ਬਰੈਂਪਟਨ ਟਰਾਂਜਿ਼ਟ ਲਈ ਓਨਟਾਰੀਓ ਵੱਲੋਂ ਐਲਾਨੇ ਫੰਡਾਂ ਦੀ ਐਮਪੀਪੀਜ਼ ਵੱਲੋਂ ਸ਼ਲਾਘਾ

Global News

ਬਰੈਂਪਟਨ, 8 ਜਨਵਰੀ (ਪੋਸਟ ਬਿਊਰੋ) : ਬਰੈਂਪਟਨ ਦੇ ਮਿਉਂਸਪਲ ਟਰਾਂਜਿ਼ਟ ਸਿਸਟਮ ਲਈ 13 ਮਿਲੀਅਨ ਡਾਲਰ ਦੇ ਫੰਡ ਦੇਣ ਦਾ ਐਲਾਨ ਕਰਨ ਉੱਤੇ ਬਰੈਂਪਟਨ ਦੇ ਐਮਪੀਪੀਜ਼ ਅਮਰਜੋਤ ਸੰਧੂ ਤੇ ਪ੍ਰਭਮੀਤ ਸਰਕਾਰੀਆ ਵੱਲੋਂ ਟਰਾਂਸਪੋਰਟੇਸ਼ਨ ਮੰਤਰੀ ਜੈੱਫ ਯੂਰੇਕ ਦਾ ਧੰਨਵਾਦ ਕੀਤਾ ਗਿਆ।

ਯੂਰੇਕ ਨੇ ਇਹ ਐਲਾਨ ਕਰਦਿਆਂ ਆਖਿਆ ਕਿ ਅਸੀਂ ਲੋਕਾਂ ਲਈ ਵਧੇਰੇ ਸਹੂਲਤਾਂ ਭਰਿਆ ਸਫਰ ਬਣਾਉਣ ਲਈ ਤੇ ਹੋਰ ਰਾਈਡਰਜ਼ ਨੂੰ ਆਕਰਸਿ਼ਤ ਕਰਨ ਲਈ ਪਬਲਿਕ ਟਰਾਂਜਿ਼ਟ ਵਿੱਚ ਹੋਰ ਨਿਵੇਸ਼ ਕਰ ਰਹੇ ਹਾਂ। ਇਸ ਨਵੀਂ ਪੇਸ਼ਕਦਮੀ ਨਾਲ ਲੋਕਾਂ ਨੂੰ ਕਿਤੇ ਵੀ ਆਉਣ ਜਾਣ ਵਿੱਚ ਹੋਰ ਸਹੂਲਤ ਹੋਵੇਗੀ। ਪ੍ਰੋਵਿੰਸ ਵੱਲੋਂ 107 ਮਿਉਂਸਪੈਲਿਟੀਜ਼ ਨੂੰ ਗੈਸ ਟੈਕਸ ਫੰਡਿੰਗ ਦੇ ਰੂਪ ਵਿੱਚ 364 ਮਿਲੀਅਨ ਡਾਲਰ ਦਿੱਤੇ ਜਾ ਰਹੇ ਹਨ ਤੇ ਬਰੈਂਪਟਨ ਦੇ ਇਹ ਫੰਡ ਵੀ ਇਸੇ ਕੜੀ ਦਾ ਹਿੱਸਾ ਹਨ। ਇਸ ਨਾਲ ਓਨਟਾਰੀਓ ਭਰ ਦੀਆਂ 144 ਕਮਿਊਨਿਟੀਜ਼ ਨੂੰ ਪਬਲਿਕ ਟਰਾਂਜਿ਼ਟ ਸਰਵਿਸ ਮੁਹੱਈਆ ਕਰਵਾਈ ਜਾਵੇਗੀ। ਇਹ ਕਮਿਊਨਿਟੀਜ਼ ਓਨਟਾਰੀਓ ਦੀ ਕੁੱਲ ਆਬਾਦੀ ਦੇ 92 ਫੀ ਸਦੀ ਹਿੱਸੇ ਦੀ ਨੁਮਾਇੰਦਗੀ ਕਰਦੀਆਂ ਹਨ। 


ਬਰੈਂਪਟਨ ਸਾਊਥ ਤੋਂ ਐਮਪੀਪੀ ਪ੍ਰਭਮੀਤ ਸਰਕਾਰੀਆਂ ਨੇ ਆਖਿਆ ਕਿ ਸਾਡੀ ਸਰਕਾਰ ਬਰੈਂਪਟਨ ਦੇ ਲੋਕਾਂ ਦੀ ਜਿ਼ੰਦਗੀ ਨੂੰ ਹੋਰ ਸੁਖਾਲਾ ਬਣਾਉਣ ਲਈ ਵਚਨਬੱਧ ਹੈ। ਉਨ੍ਹਾਂ ਆਖਿਆ ਕਿ ਆਪਣੇ ਟਰਾਂਜਿ਼ਟ ਇਨਫਰਾਸਟ੍ਰਕਚਰ ਦੇ ਪਸਾਰ ਤੇ ਪ੍ਰੋਵਿੰਸ ਭਰ ਵਿੱਚ ਟਰਾਂਸਪੋਰਟੇਸ਼ਨ ਵਿੱਚ ਸੁਧਾਰ ਦਾ ਇਹ ਸਾਡਾ ਢੰਗ ਹੈ। ਓਨਟਾਰੀਓ ਗੈਸ ਟੈਕਸ ਪ੍ਰੋਗਰਾਮ ਲਈ ਫੰਡਿੰਗ ਪ੍ਰੋਵਿੰਸ ਵਿੱਚ ਵੇਚੀ ਜਾਣ ਵਾਲੀ ਗੈਸੋਲੀਨ (ਕਿੰਨੇ ਲੀਟਰ ਗੈਸੋਲੀਨ ਵੇਚੀ ਗਈ) ਉੱਤੇ ਨਿਰਭਰ ਕਰਦੀ ਹੈ। ਇਸ ਪ੍ਰੋਗਰਾਮ ਤਹਿਤ ਪ੍ਰੋਵਿੰਸ ਨੂੰ ਹਾਸਲ ਹੋਣ ਵਾਲੀ ਗੈਸ ਟੈਕਸ ਆਮਦਨ ਵਿੱਚੋਂ ਪ੍ਰਤੀ ਲੀਟਰ ਪਿੱਛੇ ਦੋ ਸੈਂਟ ਮਿਉਂਸਪੈਲਿਟੀਜ਼ ਨੂੰ ਮੁਹੱਈਆ ਕਰਵਾਏ ਜਾਂਦੇ ਹਨ। ਇਸ ਮਗਰੋਂ ਗੈਸ ਟੈਕਸ ਫੰਡਿੰਗ ਹਾਸਲ ਕਰਨ ਵਾਲੀਆਂ ਮਿਉਂਸਪੈਲਿਟੀਜ਼ ਨੇ ਆਪਸੀ ਸਹਿਮਤੀ ਦੇ ਹਿਸਾਬ ਨਾਲ ਇਹ ਫੰਡ ਪਬਲਿਕ ਟਰਾਂਜਿ਼ਟ ਵਿੱਚ ਸੁਧਾਰ ਕਰਨ, ਟਰਾਂਜਿ਼ਟ ਇਨਫਰਾਸਟ੍ਰਕਚਰ ਨੂੰ ਅਪਗ੍ਰੇਡ ਕਰਨ, ਲੋਕਾਂ ਤੱਕ ਪਹੁੰਚ ਵਧਾਉਣ, ਟਰਾਂਜਿ਼ਟ ਵਾਹਨ ਖਰੀਦਣ, ਹੋਰ ਰੂਟ ਸ਼ਾਮਲ ਕਰਨ ਤੇ ਸੇਵਾਵਾਂ ਦੇ ਘੰਟੇ ਵਧਾਉਣ ਆਦਿ ਉੱਤੇ ਖਰਚ ਕਰਨੇ ਹੁੰਦੇ ਹਨ। 


ਇਸ ਮੌਕੇ ਬਰੈਂਪਟਨ ਵੈਸਟ ਤੋਂ ਐਮਪੀਪੀ ਅਮਰਜੋਤ ਸੰਧੂ ਨੇ ਆਖਿਆ ਕਿ ਲੋਕ ਘੱਟ ਤੋਂ ਘੱਟ ਸਮਾਂ ਟਰੈਫਿਕ ਵਿੱਚ ਬਿਤਾਉਣਾ ਚਾਹੁੰਦੇ ਹਨ ਤੇ ਵੱਧ ਤੋਂ ਵੱਧ ਸਮਾਂ ਆਪਣੇ ਘਰਾਂ ਵਿੱਚ ਤੇ ਆਪਣੇ ਪਰਿਵਾਰਾਂ ਨਾਲ ਬਿਤਾਉਣਾ ਚਾਹੁੰਦੇ ਹਨ। ਬਰੈਂਪਟਨ ਵਿੱਚ ਜਾਮ ਲੱਗਣ ਦੀ ਸਮੱਸਿਆ ਕੋਈ ਨਵੀਂ ਨਹੀਂ ਹੈ। ਇਸ ਫੰਡਿੰਗ ਨਾਲ ਰੋਜ਼ਾਨਾ ਬਰੈਂਪਟਨ ਟਰਾਂਜਿ਼ਟ ਦੀ ਵਰਤੋਂ ਕਰਨ ਵਾਲਿਆਂ ਨੂੰ ਰਾਹਤ ਮਿਲੇਗੀ ਤੇ ਉਹ ਘਰ ਤੋਂ ਕੰਮ ਤੇ ਕੰਮ ਤੋਂ ਘਰ ਸੁਖਾਲੇ ਢੰਗ ਨਾਲ ਆ ਜਾ ਸਕਣਗੇ।