ਟੋਰਾਂਟੋ ਹਵਾਈ ਅੱਡੇ ਤੋਂ ਵਾਪਸ ਭੇਜਿਆ ਗਿਆ ਪੰਜਾਬੀ ਨੌਜਵਾਨ

Global News

ਟੋਰਾਂਟੋ,(ਏਜੰਸੀ)— ਕੈਨੇਡਾ ਦੇ ਟੋਰਾਂਟੋ ਕੌਮਾਂਤਰੀ ਹਵਾਈ ਅੱਡੇ ਤੋਂ 24 ਸਾਲਾ ਪੰਜਾਬੀ ਨੌਜਵਾਨ ਨੂੰ ਵਾਪਸ ਭੇਜ ਦਿੱਤਾ ਗਿਆ। ਇਮੀਗ੍ਰੇਸ਼ਨ ਦੇ ਅਧਿਕਾਰੀਆਂ ਨੂੰ ਉਸ ਦੀ ਯੋਗਤਾ ਅਤੇ ਕਾਲਜ ਦੀ ਪੜ੍ਹਾਈ 'ਤੇ ਸ਼ੱਕ ਹੋਣ ਕਾਰਨ ਉਸ ਨੂੰ ਵਾਪਸ ਭੇਜਿਆ। ਉਹ ਇੱਥੇ 3 ਸਾਲ ਦੇ ਵਿਦਿਆਰਥੀ ਵੀਜ਼ੇ 'ਤੇ ਆਇਆ ਸੀ। ਇਹ ਨੌਜਵਾਨ ਪੰਜਾਬ ਦੇ ਜ਼ਿਲੇ ਪਟਿਆਲਾ ਨਾਲ ਸਬੰਧਤ ਹੈ। 


ਅਧਿਕਾਰੀਆਂ ਮੁਤਾਬਕ ਨੌਜਵਾਨ ਨੇ ਕੈਨੇਡਾ 'ਚ 2 ਸਾਲਾਂ ਦਾ ਕੋਰਸ ਕਰਨਾ ਸੀ ਜਦਕਿ 3 ਸਾਲਾਂ ਦਾ ਵੀਜ਼ਾ ਲਗਵਾਇਆ ਗਿਆ। ਇਸ ਦੇ ਨਾਲ ਹੀ ਉਸ ਨੂੰ ਇਹ ਵੀ ਪਤਾ ਨਹੀਂ ਸੀ ਕਿ ਕੈਨੇਡਾ ਦੇ ਕਿਹੜੇ ਸ਼ਹਿਰ ਦੇ ਕਾਲਜ 'ਚ ਉਸ ਨੇ ਪੜ੍ਹਾਈ ਕਰਨੀ ਸੀ ਅਤੇ ਇਸ ਦੌਰਾਨ ਉਸ ਨੇ ਕਿੱਥੇ ਰਹਿਣਾ ਸੀ।


ਅਧਿਕਾਰੀਆਂ ਮੁਤਾਬਕ ਕਾਲਜ 'ਚ ਦਾਖਲੇ ਲਈ ਜਿਹੜਾ ਇਕ ਕਾਗਜ਼ ਵਿਦਿਆਰਥੀ ਵਲੋਂ ਆਪਣੀ ਲਿਖਾਈ 'ਚ ਭਰਿਆ ਜਾਂਦਾ ਹੈ, ਜੋ ਬਹੁਤ ਜ਼ਰੂਰੀ ਹੈ ਪਰ ਉਹ ਵੀ ਉਸ ਦੀ ਭੈਣ ਨੇ ਹੀ ਭਰਿਆ ਸੀ। ਅਧਿਕਾਰੀਆਂ ਨੂੰ ਯਕੀਨ ਨਹੀਂ ਸੀ ਕਿ ਉਸ ਨੇ ਅੰਗਰੇਜ਼ੀ ਦੇ ਟੈਸਟ 'ਚ ਚੰਗੇ ਨੰਬਰ ਲਏ ਸਨ। ਉਨ੍ਹਾਂ ਨੂੰ ਇਸ ਦਾ ਸਰਟੀਫਿਕੇਟ ਅਸਲੀ ਹੋਣ ਬਾਰੇ ਵੀ ਵਿਸ਼ਵਾਸ ਨਾ ਹੋਇਆ। ਅਖੀਰ ਇੰਨੇ ਸ਼ੱਕਾਂ ਕਾਰਨ ਉਸ ਨੂੰ ਵਾਪਸ ਦਿੱਲੀ ਜਾਣ ਵਾਲੀ ਫਲਾਇਟ 'ਚ ਬੈਠਾ ਦਿੱਤਾ ਗਿਆ। ਉੱਥੇ ਉਸ ਦੇ ਰਿਸ਼ਤੇਦਾਰ ਉਸ ਨੂੰ ਲੈਣ ਆਏ ਸਨ ਜੋ ਬਾਹਰ ਉਡੀਕਦੇ ਰਹੇ ਤੇ ਹਾਰ ਕੇ ਉਹ ਵੀ ਨਿਰਾਸ਼ ਹੋ ਕੇ ਘਰ ਮੁੜ ਗਏ।