ਮੋਦੀ ਤੇ ਟਰੰਪ ਨੇ ਵਪਾਰ ਘਾਟੇ ਤੇ ਰੱਖਿਆ 'ਤੇ ਕੀਤੀ ਗੱਲ

Global News

ਨਵੀਂ ਦਿੱਲੀ (ਪੀਟੀਆਈ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫੋਨ 'ਤੇ ਗੱਲਬਾਤ ਕਰ ਕੇ ਅੱਤਵਾਦ ਰੋਕਥਾਮ ਦੇ ਕਦਮਾਂ ਤੇ ਰੱਖਿਆ ਦੇ ਖੇਤਰ 'ਚ ਸਹਿਯੋਗ ਵਧਾਉਣ ਦੇ ਤਰੀਕਿਆਂ ਤੇ ਭਾਰਤ ਨਾਲ ਅਮਰੀਕੀ ਵਪਾਰ ਘਾਟੇ ਦੇ ਵਿਵਾਦਤ ਮਾਮਲੇ 'ਤੇ ਗੱਲਬਾਤ ਕੀਤੀ।

ਮੋਦੀ ਤੇ ਟਰੰਪ ਨੇ ਗੱਲਬਾਤ ਦੌਰਾਨ ਇਕ ਦੂਜੇ ਨੂੰ ਨਵੇਂ ਸਾਲ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਤੇ ਸਾਲ 2018 'ਚ ਭਾਰਤ ਤੇ ਅਮਰੀਕਾ ਦਰਮਿਆਨ ਸਾਮਰਿਕ ਭਾਈਵਾਲੀ ਲਗਾਤਾਰ ਵਧਣ 'ਤੇ ਸੰਤੋਸ਼ ਪ੍ਰਗਟ ਕੀਤਾ। ਉਨ੍ਹਾਂ ਨਵੀਂ 2+2 ਵਾਰਤਾ ਵਿਵਸਥਾ ਦੀ ਸ਼ੁਰੂਆਤ ਤੇ ਭਾਰਤ, ਅਮਰੀਕਾ ਤੇ ਜਾਪਾਨ ਦਰਮਿਆਨ ਪਹਿਲੇ ਤਿੰਨ ਪੱਖੀ ਸਿਖਰ ਸੰਮੇਲਨ ਦੀ ਵੀ ਪ੍ਰਸ਼ੰਸਾ ਕੀਤੀ। ਦੋਵਾਂ ਆਗੂਆਂ ਨੇ ਖੇਤਰੀ ਤੇ ਕੌਮਾਂਤਰੀ ਮਾਮਲਿਆਂ 'ਤੇ ਤਾਲਮੇਲ ਤੋਂ ਇਲਾਵਾ ਰੱਖਿਆ, ਅੱਤਵਾਦ ਰੋਕਥਾਮ ਦੇ ਕਦਮਾਂ ਤੇ ਊਰਜਾ ਦੇ ਖੇਤਰ 'ਚ ਵਧਦੇ ਦੁਵੱਲੇ ਸਹਿਯੋਗ ਨੂੰ ਦੀ ਵੀ ਸ਼ਲਾਘਾ ਕੀਤੀ।

ਵ੍ਹਾਈਟ ਹਾਊਸ ਨੇ ਗੱਲਬਾਤ ਦੀ ਜਾਣਕਾਰੀ ਦਿੰਦਿਆਂ ਕਿਹਾ, 'ਦੋਵਾਂ ਆਗੂਆਂ ਨੇ 2019 'ਚ ਭਾਰਤ ਤੇ ਅਮਰੀਕਾ ਦਰਮਿਆਨ ਸਾਮਰਿਕ ਭਾਈਵਾਲੀ ਮਜ਼ਬੂਤ ਕਰਨ 'ਤੇ ਸਹਿਮਤੀ ਪ੍ਰਗਟਾਈ ਤੇ ਭਾਰਤ ਨਾਲ ਅਮਰੀਕੀ ਵਪਾਰ ਘਾਟਾ ਘੱਟ ਕਰਨ ਦੇ ਤਰੀਕਿਆਂ 'ਤੇ ਵਿਚਾਰ ਵਟਾਂਦਰਾ ਕੀਤਾ।'

ਅਮਰੀਕੀ ਵਪਾਰ ਪ੍ਰਤੀਨਿਧ ਦਫ਼ਤਰ ਮੁਤਾਬਕ 2017 'ਚ ਭਾਰਤ ਨਾਲ ਅਮਰੀਕਾ ਦਾ ਵਸਤੂ ਤੇ ਸੇਵਾ ਵਪਾਰ ਕੁੱਲ ਕਰੀਬ 126.2 ਅਰਬ ਡਾਲਰ ਸੀ। ਬਰਾਮਦ 49.4 ਅਰਬ ਡਾਲਰ ਤੇ ਦਰਾਮਦ 76.7 ਅਰਬ ਡਾਲਰ ਰਿਹਾ। ਭਾਰਤ ਨਾਲ ਅਮਰੀਕੀ ਵਸਤੂ ਤੇ ਸੇਵਾ ਵਪਾਰ ਘਾਟਾ 2017 'ਚ 27.3 ਅਰਬ ਰਿਹਾ।

ਵ੍ਹਾਈਟ ਹਾਊਸ ਮੁਤਾਬਕ ਦੋਵਾਂ ਆਗੂਆਂ ਨੇ ਭਾਰਤ-ਪ੍ਰਸ਼ਾਂਤ ਖੇਤਰ 'ਚ ਸੁਰੱਖਿਆ ਤੇ ਖ਼ੁਸ਼ਹਾਲੀ ਵਧਾਉਣ ਤੇ ਅਫ਼ਗਾਨਿਸਤਾਨ 'ਚ ਸਹਿਯੋਗ ਨੂੰ ਬੜਾਵਾ ਦੇਣ 'ਤੇ ਵੀ ਸਹਿਮਤੀ ਪ੍ਰਗਟਾਈ।