ਬੰਗਲਾਦੇਸ਼ 'ਚ ਪੀਐੱਮ ਹਸੀਨਾ ਦੀ ਤਸਵੀਰ ਨਾਲ ਛੇੜਛਾੜ 'ਤੇ ਸੱਤ ਸਾਲ ਦੀ ਜੇਲ੍ਹ

Global News

ਢਾਕਾ (ਪੀਟੀਆਈ) : ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਤੇ ਭਾਰਤ ਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਸਮੇਤ ਕਈ ਆਗੂਆਂ ਦੀਆਂ ਮੂਲ ਤਸਵੀਰਾਂ ਨਾਲ ਛੇੜਛਾੜ ਕਰਨ ਤੇ ਸੋਸ਼ਲ ਮੀਡੀਆ 'ਤੇ ਫੈਲਾਉਣ ਦੇ ਦੋਸ਼ 'ਚ 35 ਸਾਲ ਦੇ ਮੋਨੀਰ ਹੁਸੈਨ ਨੂੰ ਸੱਤ ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਸ ਸਜ਼ਾ ਨੂੰ ਲੈ ਕੇ ਮਨੁੱਖੀ ਅਧਿਕਾਰ ਸਮੂਹਾਂ ਨੇ ਸਰਕਾਰ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਇੰਟਰਨੈੱਟ ਕਾਨੂੰਨ ਰਾਹੀਂ ਆਪਣੇ ਵਿਰੋਧੀਆਂ ਦੀ ਆਵਾਜ਼ ਦਬਾ ਰਹੀ ਹੈ। ਸਥਾਨਕ ਮੀਡੀਆ ਮੁਤਾਬਕ, ਬੰਗਲਾਦੇਸ਼ ਦੇ ਸਾਈਬਰ ਟਿ੫ਬਿਊਨਲ ਜੱਜ ਮੁਹੰਮਦ ਅਸ-ਸ਼ਮਸ ਜੋਗੁਲ ਹੁਸੈਨ ਨੇ ਤੰਗੇਲ ਸ਼ਹਿਰ ਦੇ ਰਹਿਣ ਵਾਲੇ ਮੁਨੀਰ ਨੂੰ ਬੁੱਧਵਾਰ ਨੂੰ ਇਹ ਸਜ਼ਾ ਸੁਣਾਈ। ਅਦਾਲਤ ਨੇ ਦੋ ਹੋਰਨਾਂ ਦੋਸ਼ੀਆਂ ਆਲਮਗੀਰ ਹੁਸੈਨ ਤੇ ਸੁਬਪ੍ਰਤ ਸ਼ੀਲ ਨੂੰ ਦੋਸ਼ ਮੁਕਤ ਕਰ ਦਿੱਤਾ। ਮੁਨੀਰ ਦੀ ਤੰਗੇਲ ਦੇ ਨਾਗਰਪੁਰ ਇਲਾਕੇ 'ਚ ਮੁਨੀਰ ਟੈਲੀਕਾਮ ਨਾਂ ਦੀ ਦੁਕਾਨ ਹੈ। ਮੁਨੀਰ ਨੇ 2013 'ਚ ਹਸੀਨਾ, ਬੰਗਲਾਦੇਸ਼ ਦੇ ਸਵਰਗੀ ਰਾਸ਼ਟਰਪਤੀ ਜਿਲੁਰ ਰਹਿਮਾਨ ਤੇ ਮਨਮੋਹਨ ਸਿੰਘ ਦੀਆਂ ਮੂਲ ਤਸਵੀਰਾਂ 'ਚ ਬਦਲਾਅ ਕਰ ਕੇ ਉਨ੍ਹਾਂ ਨੂੰ ਹੋਰਨਾਂ ਮੋਬਾਈਲ ਯੂਜ਼ਰਾਂ ਨੂੰ ਭੇਜਿਆ ਸੀ। ਪੁਲਿਸ ਨੇ ਆਪਣੇ ਫੋਨ 'ਤੇ ਲੋਕਾਂ ਨੂੰ ਇਹ ਅਸ਼ਲੀਲ ਤਸਵੀਰਾਂ ਵਿਖਾ ਰਹੇ ਆਲਮਗੀਰ ਨੂੰ ਗ੍ਰਿਫਤਾਰ ਕੀਤਾ । ਆਲਮਗੀਰ ਰਾਹੀਂ ਪੁਲਿਸ ਮੁਨੀਰ ਤਕ ਪਹੁੰਚੀ ਸੀ।