ਮਿਹਰਬਾਨੀ ਨੂੰ ਤਰਸੇ ਪਾਲੀਵੁੱਡ ਦੇ 'ਅਮਿਤਾਭ', ਬੋਲੇ-ਮੇਰੇ ਮਰਨ ਦੀ ਜਲਦੀ ਤਰੀਕ ਲਿਖ ਦਵੋ...

Global News

ਲੁਧਿਆਣਾ (ਪੰਜਾਬੀ ਜਾਗਰਣ ਸਪੈਸ਼ਲ) : ਕਸ਼ਮੀਰ ਦੇ ਮੌਸਿਕੀ ਘਰਾਣੇ 'ਚ ਜੰਮੇ ਪੰਜਾਬੀ ਸਿਨੇਮਾ ਦੇ 'ਅਮਿਤਾਭ ਬੱਚਨ' ਕਹੇ ਜਾਣ ਵਾਲੇ ਸਿਤਾਰੇ ਸਤੀਸ਼ ਕੌਲ ਇਕੱਲੇ ਨਿਰਾਸ਼ਾ ਭਰੀ ਜ਼ਿੰਦਗੀ ਜਿਉ ਰਹੇ ਹਨ। ਘਰ ਦੇ ਵਿਹੜੇ ਵਿਚ ਕੁਰਸੀ 'ਤੇ ਬੈਠੇ ਕੌਲ ਦਾ ਨੇ ਕਿਹਾ 'ਮੇਰੇ ਮਰਨ ਦੀ ਜਲਦੀ ਤਰੀਕ ਲਿਖ ਦਵੋ, ਕਿਵੇਂ ਬਰਬਾਦ ਹੋ ਰਿਹੈ ਮੇਰਾ ਬੁਢਾਪਾ ਲਿਖ ਦਿਓ ਤੇ ਲਿਖ ਦਿਓ ਕਿਵੇਂ ਮੇਰੇ ਬੁੱਲ ਹਾਸੇ ਨੂੰ ਤਰਸ ਰਹੇ ਨੇ, ਕਿਵੇਂ ਵਰ੍ਹ ਰਿਹਾ ਹੈ ਮੇਰੀਆਂ ਅੱਖਾਂ ਦਾ ਪਾਣੀ ਲਿਖ ਦਿਓ।' ਇਹ ਲਾਈਨਾਂ ਆਖ ਕੇ ਕੌਲ ਸਾਹਿਬ ਨੇ ਸਿਰ ਝੁਕਾ ਲਿਆ ਤੇ ਹੌਲੀ ਜਿਹੇ ਕਿਹਾ, 'ਕੋਈ ਤਾਂ ਹੋਵੇਗਾ ਜੋ ਇਸ ਆਖਰੀ ਸਮੇਂ ਮੇਰੀ ਬਾਂਹ ਫੜੇਗਾ। ਸਰਕਾਰ ਨੇ ਤਾਂ ਪੰਜਾਬੀ ਯੂਨੀਵਰਸਿਟੀ ਤੋਂ ਮਿਲਣ ਵਾਲੀ ਪੈਨਸ਼ਨ ਹੀ ਰੋਕ ਦਿੱਤੀ।'

ਉਨ੍ਹਾਂ ਦੱਸਿਆ ਕਿ 30 ਸਾਲ ਤਕ ਪੰਜਾਬੀ ਤੇ ਹਿੰਦੀ ਸਿਨੇਮਾ 'ਤੇ ਰਾਜ ਕਰਨ ਤੋਂ ਬਾਅਦ ਹੁਣ ਗੁਮਨਾਮੀ ਦੀ ਜ਼ਿੰਦਗੀ ਜੀਅ ਰਹੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਜਨਮ 8 ਸਤੰਬਰ 1954 ਨੂੰ ਕਸ਼ਮੀਰ ਵਿਖੇ ਹੋਇਆ। ਉਨ੍ਹਾਂ ਦੇ ਪਿਤਾ ਮੋਹਨ ਲਾਲ ਕੌਲ ਮੌਸਿਕੀ ਕਰਦੇ ਸਨ ਤੇ ਕਸ਼ਮੀਰ ਦੀ ਮੌਸਿਕੀ ਨੂੰ ਦੁਨੀਆ ਭਰ ਵਿਚ ਮਸ਼ਹੂਰ ਕੀਤਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਿਤਾ ਨੇ 1969 ਵਿਚ ਉਨ੍ਹਾਂ ਨੂੰ ਪੁਣੇ ਦੇ ਫਿਲਮ ਐਂਡ ਟੈਲੀਵੀਜ਼ਨ ਇੰਸਟੀਟਿਊਟ ਆਫ ਇੰਡੀਆ ਵਿਖੇ ਗ੍ਰੈਜੂਏਸ਼ਨ ਲਈ ਭੇਜਿਆ ਸੀ। ਉਥੇ ਉਹ ਜਯਾ ਬੱਚਨ, ਡੈਨੀ ਤੇ ਸ਼ਤਰੂਘਨ ਸਿਨਹਾ ਦੇ ਸਹਿਪਾਠੀ ਰਹੇ। 1973 ਵਿਚ ਪਹਿਲੀ ਫਿਲਮ ਕੀਤੀ ਤੇ ਬਾਅਦ ਵਿਚ 300 ਤੋਂ ਵੀ ਵੱਧ ਹਿੰਦੀ ਤੇ ਪੰਜਾਬੀ ਫਿਲਮਾਂ ਵਿਚ ਕੰਮ ਕੀਤਾ। ਜਵਾਨੀ ਦੇ ਉਨ੍ਹਾਂ ਦਿਨਾਂ ਵਿਚ ਵਿਆਹ ਹੋਇਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਅਮਰੀਕੀ ਪਤਨੀ ਉਨ੍ਹਾਂ ਨੂੰ ਘਰ ਜਵਾਈ ਬਣਾਉਣਾ ਚਾਹੁੰਦੀ ਸੀ ਪਰ ਉਨ੍ਹਾਂ ਦਾ ਸ਼ੌਂਕ ਤੇ ਪੈਸ਼ਨ ਸਿਨੇਮਾ ਸੀ, ਜਿਸ ਕਾਰਨ ਉਨ੍ਹਾਂ ਨੇ ਆਪਣੀ ਪਤਨੀ ਨੂੰ ਛੱਡ ਦਿੱਤਾ।

ਉਨ੍ਹਾਂ ਦੱਸਿਆ ਕਿ ਜ਼ਿੰਦਗੀ ਬੜੀ ਰੰਗੀਨ ਸੀ। ਜਵਾਨੀ ਗਈ ਤਾਂ ਕੰਮ ਲਈ ਇਕ ਟੀਵੀ ਚੈਨਲ ਵਿਚ ਐਕਟਿੰਗ ਦੀਆਂ ਕਲਾਸਾਂ ਲੈਣੀਆਂ ਸ਼ੁਰੂ ਕਰ ਦਿੱਤੀਆਂ। ਇਸੇ ਦੌਰਾਨ ਜੁਲਾਈ 2014 ਵਿਚ ਬਾਥਰੂਮ ਵਿਚ ਨਹਾਉਂਦੇ ਹੋਏ ਉਹ ਡਿੱਗ ਪਏ ਤੇ ਚੂਲ੍ਹਾ ਟੁੱਟ ਗਿਆ। ਮੁੰਬਈ ਦੇ ਇਕ ਹਸਪਤਾਲ ਵਿਚ ਜਦ ਇਲਾਜ ਲਈ ਗਿਆ ਤਾਂ ਜ਼ਿੰਦਗੀ ਦੀ ਪੂਰੀ ਕਮਾਈ ਇਲਾਜ 'ਤੇ ਖਰਚ ਹੋ ਗਈ। ਢਾਈ ਸਾਲ ਤਕ ਬੈੱਡ 'ਤੇ ਪਏ ਰਹੇ। ਉਨ੍ਹਾਂ ਕਿਹਾ ਕਿ ਜੋ ਕਦੇ ਹਿੰਦੀ ਸਿਨੇਮਾ ਵਿਚ ਨਾਲ ਸਨ ਤੇ ਅਦਾਕਾਰੀ ਸਮੇਂ ਲੰਬੀ ਉਮਰ ਦੀ ਕਾਮਨਾ ਕਰਦੇ ਸਨ, ਉਹ ਸਾਰੇ ਸਾਥ ਛੱਡ ਗਏ। 2015 ਵਿਚ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਮੌਕੇ ਪੰਜਾਬੀ ਯੂਨੀਵਰਸਿਟੀ ਵੱਲੋਂ 11 ਹਜ਼ਾਰ ਰੁਪਏ ਦੀ ਪੈਨਸ਼ਨ ਲੱਗ ਗਈ ਤੇ ਲੁਧਿਆਣਾ ਆ ਕੇ ਉਨ੍ਹਾਂ ਐਕਟਿੰਗ ਸਕੂਲ ਖੋਲ੍ਹਿਆ, ਜੋ ਨਹੀਂ ਚੱਲਿਆ। ਉਨ੍ਹਾਂ ਕਿਹਾ ਕਿ ਉਸ ਤੋਂ ਬਾਅਦ ਉਹ ਬਿਰਧ ਆਸ਼ਰਮ ਰਹਿਣ ਲੱਗ ਪਏ। ਉਥੇ ਇਕ ਦਿਨ ਉਨ੍ਹਾਂ ਦੀ ਅਦਾਕਾਰੀ ਨੂੰ ਚਾਹੁਣ ਵਾਲੀ ਇਕ ਔਰਤ ਆਈ ਤੇ ਆਪਣੇ ਘਰ ਲੈ ਗਈ। ਹਾਲਾਤ ਇਹ ਹਨ ਕਿ ਕਾਂਗਰਸ ਸਰਕਾਰ ਨੇ ਆਉਂਦੇ ਹੀ ਪੈਨਸ਼ਨ ਤਕ ਰੁਕ ਗਈ।

ਐੱਮਪੀ ਨੇ ਨਹੀਂ ਸੁਣੀ ਗੱਲ

ਉਨ੍ਹਾਂ ਕਿਹਾ ਕਿ ਐੱਮਪੀ ਰਵਨੀਤ ਬਿੱਟੂ ਕੋਲ ਉਹ ਛੇ ਵਾਰ ਜਾ ਚੁੱਕੇ ਹਨ। ਲੋੜ ਸਿਰਫ਼ ਪੈਨਸ਼ਨ ਸ਼ੁਰੂ ਕਰਵਾਉਣ ਦੀ ਤੇ ਇਕ ਘਰ ਦੀ ਹੈ, ਜੋ ਨਹੀਂ ਮਿਲ ਰਿਹਾ ਹੈ। ਜੇਕਰ ਘਰ ਮਿਲ ਜਾਵੇ ਤੇ ਪੈਨਸ਼ਨ ਸ਼ੁਰੂ ਹੋ ਜਾਵੇ ਤਾਂ ਸਰਕਾਰ ਦੀ ਮਿਹਰਬਾਨੀ ਹੋਵੇਗੀ।

ਕੋਈ ਧਰਮਿੰਦਰ ਜੀ ਨੂੰ ਹਾਲ ਦੱਸ ਦੇਵੇ : ਕੌਲ

ਕੌਲ ਸਾਹਿਬ ਨੇ ਕਿਹਾ ਕਿ ਉਨਵਾਂ ਧਰਮਿੰਦਰ, ਗੋਬਿੰਦਾ, ਦੇਵਾਨੰਦ, ਦਲੀਪ ਕੁਮਾਰ ਦੇ ਨਾਲ ਫਿਲਮਾਂ ਕੀਤੀਆਂ ਹਨ। ਸੁਣਿਆ ਹੈ ਕਿ ਧਰਮਿੰਦਰ ਸਾਰਿਆਂ ਦੀ ਮਦਦ ਕਰਦੇ ਹਨ। ਉਨ੍ਹਾਂ ਕਿਹਾ, 'ਮੇਰੇ ਕੋਲ ਉਨ੍ਹਾਂ ਦਾ ਨੰਬਰ ਨਹੀਂ ਹੈ, ਜੇਕਰ ਕੋਈ ਉਨ੍ਹਾਂ ਨੂੰ ਮੇਰੇ ਬਾਰੇ ਦੱਸ ਦੇਵੇ ਤਾਂ ਉਹ ਮੇਰੀ ਜ਼ਰੂਰ ਮਦਦ ਕਰਨਗੇ।'