ਈਰਾਨ ਨੇ ਸਾਬਕਾ ਅਮਰੀਕੀ ਜਲ ਸੈਨਿਕ ਨੂੰ ਕੀਤਾ ਗ੍ਰਿਫਤਾਰ

Global News

ਤਹਿਰਾਨ (ਏਪੀ) : ਈਰਾਨ ਨੇ ਪੁਸ਼ਟੀ ਕੀਤੀ ਹੈ ਕਿ ਉਸ ਨੇ ਸਾਬਕਾ ਅਮਰੀਕੀ ਜਲ ਸੈਨਿਕ ਮਾਈਕਲ ਆਰ ਵ੍ਹਾਈਟ ਨੂੰ ਗ੍ਰਿਫਤਾਰ ਕੀਤਾ ਹੋਇਆ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸ਼ਾਸਨ ਕਾਲ 'ਚ ਕਿਸੇ ਅਮਰੀਕੀ ਦੀ ਈਰਾਨ 'ਚ ਇਹ ਪਹਿਲੀ ਗ੍ਰਿਫਤਾਰੀ ਹੈ। ਇਸ ਨਾਲ ਦੋਨੋਂ ਦੇਸ਼ਾਂ 'ਚ ਪਹਿਲਾਂ ਤੋਂ ਜਾਰੀ ਤਣਾਅ ਹੋਰ ਵੱਧ ਸਕਦਾ ਹੈ।

ਵਿਸ਼ਵ ਸ਼ਕਤੀਆਂ ਨਾਲ ਈਰਾਨ ਦੇ ਪਰਮਾਣੂ ਸਮਝੌਤੇ ਨਾਲ ਅਮਰੀਕਾ ਮਈ 'ਚ ਇਕਪਾਸੜ ਬਾਹਰ ਹੋ ਗਿਆ ਸੀ। ਤਦ ਤੋਂ ਦੋਨੋਂ ਦੇਸ਼ਾਂ 'ਚ ਤਣਾਅ ਚੱਲ ਰਿਹਾ ਹੈ। ਮਾਈਕਲ ਦੀ ਗ੍ਰਿਫਤਾਰੀ ਦੇ ਕਾਰਨ ਹਾਲੇ ਸਪੱਸ਼ਟ ਨਹੀਂ ਹਨ ਪਰ ਈਰਾਨ ਪਹਿਲਾਂ ਵੀ ਪੱਛਮੀ ਦੇਸ਼ਾਂ ਦੇ ਨਾਗਰਿਕਾਂ ਨੂੰ ਹਿਰਾਸਤ 'ਚ ਲੈ ਕੇ ਉਨ੍ਹਾਂ ਦਾ ਇਸਤੇਮਾਲ ਸੌਦੇਬਾਜ਼ੀ ਲਈ ਕਰਦਾ ਰਿਹਾ ਹੈ। ਈਰਾਨ ਦੀ ਅਰਧ-ਸਰਕਾਰੀ ਨਿਊਜ਼ ਏਜੰਸੀ ਤਸਨੀਮ ਨੇ ਈਰਾਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਬਹਿਰਾਮ ਘਾਸੇਮੀ ਦੇ ਹਵਾਲੇ ਤੋਂ ਕਿਹਾ ਕਿ ਇਕ ਅਮਰੀਕੀ ਨਾਗਰਿਕ ਨੂੰ ਕੁਝ ਸਮਾਂ ਪਹਿਲਾਂ ਮਸ਼ਹਦ ਸ਼ਹਿਰ 'ਚ ਗਿ੍ਫ਼ਤਾਰ ਕੀਤਾ ਗਿਆ ਸੀ।ਗ੍ਰਿਫਤਾਰੀ ਦੇ ਸ਼ੁਰੂਆਤੀ ਦਿਨਾਂ 'ਚ ਇਹ ਸੂਚਨਾ ਅਮਰੀਕੀ ਅਧਿਕਾਰੀਆਂ ਨੂੰ ਦੇ ਦਿੱਤੀ ਗਈ ਸੀ। ਮਸ਼ਹਦ ਰਾਜਧਾਨੀ ਤਹਿਰਾਨ ਤੋਂ 95 ਕਿਲੋਮੀਟਰ ਪੂਰਬ ਵਿਚ ਸਥਿਤ ਹੈ। ਅਮਰੀਕੀ ਅਖ਼ਬਾਰ 'ਨਿਊਯਾਰਕ ਟਾਈਮਜ਼' 'ਚ ਮਾਈਕਲ ਦੀ ਮਾਂ ਜੋਆਨ ਵ੍ਹਾਈਟ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ ਬੇਟੇ ਦੇ ਜ਼ਿੰਦਾ ਅਤੇ ਕੈਦ ਹੋਣ ਦੀ ਸੂਚਨਾ ਤਿੰਨ ਹਫ਼ਤੇ ਪਹਿਲਾਂ ਮਿਲੀ। ਜੋਹਾਨ ਨੇ ਕਿਹਾ ਕਿ ਉਨ੍ਹਾਂ ਦਾ 46 ਸਾਲਾ ਬੇਟਾ ਮਾਈਕਲ ਆਪਣੀ ਗਰਲਫ੍ਰੈਂਡ ਨੂੰ ਮਿਲਣ ਈਰਾਨ ਗਿਆ ਸੀ। ਮਾਈਕਲ ਦੇ ਇਲਾਵਾ ਚਾਰ ਹੋਰ ਅਮਰੀਕੀ ਵੀ ਇਸ ਸਮੇਂ ਈਰਾਨ ਦੀ ਕੈਦ ਵਿਚ ਹਨ।