ਸਾਊਦੀ ਅਰਬ ਅਤੇ ਕੈਨੇਡਾ ਵਿਚਾਲੇ ਖੜਕੀ, ਉਡਾਣਾਂ ਰੱਦ

Global News

ਟੋਰਾਂਟੋ,(ਭਾਸ਼ਾ)— ਸਾਊਦੀ ਅਰਬ ਦੀ ਸਰਕਾਰੀ ਏਅਰਵੇਜ਼ ਕੰਪਨੀ ਸਾਊਦੀਆ ਨੇ ਕੈਨੇਡਾ ਦੇ ਟੋਰਾਂਟੋ ਨੂੰ ਜਾਣ ਵਾਲੀਆਂ ਅਤੇ ਉੱਥੋਂ ਆਉਣ ਵਾਲੀਆਂ ਸਾਰੀਆਂ ਉਡਾਣਾਂ ਨੂੰ ਰੱਦ ਕਰ ਦਿੱਤਾ ਹੈ। ਏਅਰਵੇਜ਼ ਕੰਪਨੀ ਨੇ ਸੋਮਵਾਰ ਨੂੰ ਆਪਣੇ ਸਰਕਾਰੀ ਟਵਿੱਟਰ 'ਤੇ ਇਸ ਦੀ ਘੋਸ਼ਣਾ ਕੀਤੀ। ਸਾਊਦੀ ਅਰਬ ਨੇ ਕੈਨੇਡਾ ਨਾਲ ਜਾਰੀ ਰਾਜਨੀਤਕ ਵਿਵਾਦ ਦੇ ਚਲਦਿਆਂ ਇਹ ਕਦਮ ਚੁੱਕਿਆ ਹੈ। ਸਾਊਦੀ ਅਰਬ ਨੇ ਐਤਵਾਰ ਨੂੰ ਕੈਨੇਡਾ ਨਾਲ ਵਪਾਰਕ ਅਤੇ ਨਿਵੇਸ਼ ਸਬੰਧਾਂ 'ਤੇ ਰੋਕ ਲਗਾ ਦਿੱਤੀ।

ਸਾਊਦੀ ਅਰਬ ਨੇ ਇਹ ਕਦਮ ਕੈਨੇਡਾ ਦੇ ਵਿਦੇਸ਼ ਮੰਤਰੀ ਦੀ ਉਸ ਅਪੀਲ ਦੇ ਬਾਅਦ ਚੁੱਕਿਆ, ਜਿਸ 'ਚ ਸਾਊਦੀ ਅਰਬ 'ਚ ਗ੍ਰਿਫਤਾਰ ਕੀਤੇ ਗਏ ਨਾਗਰਿਕ ਅਧਿਕਾਰੀ ਕਰਮਚਾਰੀਆਂ ਦੀ ਰਿਹਾਈ ਦੀ ਮੰਗ ਕੀਤੀ ਗਈ ਸੀ। ਸਾਊਦੀ ਅਰਬ ਨੇ ਕੈਨੇਡਾ ਨੂੰ 24 ਘੰਟਿਆਂ ਦੇ ਅੰਦਰ ਆਪਣੇ ਰਾਜਦੂਤ ਨੂੰ ਵਾਪਸ ਬੁਲਾਉਣ ਜਾਂ ਉਸ ਨੂੰ ਦੇਸ਼ ਛੱਡਣ ਲਈ ਕਿਹਾ ਹੈ। ਸਾਊਦੀ ਅਰਬ 'ਚ ਪੜ੍ਹ ਰਹੇ ਕੈਨੇਡੀਅਨ ਵਿਦਿਆਰਥੀਆਂ ਲਈ ਵੀ ਸਾਊਦੀ ਦਾ ਰਵੱਈਆ ਬਦਲ ਰਿਹਾ ਹੈ। ਸਾਊਦੀ ਅਰਬ ਵਲੋਂ ਕੈਨੇਡੀਅਨ ਵਿਦਿਆਰਥੀਆਂ ਨੂੰ ਮਿਲਣ ਵਾਲੀਆਂ ਸਹੂਲਤਾਂ ਨੂੰ ਵੀ ਰੋਕ ਦਿੱਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਕੈਨੇਡਾ ਦਾ ਬੀਤੇ ਹਫਤੇ ਬਿਆਨ ਆਇਆ ਸੀ ਕਿ ਉਹ ਦੇਸ਼ 'ਚ ਔਰਤਾਂ ਤੇ ਮਨੁੱਖੀ ਅਧਿਕਾਰ ਵਰਕਰਾਂ ਦੀਆਂ ਗ੍ਰਿਫਤਾਰੀਆਂ ਨੂੰ ਲੈ ਕੇ ਚਿੰਤਾ 'ਚ ਹੈ। ਇਸ ਦੇ ਨਾਲ ਹੀ ਰਿਆਦ ਵਿਚ ਕੈਨੇਡੀਅਨ ਦੂਤਘਰ ਨੇ ਜੇਲ ਵਿਚ ਬੰਦ ਮਨੁੱਖੀ ਅਧਿਕਾਰ ਵਰਕਰਾਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ ਸੀ, ਜਿਸ ਤੋਂ ਬਾਅਦ ਸਾਊਦੀ ਅਰਬ ਨੇ ਕੈਨੇਡਾ ਖਿਲਾਫ ਸਖਤ ਰੁਖ ਅਖਤਿਆਰ ਕਰ ਲਿਆ।