ਕੈਨੇਡੀਅਨ ਸੈਨੇਟਰ ਦਾ ਨਿਜੀ ਡਾਟਾ ਹੋਇਆ ਹੈਕ

Global News

ਓਟਵਾ, 7 ਜਨਵਰੀ (ਪੋੋਸਟ ਬਿਊਰੋ) :ਕੰਜ਼ਰਵੇਟਿਵ ਸੈਨੇਟਰ ਲਿੰਡਾ ਫਰੰਮ ਦਾ ਟਵਿੱਟਰ ਐਕਾਊਂਟ ਐਤਵਾਰ ਰਾਤ ਨੂੰ ਕਿਸੇ ਨੇ ਹੈਕ ਕਰ ਲਿਆ। ਇੱਥੇ ਹੀ ਬੱਸ ਨਹੀਂ ਐਕਾਊਂਟ ਹੈਕ ਕਰਨ ਵਾਲਿਆਂ ਨੇ ਲਿੰਡਾ ਦੀ ਨਿਜੀ ਜਾਣਕਾਰੀ, ਉਨ੍ਹਾਂ ਦਾ ਡਰਾਈਵਿੰਗ ਲਾਇਸੰਸ ਸੋਸ਼ਲ ਮੀਡੀਆ ਉੱਤੇ ਸ਼ੇਅਰ ਵੀ ਕਰ ਦਿੱਤਾ ਤੇ ਆਪਣੇ ਟਵੀਟਸ ਵਿੱਚ ਨਸਲੀ ਟਿੱਪਣੀਆਂ ਵੀ ਕੀਤੀਆਂ। 


ਟਵਿੱਟਰ ਉੱਤੇ ਲਿੰਡਾ ਦੇ ਲਾਇਸੰਸ ਦੀ ਅਗਲੀ ਤੇ ਪਿਛਲੀ ਤਸਵੀਰ ਪਾਈ ਗਈ ਤੇ ਉਸ ਦੇ ਪਤੇ ਸਮੇਤ ਉਸ ਦੀ ਹੋਰ ਜਾਣਕਾਰੀ ਵੀ ਸਾਂਝੀ ਕੀਤੀ ਗਈ। ਅਜੇ ਤੱਕ ਇਸ ਹੈਕਿੰਗ ਦਾ ਕੋਈ ਠੋਸ ਮੰਤਵ ਸਮਝ ਨਹੀਂ ਆਇਆ ਪਰ ਹੈਕਰਜ਼ ਦਾ ਕਹਿਣਾ ਹੈ ਕਿ ਉਹ ਭ੍ਰਿਸ਼ਟ ਸਿਆਸਤਦਾਨਾਂ ਨੂੰ ਪਸੰਦ ਨਹੀਂ ਕਰਦੇ। ਇਸੋ ਤੋਂ ਇਲਾਵਾ ਉਨ੍ਹਾਂ ਫਲਸਤੀਨੀ ਝੰਡੇ ਵਾਲਾ ਇਮੋਜੀ ਵੀ ਪਾਇਆ ਹੈ। ਇਸ ਗਰੁੱਪ ਦੇ ਹੈਕਰਜ਼ ਖੁਦ ਨੂੰ ਸਪੈਂਕ ਗੈਂਗ ਦੱਸਦੇ ਹਨ। ਇਸ ਤੋਂ ਕੁੱਝ ਦਿਨ ਪਹਿਲਾਂ ਹੀ ਜਰਮਨੀ ਵਿੱਚ ਵੀ ਹਾਈ ਪ੍ਰੋਫਾਈਲ ਹੈਕਿੰਗ ਦਾ ਮਾਮਲਾ ਸਾਹਮਣੇ ਆਇਆ ਸੀ। ਜਿੱਥੇ ਕਈ ਸਿਆਸਤਦਾਨਾਂ ਤੇ ਅਧਿਕਾਰੀਆਂ, ਜਿਨ੍ਹਾਂ ਵਿੱਚ ਜਰਮਨੀ ਦੀ ਚਾਂਸਲਰ ਐਂਜਲੀਨਾ ਮਾਰਕਲ ਵੀ ਸ਼ਾਮਲ ਸੀ, ਦੇ ਐਕਾਊਂਟ ਹੈਕ ਕਰ ਲਏ ਗਏ ਸਨ ਤੇ ਉਨ੍ਹਾਂ ਦੇ ਨਿਜੀ ਵੇਰਵੇ ਆਨਲਾਈਨ ਸ਼ੇਅਰ ਕਰ ਦਿੱਤੇ ਗਏ ਸਨ। 


ਲਿੰਡਾ ਕੋਈ ਪਹਿਲੀ ਸੈਨੇਟਰ ਨਹੀਂ ਹੈ ਜਿਸ ਦਾ ਐਕਾਊਂਟ ਹੈਕ ਹੋਇਆ ਹੋਵੇ। ਅਕਤੂਬਰ ਵਿੱਚ ਕੰਜ਼ਰਵੇਟਿਵ ਸੈਨੇਟਰ ਡੌਨ ਪਲੈੱਟ ਦਾ ਐਕਾਊਂਟ ਵੀ ਹੈਕ ਹੋ ਚੁੱਕਿਆ ਹੈ। ਇਸ ਤਰ੍ਹਾਂ ਦੇ ਵੱਧ ਚੁੱਕੇ ਹੈਕਿੰਗ ਦੇ ਰੁਝਾਨ ਕਾਰਨ ਸਿਆਸਤਦਾਨਾਂ ਤੇ ਮਾਹਿਰਾਂ ਵਿੱਚ ਕਾਫੀ ਤਣਾਅ ਪਾਇਆ ਜਾ ਰਿਹਾ ਹੈ। ਉੱਤੋਂ ਚੋਣਾਂ ਦਾ ਸਮਾਂ ਨੇੜੇ ਹੋਣ ਕਾਰਨ ਵੀ ਸਾਰਿਅਆਂ ਦੀ ਇਹ ਚਿੰਤਾ ਕਾਫੀ ਹੱਦ ਤੱਕ ਜਾਇਜ਼ ਲੱਗਦੀ ਹੈ। ਇਸ ਤਰ੍ਹਾਂ ਦੀਆਂ ਚਿੰਤਾਵਾਂ ਨਾਲ ਨਜਿੱਠਣ ਲਈ ਹੀ ਸਰਕਾਰ ਨੇ ਬਿੱਲ ਸੀ-76 ਪੇਸ਼ ਕੀਤਾ ਹੈ।