ਘਰਾਂ ਦੀ ਵਿਕਰੀ 'ਚ ਮੰਦੇ ਨੇ ਬਿਲਡਰਾਂ ਦਾ ਕੱਢਿਆ ਦਿਵਾਲਾ

Global News

ਕਮਲਜੀਤ ਬੁੱਟਰ, ਕੈਲਗਰੀ : ਕੈਲਗਰੀ 'ਚ ਘਰਾਂ ਦੀ ਵਿਕਰੀ 2017 ਦੇ ਮੁਕਾਬਲੇ 2018 'ਚ 14 ਫ਼ੀਸਦੀ ਘੱਟ ਰਹੀ। ਕੈਲਗਰੀ ਰੀਅਲ ਅਸਟੇਟ ਬੋਰਡ ਦੀ ਨਵੀਨਤਮ ਹਾਊਸਿੰਗ ਮਾਰਕੀਟ ਰਿਪੋਰਟ ਦਰਸਾਉਂਦੀ ਹੈ ਕਿ ਇਹ ਮੰਦਾ 2019 'ਚ ਵੀ ਜਾਰੀ ਰਹਿ ਸਕਦਾ ਹੈ। ਰਿਪੋਰਟ ਮੁਤਾਬਕ ਦਸੰਬਰ 'ਚ 794 ਘਰ ਵੇਚੇ ਗਏ ਜੋ ਪਿਛਲੇ ਸਾਲ ਦੇ ਮੁਕਾਬਲੇ 21 ਫ਼ੀਸਦੀ ਘੱਟ ਸਨ। ਸਾਲ 2018 'ਚ ਕੁੱਲ ਮਿਲਾ ਕੇ 16,144 ਘਰਾਂ ਦੀ ਵਿਕਰੀ ਕੀਤੀ ਗਈ ਜਿਨ੍ਹਾਂ 'ਚ ਅਲੱਗ ਘਰ, ਅਪਾਰਟਮੈਂਟ ਅਤੇ ਜੁੜੇ ਘਰ ਸ਼ਾਮਲ ਸਨ।

ਸੀਆਰਈਬੀ ਦੇ ਮੁੱਖ ਅਰਥ-ਸ਼ਾਸਤਰੀ ਐਨਨ-ਮੈਰੀ ਲੁਰੀ ਨੇ ਕਿਹਾ ਕਿ ਨੌਕਰੀਆਂ 'ਚ ਆਈ ਕਮੀ ਤੇ ਲੈਂਡਿੰਗ ਮਾਰਕੀਟਿੰਗ ਬਦਲਾਅ ਕਾਰਨ ਰੀਅਲ ਅਸਟੇਟ ਮਾਰਕੀਟ ਕਾਫ਼ੀ ਪ੫ਭਾਵਿਤ ਹੋਈ ਹੈ। ਇਹ ਮੰਦੀ ਪਿਛਲੇ 20 ਸਾਲਾਂ ਦੇ ਰਿਕਾਰਡ ਨੂੰ ਵੀ ਤੋੜ ਗਈ ਜਿਸ ਵਿਚੋਂ ਜਲਦੀ ਨਿਕਲਣਾ ਮੁਸ਼ਕਲ ਹੈ। ਰੀਅਲ ਅਸਟੇਟ ਨਾਲ ਜੁੜੇ ਲੋਕਾਂ ਮੁਤਾਬਕ ਇਸ ਮੰਦੀ ਦਾ ਅਸਰ ਵਪਾਰਕ ਪਲਾਜ਼ਿਆਂ 'ਤੇ ਨਜ਼ਰ ਨਹੀਂ ਆਇਆ ਜਿਨ੍ਹਾਂ ਵਿਅਕਤੀਆਂ ਨੇ ਚਾਰ ਸਾਲ ਪਹਿਲੇ ਜਿਸ ਭਾਅ 'ਤੇ ਪਲਾਟ ਲਏ ਸਨ ਉਹ ਹੁਣ ਦੁੱਗਣੇ ਭਾਅ 'ਤੇ ਹੀ ਵਿੱਕ ਰਹੇ ਹਨ।

ਲੈਂਡਿੰਗ ਮਾਰਕੀਟ ਕੀ ਹੈ

ਜਦੋਂ ਅਸੀ ਲੈਂਡਿੰਗ ਮਾਰਕੀਟ ਦੀ ਗੱਲ ਕਰਦੇ ਹਾਂ ਤਾਂ ਇਹ ਬੈਂਕਾਂ ਵੱਲੋਂ ਗ੫ਾਹਕਾਂ 'ਤੇ ਕੱਸਿਆ ਸ਼ਿਕੰਜਾ ਹੀ ਆਖ ਸਕਦੇ ਹਾਂ ਜਿਸ ਕਾਰਨ ਹੁਣ ਬਹੁਤੇ ਲ਼ੋਕਾਂ ਨੇ ਵੱਡੇ ਘਰਾਂ ਦੀ ਆਸ ਹੀ ਖ਼ਤਮ ਕਰ ਦਿੱਤੀ ਹੈ। ਇਸ 'ਚ ਜੇਕਰ ਕਿਸੇ ਨੇ 6 ਲੱਖ ਡਾਲਰ ਦਾ ਘਰ 3 ਫ਼ੀਸਦੀ ਵਿਆਜ ਦਰ 'ਤੇ ਖ਼ਰੀਦਣਾ ਹੈ ਤਾਂ ਬੈਂਕ ਉਸ ਨੂੰ 7 ਲੱਖ ਡਾਲਰ 4 ਫ਼ੀਸਦੀ ਵਿਆਜ 'ਤੇ ਹੀ ਮਨਜ਼ੂਰ ਕਰੇਗਾ ਕਿਉਂੁਕਿ ਬੈਂਕ ਕਿਸੇ ਵੀ ਤਰ੍ਹਾਂ ਅਜਿਹਾ ਜੋਖਮ ਨਹੀਂ ਲੈਣਾ ਚਾਹੁੰਦਾ ਕਿ ਕੱਲ੍ਹ ਨੂੰ ਇਹ ਵਿਅਕਤੀ ਕਿਸ਼ਤਾਂ ਭਰਨ 'ਚ ਕਿਸੇ ਤਰ੍ਹਾਂ ਦੀ ਕੋਈ ਤੰਗੀ ਮਹਿਸੂਸ ਕਰੇ।

 

ਭਾਰਤੀਆਂ ਦੀ ਵੱਸੋਂ ਵਾਲੇ ਇਲਾਕੇ 'ਚ ਮੰਦੇ ਦਾ ਅਸਰ ਘੱਟ

ਰੀਅਲ ਅਸਟੇਟ ਨਾਲ ਲੰਬੇ ਸਮੇਂ ਤੋਂ ਜੁੜੇ ਹੋਏ ਗੁਰਪ੫ੀਤ ਰਾਣਾ ਨੇ ਇਸ ਰਿਪੋਰਟ ਸਬੰਧੀ ਗੱਲਬਾਤ ਕਰਦਿਆਂ ਕਿਹਾ ਕਿ ਇਸ ਮੰਦੀ ਦਾ ਅਸਰ ਇਕੱਲੇ ਕੈਲਗਰੀ 'ਚ ਹੀ ਨਹੀਂ ਪੂਰੇ ਅਲਬਰਟਾ ਸੂਬੇ 'ਚ ਹੀ ਰਿਹਾ। ਇਸ ਦਾ ਅਸਲ ਕਾਰਨ ਤੇਲ ਕਾਰੋਬਾਰ 'ਚ ਆਈ ਰੁਕਾਵਟ ਹੀ ਮੰਨੀਏ ਤਾਂ ਬਿਹਤਰ ਹੋਵੇਗਾ ਕਿਉਂਕਿ ਉਸ ਕਾਰੋਬਾਰ ਨਾਲ ਜੁੜੇ ਲੋਕ ਹੀ ਰੀਅਲ ਅਸਟੇਟ ਨੂੰ ਵੱਡੇ ਪੱਧਰ 'ਤੇ ਪ੫ਭਾਵਿਤ ਕਰਦੇ ਹਨ ਹਾਲੇ ਵੀ ਸਭ ਦਾ ਧਿਆਨ ਤੇਲ ਪਾਈਪ ਲਾਈਨ 'ਤੇ ਹੀ ਟਿਕਿਆ ਹੋਇਆ ਹੈ। ਦੂਜਾ ਕਾਰਨ ਜੇਕਰ ਅਸੀਂ ਦੇਖੀਏ ਤਾਂ ਉਹ ਨੌਕਰੀਆਂ 'ਚ ਆਈ ਕਮੀ ਹੈ ਜਿਸ ਕਾਰਨ ਲੋਕ ਆਪਣੇ ਸਿਰ ਹੋਰ ਨਵਾਂ ਬੋਝ ਪਾਉਣਾ ਹੀ ਨਹੀਂ ਚਾਹੁੰਦੇ। ਕੈਲਗਰੀ ਦੇ ਵੱਖ-ਵੱਖ ਇਲਾਕਿਆਂ ਦੀ ਗੱਲ ਕਰੀਏ ਤਾਂ ਸਾਊਥ ਈਸਟ 'ਚ ਇਸ ਦਾ ਅਸਰ ਜ਼ਿਆਦਾ ਰਿਹਾ ਤੇ ਭਾਰਤੀ ਲੋਕਾਂ ਦੀ ਵੱਸੋਂ ਵਾਲਾ ਮੰਨਿਆ ਜਾਂਦਾ ਇਲਾਕਾ ਨਾਰਥ ਈਸਟ 'ਚ ਬਹੁਤਾ ਅਸਰ ਦੇਖਣ ਨੂੰ ਨਹੀਂ ਮਿਲਿਆ। ਇਸ ਇਲਾਕੇ 'ਚ ਨਵੀਆਂ ਕਾਲੋਨੀਆਂ ਦਾ ਕੰਮ ਲਗਾਤਾਰ ਚੱਲ ਰਿਹਾ ਹੈ ਤੇ ਮੰਗ ਹਾਲੇ ਵੀ ਕਾਫ਼ੀ ਜ਼ਿਆਦਾ ਹੈ।