ਮਾਤਾ ਸਵਿੰਦਰ ਹਰਦੇਵ ਦੀ ਅੰਤਿਮ ਯਾਤਰਾ 'ਚ ਲੱਖਾਂ ਦੀ ਗਿਣਤੀ 'ਚ ਪਹੁੰਚੇ ਸ਼ਰਧਾਲੂ

Global News

ਨਵੀਂ ਦਿੱਲੀ—ਸੰਤ ਨਿਰਕਾਰੀ ਮਿਸ਼ਨ ਦੀ ਰੂਹਾਨੀ ਮੁਖੀ ਮਾਤਾ ਸਵਿੰਦਰ ਹਰਦੇਵ ਦਾ ਅੰਤਿਮ ਸੰਸਕਾਰ ਬੁੱਧਵਾਰ ਨੂੰ ਨਿਗਮ ਬੋਧ ਘਾਟ 'ਤੇ ਕੀਤਾ ਗਿਆ, ਜਿਥੇ ਵੱਡੀ ਗਿਣਤੀ 'ਚ ਉਨ੍ਹਾਂ ਦੀ ਅੰਤਿਮ ਯਾਤਰਾ 'ਚ ਦੇਸ਼ ਭਰ 'ਚੋਂ ਆਏ ਉਨ੍ਹਾਂ ਦੇ ਲੱਖਾਂ ਸ਼ਰਧਾਲੂਆਂ ਨੇ ਹਿੱਸਾ ਲਿਆ। 


ਉਥੇ ਹੀ ਸੰਤ ਨਿਰੰਕਾਰੀ ਮਿਸ਼ਨ ਦੇ ਮਾਤਾ ਸਤਿਗੁਰੂ ਸੁਦੀਕਸ਼ਾ ਜੀ ਮਹਾਰਾਜ ਜੀ ਦੀ ਛਤਰਛਾਇਆ ਹੇਠ ਮਾਤਾ ਸਵਿੰਦਰ ਹਰਦੇਵ ਜੀ ਨੂੰ ਸ਼ਰਧਾਂਜਲੀ ਦੇਣ ਲਈ ਅੱਜ ਪ੍ਰੇਰਨਾ ਦਿਵਸ ਨਾਮਕ ਵਿਸ਼ਾਲ ਸਮਾਰੋਹ ਦਾ ਨਿਰੰਕਾਰੀ ਚੌਂਕ ਬੁਰਆੜੀ ਰੋਡ ਦਿਲੀ ਵਿਖੇ ਆਯੋਜਨ ਕੀਤਾ ਗਿਆ, ਜਿਸ 'ਚ ਦੇਸ਼ 'ਚੋਂ ਹੀ ਨਹੀਂ ਪੂਰੇ ਵਿਸ਼ਵ 'ਚੋਂ ਸੰਗਤਾਂ ਨੇ ਆਪਣੀ ਹਾਜ਼ਰੀ ਲਗਵਾ ਕੇ ਇਸ ਤਪ ਤੇ ਤਿਆਗ ਦੀ ਮੂਰਤ ਮਾਤਾ ਸਵਿੰਦਰ ਹਰਦੇਵ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਮਾਤਾ ਸਵਿੰਦਰ ਹਰਦੇਵ ਜੀ ਦੇ ਸੰਗਤਾਂ 'ਚ ਅਥਾਹ ਪਿਆਰ ਕਰਕੇ ਉਨ੍ਹਾਂ ਦੇ ਇਸ ਸ਼ਰਧਾਂਜਲੀ ਸਮਾਰੋਹ 'ਚ ਉਨ੍ਹਾਂ ਨੂੰ ਚਾਹੁਣ ਵਾਲਿਆਂ ਦਾ ਦਿਲੀ 'ਚ ਹੜ੍ਹ ਆ ਗਿਆ । ਇਸ ਮਹਾਨ ਆਤਮਾ ਦੇ ਵਿਯੋਗ 'ਚ ਸਭ ਦੀਆਂ ਅੱਖਾਂ ਨਮ ਸਨ। ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਵਲੋਂ ਵੀ ਵਿਸ਼ੇਸ਼ ਤੌਰ 'ਤੇ ਆਪਣੀ ਹਾਜ਼ਰੀ ਲਗਵਾ ਕੇ ਮਾਤਾ ਸਵਿੰਦਰ ਹਰਦੇਵ ਜੀ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।

ਇਸ ਮੌਕੇ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਮਾਤਾ ਜੀ ਨੇ ਆਪਣਾ ਸਾਰਾ ਜੀਵਨ ਮਾਨਵਤਾ ਦੀ ਭਲਾਈ ਦੇ ਲੇਖੇ ਲਾਇਆ ਹੋਇਆ ਸੀ। ਉਨ੍ਹਾਂ ਵਲੋਂ ਹਮੇਸ਼ਾ ਹੀ ਸਭ ਨੂੰ ਪਰਮਾਤਮਾ ਦੀ ਭਗਤੀ ਅਤੇ ਮਾਨਵਤਾ ਦੇ ਭਲੇ ਦਾ ਸੰਦੇਸ਼ ਦਿੱਤਾ ਗਿਆ। ਉਨ੍ਹਾਂ ਵਲੋਂ ਕੀਤੇ ਗਏ ਸਮਾਜ ਭਲਾਈ ਦੇ ਕਾਰਜ ਜਿੱਥੇ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਪ੍ਰੇਰਨਾ ਸਰੋਤ ਹੋਣਗੇ, ਉਥੇ ਹੀ ਉਨ੍ਹਾਂ ਨੂੰ ਰਹਿੰਦੀ ਦੁਨੀਆ ਤਕ ਯਾਦ ਕੀਤਾ ਜਾਂਦਾ ਰਹੇਗਾ। ਇਸ ਮੌਕੇ ਹੋਰ ਵੀ ਸਮਾਜਿਕ, ਧਾਰਮਿਕ ਅਤੇ ਰਾਜਨੀਤਕ ਸਖਸ਼ੀਅਤਾਂ ਨੇ ਮਾਤਾ ਸਵਿੰਦਰ ਹਰਦੇਵ ਜੀ ਨੂੰ ਸ਼ਰਧਾਂਜਲੀ ਭੇਂਟ ਕੀਤੀ।ਜ਼ਿਕਰਯੋਗ ਹੈ ਕਿ ਮਾਤਾ ਸਵਿੰਦਰ ਹਰਦੇਵ ਦਾ ਦਿਹਾਂਤ (5 ਜੂਨ) ਬੁੱਧਵਾਰ ਨੂੰ ਹੋਇਆ ਸੀ।