'ਲਾਰਡਸ ਦਾ ਕਿੰਗ' ਬਣਨ ਉਤਰਨਗੇ ਭਾਰਤੀ ਖਿਡਾਰੀ

Global News

ਲੰਡਨ— ਭਾਰਤੀ ਕ੍ਰਿਕਟ ਟੀਮ ਲਈ ਹਮੇਸ਼ਾ ਕਿਸਮਤ ਵਾਲੇ ਸਾਬਿਤ ਹੋਏ ਲਾਰਡਸ ਮੈਦਾਨ 'ਤੇ ਵੀਰਵਾਰ ਤੋਂ ਸ਼ੁਰੂ ਹੋਣ ਵਾਲੇ ਦੂਸਰੇ ਟੈਸਟ 'ਚ ਵਿਰਾਟ ਕੋਹਲੀ ਐਂਡ ਕੰਪਨੀ ਜਿੱਤ ਦਰਜ ਕਰਦਿਆਂ 5 ਮੈਚਾਂ ਦੀ ਸੀਰੀਜ਼ 'ਚ ਬਰਾਬਰੀ ਹਾਸਲ ਕਰਨ ਦੇ ਇਰਾਦੇ ਨਾਲ ਉਤਰੇਗੀ।


ਭਾਰਤੀ ਟੀਮ ਨੂੰ ਸੀਰੀਜ਼ ਦੇ ਪਹਿਲੇ ਮੈਚ ਵਿਚ ਇੰਗਲੈਂਡ ਟੀਮ ਨੇ 31 ਦੌੜਾਂ ਨਾਲ ਹਰਾਇਆ ਸੀ, ਜਿਸ ਨਾਲ ਮਹਿਮਾਨ ਟੀਮ 1-0 ਨਾਲ ਪੱਛੜ ਗਈ ਹੈ। ਹਾਲਾਂਕਿ ਲਾਰਡਸ 'ਤੇ ਭਾਰਤੀ ਖਿਡਾਰੀਆਂ ਕੋਲ ਵਾਪਸੀ ਦਾ ਮੌਕਾ ਰਹੇਗਾ, ਜਿਥੇ ਸਾਲ 2014 ਦੀ ਪਿਛਲੀ ਸੀਰੀਜ਼ 'ਚ ਭਾਰਤੀ ਟੀਮ ਨੂੰ ਉਸ ਦੀ ਇਕੋ-ਇਕ ਜਿੱਤ ਹਾਸਲ ਹੋਈ ਸੀ।


ਭਾਰਤ ਨੇ ਇੰਗਲੈਂਡ 'ਚ ਪਿਛਲੇ ਸਾਲ 5 ਮੈਚਾਂ ਦੀ ਸੀਰੀਜ਼ 1-3 ਨਾਲ ਗੁਆਈ ਸੀ ਪਰ ਲਾਰਡਸ 'ਤੇ ਉਸ ਨੇ ਦੂਸਰਾ ਮੈਚ 95 ਦੌੜਾਂ ਨਾਲ ਜਿੱਤ ਕੇ ਕਲੀਨ ਸਵੀਪ ਦੀ ਸ਼ਰਮਿੰਦਗੀ ਬਚਾਈ ਸੀ। ਭਾਰਤ ਨੇ ਆਪਣੇ ਇਤਿਹਾਸ ਦਾ ਪਹਿਲਾ ਵਿਸ਼ਵ ਕੱਪ 1983 ਵਿਚ ਲਾਰਡਸ ਮੈਦਾਨ 'ਤੇ ਹੀ ਜਿੱਤਿਆ ਸੀ। ਇਸ ਤਰ੍ਹਾਂ ਕਪਤਾਨ ਵਿਰਾਟ ਦੀ ਟੀਮ ਇੰਡੀਆ ਫਿਰ ਤੋਂ ਇਥੇ ਆਪਣਾ ਜਾਦੂ ਚਲਾ ਸਕਦੀ ਹੈ।

4 ਸਾਲ ਪਹਿਲਾਂ ਮੁਰਲੀ ਵਿਜੇ, ਅਜਿੰਕਯ ਰਹਾਨੇ, ਚੇਤੇਸ਼ਵਰ ਪੁਜਾਰਾ, ਸ਼ਿਖਰ ਧਵਨ, ਰਵਿੰਦਰ ਜਡੇਜਾ, ਇਸ਼ਾਂਤ ਸ਼ਰਮਾ, ਮੁਹੰਮਦ ਸ਼ੰਮੀ ਅਤੇ ਵਿਰਾਟ ਕੋਹਲੀ ਉਸ ਟੀਮ ਦਾ ਹਿੱਸਾ ਸਨ ਅਤੇ ਮੌਜੂਦਾ ਟੀਮ 'ਚ ਵੀ ਇਹ ਖਿਡਾਰੀ ਸ਼ਾਮਿਲ ਹਨ। ਇਨ੍ਹਾਂ ਖਿਡਾਰੀਆਂ ਕੋਲ ਇੰਗਲਿਸ਼ ਹਾਲਾਤ ਦਾ ਚੰਗਾ ਤਜਰਬਾ ਹੈ। ਸਾਲ 2014 ਸੀਰੀਜ਼ ਦੇ ਲਾਰਡਸ ਮੈਦਾਨ 'ਤੇ ਹੋਏ ਮੈਚ 'ਚ ਮੁਰਲੀ ਦੀ 95, ਰਹਾਨੇ ਦੀ 103 ਦੌੜਾਂ ਅਤੇ ਆਲਰਾਊਂਡਰ ਜਡੇਜਾ ਦੀ ਹੇਠਲੇਕ੍ਰਮ 'ਤੇ 68 ਦੌੜਾਂ ਦੀ ਪਾਰੀ ਅਹਿਮ ਰਹੀ ਸੀ।


ਹਾਲਾਂਕਿ ਭੁਵਨੇਸ਼ਵਰ ਕੁਮਾਰ ਦੀ ਹੇਠਲੇਕ੍ਰਮ 'ਤੇ ਅਰਧ-ਸੈਂਕੜਾ ਪਾਰੀ ਦੇ ਨਾਲ 82 ਦੌੜਾਂ 'ਤੇ 6 ਵਿਕਟਾਂ ਦਾ ਪ੍ਰਦਰਸ਼ਨ ਵੀ ਲਾਜਵਾਬ ਸੀ ਪਰ ਭੁਵੀ ਇਸ ਵਾਰ ਸੱਟ ਕਾਰਨ ਟੀਮ 'ਚੋਂ ਬਾਹਰ ਹੈ। ਤੇਜ਼ ਗੇਂਦਬਾਜ਼ਾਂ 'ਚ ਫਿਰ ਤੋਂ ਨਜ਼ਰਾਂ ਇਸ਼ਾਂਤ 'ਤੇ ਹੋਣਗੀਆਂ, ਜਿਸ ਨੇ ਇਥੇ ਇੰਗਲੈਂਡ ਦੀ ਦੂਸਰੀ ਪਾਰੀ 'ਚ 74 ਦੌੜਾਂ 'ਤੇ 7 ਵਿਕਟਾਂ ਕੱਢੀਆਂ ਸਨ ਅਤੇ ਭਾਰਤ ਨੂੰ ਜਿੱਤ ਦੁਆ ਕੇ 'ਮੈਨ ਆਫ ਦਿ ਮੈਚ' ਰਿਹਾ ਸੀ। 


ਭਾਰਤੀ ਟੀਮ ਸੀਰੀਜ਼ 'ਚ ਪੱਛੜਨ ਤੋਂ ਬਾਅਦ ਟੀਮ 'ਚ ਕੁਝ ਬਦਲਾਅ ਕਰ ਸਕਦੀ ਹੈ। ਦੂਜੇ ਪਾਸੇ ਇੰਗਲੈਂਡ ਦੀ ਟੀਮ ਨੂੰ ਐਜਬਸਟਨ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਆਲਰਾਊਂਡਰ ਬੇਨ ਸਟੋਕਸ ਨੂੰ ਟੀਮ 'ਚੋਂ ਬਾਹਰ ਕਰਨਾ ਪਿਆ ਹੈ, ਜੋ ਅਪਰਾਧਿਕ ਮਾਮਲੇ ਦਾ ਸਾਹਮਣਾ ਕਰ ਰਿਹਾ ਹੈ। ਸਟੋਕਸ ਦੀ ਜਗ੍ਹਾ ਕ੍ਰਿਸ ਵੋਕਸ ਨੂੰ ਟੀਮ 'ਚ ਬੁਲਾਇਆ ਗਿਆ ਹੈ, ਜਦਕਿ ਬੱਲੇਬਾਜ਼ ਓਲੀ ਪੋਪ ਨੂੰ ਵੀ ਟੀਮ 'ਚ ਸ਼ਾਮਲ ਕੀਤਾ ਗਿਆ ਹੈ।


ਇੰਗਲੈਂਡ ਲਈ ਸੈਮ ਕਿਊਰਾਨ ਨੇ ਹੇਠਲੇਕ੍ਰਮ 'ਤੇ ਚੰਗੀ ਬੱਲੇਬਾਜ਼ੀ ਦੇ ਨਾਲ ਕਮਾਲ ਦੀ ਗੇਂਦਬਾਜ਼ੀ ਕੀਤੀ ਅਤੇ 5 ਵਿਕਟਾਂ ਕੱਢੀਆਂ। ਉਥੇ ਹੀ ਸਪਿਨਰ ਆਦਿਲ ਰਾਸ਼ਿਦ, ਜੇਮਸ ਐਂਡਰਸਨ ਅਤੇ ਸਟੂਅਰਟ ਬ੍ਰਾਡ ਨੇ ਵੀ ਚੰਗੀ ਗੇਂਦਬਾਜ਼ੀ ਕਰਦੇ ਹੋਏ ਇੰਗਲੈਂਡ ਨੂੰ ਉਸ ਦਾ 1000ਵਾਂ ਟੈਸਟ ਮੈਚ ਜਿਤਾਇਆ। ਮੇਜ਼ਬਾਨ ਟੀਮ ਦੀ ਕੋਸ਼ਿਸ਼ ਹੋਵੇਗੀ ਕਿ ਉਹ ਦੂਸਰੇ ਮੈਚ ਵਿਚ ਵੀ ਜਿੱਤ ਨਾਲ 2-0 ਦੀ ਬੜ੍ਹਤ ਕਾਇਮ ਕਰੇ ਅਤੇ ਭਾਰਤ 'ਤੇ ਦਬਾਅ ਬਣਾਏ।