ਵਿੱਚ ਕੰਮ ਕਰ ਰਹੀ ਅਭਿਨੇਤਰੀ ਕ੍ਰਿਤੀ ਖਰਬੰਦਾ ਨੇ ‘ਰਾਜ਼ ਰਿਬੂਟ’ ਨਾਲ ਬਾਲੀਵੁੱਡ ਵਿੱਚ ਐਂਟਰੀ ਕੀਤੀ ਸੀ। ਫਿਲਮ ਜ਼ਿਆਦਾ ਨਹੀਂ ਚੱਲੀ, ਪਰ ਉਸ ਵਿੱਚ ਉਸ ਦੇ ਅਭਿਨੈ ਨੂੰ ਤਾਰੀਫ ਮਿਲੀ। ਇਸ ਤੋਂ ਬਾਅਦ ਉਸ ਨੇ ‘ਗੈਸਟ ਇਨ ਲੰਦਨ’, ‘ਸ਼ਾਦੀ ਮੇ ਜ਼ਰੂਰ ਆਨਾ’, ‘ਵੀਰੇ ਦੀ ਵੈਡਿੰਗ’, ‘ਯਮਲਾ ਪਗਲਾ ਦੀਵਾਨਾ ਫਿਰ ਸੇ’ ਵਰਗੀਆਂ ਫਿਲਮਾਂ 'ਚ ਕੰਮ ਕੀਤਾ ਹੈ। 

ਪੇਸ਼ ਹਨ ਉਸ ਨਾਲ ਗੱਲਬਾਤ ਦੇ ਕੁਝ ਅੰਸ਼ :

* ਬਾਲੀਵੁੱਡ ਵਿੱਚ ਨਵੇਂ ਕਲਾਕਾਰਾਂ ਤੋਂ ਗਲੈਮਰ ਦੇ ਨਾਂਅ 'ਤੇ ਕਈ ਤਰ੍ਹਾਂ ਦੇ ਕੰਮ ਕਰਾਏ ਜਾਂਦੇ ਹਨ। ਕੀ ਕਲਾਕਾਰ ਦੇ ਰੂਪ 'ਚ ਤੁਸੀਂ ਆਪਣੇ ਲਈ ਲਛਮਣ ਰੇਖਾ ਖਿੱਚੀ ਹੈ?

- ਨਹੀਂ, ਮੈਂ ਹਾਲੇ ਕੋਈ ਲਛਮਣ ਰੇਖਾ ਨਹੀਂ ਖਿੱਚੀ। ਪਹਿਲਾਂ ਮੈਂ ਤੈਅ ਕੀਤਾ ਸੀ ਕਿ ਮੈਂ ਸਕਰੀਨ 'ਤੇ ਬਿਕਨੀ ਨਹੀਂ ਪਹਿਨਾਂਗੀ ਜਾਂ ਕਿਸਿੰਗ ਸੀਨ' ਨਹੀਂ ਕਰਾਂਗੀ, ਪਰ ਫਿਲਮ ‘ਰਾਜ਼ ਰਿਬੂਟ’ 'ਚ ਮੈਂ ਕੀਤਾ ਕਿਉਂਕਿ ਇਹ ਡਾਇਰੈਕਟਰ ਦੀ ਨਹੀਂ, ਸਗੋਂ ਕਹਾਣੀ ਦੀ ਮੰਗ ਸੀ। ਮੇਰੇ ਹਿਸਾਬ ਨਾਲ ਸਕਰੀਨ 'ਤੇ ਕਿਸਿੰਗ ਸੀਨ ਕਰਨਾ ਇੱਕ ਇਮੋਸ਼ਨ ਹੈ।

* ਕਿਤੇ ਅਜਿਹਾ ਤਾਂ ਨਹੀਂ ਕਿ ਇਥੇ ਇੱਕ ਆਊਟਸਾਈਡਰ ਲਈ ਲਛਮਣ ਰੇਖਾ ਬਣਾਉਣਾ ਮੁਸ਼ਕਲ ਹੁੰਦਾ ਹੈ?

- ਅਜਿਹਾ ਨਹੀਂ ਹੈ, ਹਰ ਕਿਸੇ ਦੀ ਸੋਚ ਵੱਖਰੀ ਹੈ। ਸਟਾਰ ਕਿਡ ਨੂੰ ਆਫਰ ਮਿਲਦੇ ਹਨ, ਪਰ ਆਖਰ ਉਨ੍ਹਾਂ ਨੂੰ ਆਪਣੇ ਆਪ ਨੂੰ ਪਰੂਵ ਕਰਨਾ ਪੈਂਦਾ ਹੈ। ਕੋਈ ਕਲਾਕਾਰ ਫਿਲਮ ਵਿੱਚ ਇੰਟੀਮੇਟ ਸੀਨ ਕਰੇ ਜਾਂ ਨਾ ਕਰੇ ਇਹ ਪੂਰੀ ਤਰ੍ਹਾਂ ਉਸ 'ਤੇ ਨਿਰਭਰ ਕਰਦਾ ਹੈ। ਮੈਨੂੰ ਫਿਲਮਾਂ ਦੇ ਆਫਰ ਮਿਲਦੇ ਹਨ ਅਤੇ ਕਲਾਕਾਰ ਦੇ ਰੂਪ 'ਚ ਮੈਨੂੰ ਹਰ ਤਰ੍ਹਾਂ ਦੀਆਂ ਫਿਲਮਾਂ ਕਰਨ ਦੀ ਇੱਛਾ ਹੈ।

* ਫਿਲਮ ਨਗਰੀ ਵਿੱਚ ਮੈਂਟਰ ਜਾਂ ਗਾਡਫਾਦਰ ਦਾ ਹੋਣਾ ਜ਼ਰੂਰੀ ਮੰਨਿਆ ਜਾਂਦਾ ਹੈ। ਕੀ ਤੁਹਾਡਾ...?

- ਨਹੀਂ, ਮੈਂ ਆਪਣੇ ਆਪ ਨੂੰ ਆਪਣੇ ਮੈਂਟਰ ਮੰਨਦੀ ਹਾਂ। ਸ਼ੁਰੂ 'ਚ ਮੈਂ ਇਥੇ ਕਿਸੇ ਨੂੰ ਜਾਣਦੀ ਤੱਕ ਨਹੀਂ ਸੀ ਕਿ ਕਿਸ ਕੋਲ ਜਾਵਾਂ। ਜਦੋਂ ਫਿਲਮ ‘ਰਾਜ਼ ਰਿਬੂਟ’ ਨਹੀਂ ਚੱਲੀ ਤਾਂ ਮੈਨੂੰ ਲੱਗਾ ਕਿ ਕੰਮ ਮਿਲਣਾ ਔਖਾ ਹੋਵੇਗਾ, ਪਰ ਅਜਿਹਾ ਨਹੀਂ ਹੋਇਆ। ਮੈਨੂੰ ਕੰਮ ਮਿਲਿਆ। ਅਸਲ ਵਿੱਚ ਜ਼ਿੰਦਗੀ ਵਿੱਚ ਸਿਰਫ ਤੁਹਾਡਾ ਦਿਮਾਗ ਹੀ ਤੁਹਾਡਾ ਗਾਈਡ ਹੁੰਦਾ ਹੈ।
* ਤੁਹਾਡਾ ਸਪੱਸ਼ਟਵਾਦੀ ਹੋਣਾ ਤੁਹਾਡੇ ਕਰੀਅਰ ਨੂੰ ਫਾਇਦਾ ਪਹੁੰਚਾ ਰਿਹਾ ਹੈ ਜਾਂ...?

- ਮੈਂ ਹਮੇਸ਼ਾ ਤੋਂ ਹਾਜ਼ਰ ਜਵਾਬ ਰਹੀ ਹਾਂ। ਮੈਂ ਮਾਨਸਿਕ ਬਿਮਾਰੀ, ਔਰਤਾਂ ਤੇ ਬੱਚਿਆਂ 'ਤੇ ਜ਼ੁਲਮ ਆਦਿ ਸਾਰੇ ਵਿਸ਼ਿਆਂ 'ਤੇ ਖੁੱਲ੍ਹ ਕੇ ਗੱਲਾਂ ਕੀਤੀਆਂ ਹਨ। ਇਨ੍ਹਾਂ ਵਿਸ਼ਿਆਂ 'ਤੇ ਮੈਂ ਕੁਝ ਕਰਨਾ ਵੀ ਚਾਹੁੰਦੀ ਹਾਂ। ਮੈਂ ਕੁਝ ਗਲਤ ਸਹਿਣ ਨਹੀਂ ਕਰ ਸਕਦੀ ਅਤੇ ਇਸ ਬਾਰੇ ਕੁਝ ਕਹਿਣ ਨੂੰ ਵੀ ਗਲਤ ਨਹੀਂ ਮੰਨਦੀ। ਕਰੀਅਰ ਨੂੰ ਲੈ ਕੇ ਮੇਰਾ ਇਹੀ ਰੁਖ਼ ਹੈ।

* ਅੱਗੇ ਤੁਹਾਨੂੰ ਕਿਸ ਫਿਲਮ 'ਚ ਲੋਕ ਦੇਖਣ ਸਕਣਗੇ?

-ਹੁਣੇ ਮੈਂ ਫਿਲਮ ‘ਹਾਊਸਫੁਲ 4’ ਕਰ ਰਹੀ ਹਾਂ। ਇਸ ਫਿਲਮ ਦਾ ਬਜਟ 180-200 ਕਰੋੜ ਤੱਕ ਹੋਣ ਵਾਲਾ ਹੈ।