ਟੋਰਾਂਟੋ 'ਚ ਭਾਰੀ ਮੀਂਹ ਦਾ ਕਹਿਰ, ਹਜ਼ਾਰਾਂ ਘਰਾਂ ਦੀ ਬੱਤੀ ਹੋਈ ਗੁੱਲ

Global News

ਟੋਰਾਂਟੋ,(ਏਜੰਸੀ)— ਮੰਗਲਵਾਰ ਸ਼ਾਮ ਨੂੰ ਕੈਨੇਡੀਅਨ ਸ਼ਹਿਰ ਟੋਰਾਂਟੋ 'ਚ ਭਾਰੀ ਮੀਂਹ ਨੇ ਜਨ-ਜੀਵਨ ਪ੍ਰਭਾਵਿਤ ਕਰ ਦਿੱਤਾ। ਹੜ੍ਹ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਅਤੇ ਹਜ਼ਾਰਾਂ ਘਰਾਂ ਦੀ ਬਿਜਲੀ ਗੁੱਲ ਰਹੀ। ਪੁਲਸ ਨੇ ਲੋਕਾਂ ਨੂੰ ਕਿਹਾ ਕਿ ਜੇਕਰ ਉਨ੍ਹਾਂ ਨੂੰ ਐਮਰਜੈਂਸੀ ਮਦਦ ਦੀ ਜ਼ਰੂਰਤ ਹੈ ਤਾਂ ਉਹ 911 'ਤੇ ਫੋਨ ਕਰਨ। ਇਲਾਕੇ 'ਚ ਪਾਣੀ ਭਰ ਜਾਣ ਕਾਰਨ ਕਈ ਵਾਹਨ ਸੜਕਾਂ 'ਤੇ ਖੜ੍ਹੇ ਹਨ, ਜਿਨ੍ਹਾਂ ਨੂੰ ਬਾਹਰ ਕੱਢਣ ਲਈ ਕੋਸ਼ਿਸ਼ਾਂ ਚੱਲ ਰਹੀਆਂ ਹਨ। 


ਵਾਤਾਵਰਨ ਕੈਨੇਡਾ ਵਲੋਂ ਇਕ ਖਾਸ ਸਟੇਟਮੈਂਟ ਜਾਰੀ ਕੀਤੀ ਗਈ ਸੀ, ਜਿਸ ਦੌਰਾਨ ਦੱਸਿਆ ਗਿਆ ਕਿ ਭਾਰੀ ਮੀਂਹ ਕਾਰਨ ਪੱਛਮੀ ਟੋਰਾਂਟੋ ਅਤੇ ਪੀਅਰਸਨ ਕੌਮਾਂਤਰੀ ਹਵਾਈ ਅੱਡੇ ਵਾਲਾ ਇਲਾਕਾ ਪ੍ਰਭਾਵਿਤ ਹੋਵੇਗਾ। ਅਧਿਕਾਰੀਆਂ ਨੇ ਦੱਸਿਆ ਕਿ 50 ਮਿਲੀ ਮੀਟਰ ਤੋਂ 100 ਮਿਲੀ ਮੀਟਰ ਪ੍ਰਤੀ ਘੰਟੇ ਮੀਂਹ ਪੈਣ ਦਾ ਸ਼ੱਕ ਹੈ।

 ਟੋਰਾਂਟੋ 'ਚ ਹਜ਼ਾਰਾਂ ਘਰਾਂ ਦੀ ਬੱਤੀ ਬੰਦ ਹੋਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਉੱਥੇ ਹੀ ਬਿਜਲੀ ਬੋਰਡ ਵਲੋਂ ਕਿਹਾ ਗਿਆ ਕਿ ਇਸ ਨੂੰ ਠੀਕ ਕਰਨ ਲਈ ਕੋਸ਼ਿਸ਼ਾਂ ਜਾਰੀ ਹਨ। ਟੋਰਾਂਟੋ ਹਾਈਡਰੋ ਵਲੋਂ ਦੱਸਿਆ ਗਿਆ ਕਿ ਇੱਥੇ 16000 ਗਾਹਕਾਂ ਨੂੰ ਬੰਦ ਬਿਜਲੀ ਕਾਰਨ ਪ੍ਰੇਸ਼ਾਨੀਆਂ ਝੱਲਣੀਆਂ ਪਈਆਂ ਪਰ ਛੇਤੀ ਹੀ 8000 ਗਾਹਕਾਂ ਦੇ ਘਰਾਂ ਦੀ ਬੱਤੀ ਚਾਲੂ ਹੋ ਗਈ ਪਰ ਅਜੇ ਵੀ 8000 ਲੋਕ ਬੱਤੀ ਆਉਣ ਦੀ ਉਡੀਕ ਕਰ ਰਹੇ ਹਨ।