'ਮਰ ਗਏ ਓਏ ਲੋਕੋ' 'ਚ 'ਟੀਟੂ' ਤੇ 'ਸਿਮਰਨ' ਦੀ ਦਿਸੇਗੀ ਰੋਮਾਂਟਿਕ ਕੈਮਿਸਟਰੀ

Global News

ਜਲੰਧਰ (ਬਿਊਰੋ)— ਗਿੱਪੀ ਗਰੇਵਾਲ ਤੇ ਸਪਨਾ ਪੱਬੀ ਦੀ ਜੋੜੀ ਪੰਜਾਬੀ ਫਿਲਮ 'ਮਰ ਗਏ ਓਏ ਲੋਕੋ' 'ਚ ਧਮਾਲਾਂ ਪਾਉਂਦੀ ਨਜ਼ਰ ਆਉਣ ਵਾਲੀ ਹੈ। ਇਸ ਫਿਲਮ 'ਚ ਦੋਵਾਂ ਦੀ ਰੋਮਾਂਟਿਕ ਕੈਮਿਸਟਰੀ ਲੋਕਾਂ ਨੂੰ ਦੇਖਣ ਨੂੰ ਮਿਲੇਗੀ। 'ਮਰ ਗਏ ਓਏ ਲੋਕੋ' 'ਚ ਗਿੱਪੀ ਗਰੇਵਾਰ 'ਟੀਟੂ' ਅਤੇ ਸਪਨਾ ਪੱਬੀ 'ਸਿਮਰਨ' ਦੇ ਕਿਰਦਾਰ 'ਚ ਨਜ਼ਰ ਆਵੇਗੀ। ਇਸ ਗੱਲ ਦੀ ਜਾਣਕਾਰੀ ਗਿੱਪੀ ਗਰੇਵਾਲ ਨੇ ਆਪਣੇ ਫੇਸਬੁੱਕ ਪੇਜ 'ਤੇ ਇਕ ਪੋਸਟਰ ਸ਼ੇਅਰ ਕਰਦਿਆਂ ਦਿੱਤੀ ਹੈ। ਦੱਸ ਦੇਈਏ ਕਿ ਇਹ ਫਿਲਮ ਕਾਮੇਡੀ ਦੇ ਨਾਲ-ਨਾਲ ਬੇਹੱਦ ਰੋਮਾਂਟਿਕ ਵੀ ਹੈ। ਗਿੱਪੀ ਗਰੇਵਾਲ ਤੇ ਸਪਨਾ ਪੱਬੀ ਤੋਂ ਇਲਾਵਾ ਇਸ ਫਿਲਮ 'ਚ ਬੀਨੂੰ ਢਿੱਲੋਂ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਬੀ. ਐੱਨ. ਸ਼ਰਮਾ ਤੇ ਜਸਵਿੰਦਰ ਭੱਲਾ ਮੁੱਖ ਭੂਮਿਕਾ 'ਚ ਦਿਖਾਈ ਦੇਣਗੇ। ਕੁਝ ਦਿਨ ਪਹਿਲਾਂ ਫਿਲਮ ਦਾ ਟੀਜ਼ਰ ਰਿਲੀਜ਼ ਹੋਇਆ ਸੀ, ਜਿਸ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਟੀਜ਼ਰ ਤੋਂ ਇਹ ਤਾਂ ਸਾਫ ਹੈ ਕਿ ਇਸ ਫਿਲਮ 'ਚ ਹਾਰਰ ਕਾਮੇਡੀ ਦਾ ਤੜਕਾ ਲਾਇਆ ਗਿਆ ਹੈ।

 


ਦੱਸਣਯੋਗ ਹੈ ਕਿ 'ਮਰ ਗਏ ਓਏ ਲੋਕੋ' ਫਿਲਮ ਦੀ ਕਹਾਣੀ ਗਿੱਪੀ ਗਰੇਵਾਲ ਨੇ ਲਿਖੀ ਹੈ ਤੇ ਇਸ ਨੂੰ ਪ੍ਰੋਡਿਊਸ ਵੀ ਖੁਦ ਗਿੱਪੀ ਗਰੇਵਾਲ ਹੀ ਕਰ ਰਹੇ ਹਨ। ਉਥੇ ਨਿਰਦੇਸ਼ਨ ਦੀ ਜ਼ਿੰਮੇਵਾਰੀ ਸਿਰਮਜੀਤ ਸਿੰਘ ਨੇ ਨਿਭਾਈ ਹੈ। ਫਿਲਮ ਦਾ ਸੰਗੀਤ ਜੇ. ਕੇ. (ਜੱਸੀ ਕਟਿਆਲ), ਸਨੈਪੀ, ਕੁਵਰ ਵਿਰਕ ਤੇ ਗੁਰਮੀਤ ਸਿੰਘ ਨੇ ਦਿੱਤਾ ਹੈ, ਜਿਹੜਾ ਹੰਬਲ ਮਿਊਜ਼ਿਕ ਦੇ ਬੈਨਰ ਹੇਠ ਰਿਲੀਜ਼ ਹੋਵੇਗਾ। 'ਮਰ ਗਏ ਓਏ ਲੋਕੋ' ਦੁਨੀਆ ਭਰ 'ਚ 31 ਅਗਸਤ, 2018 ਨੂੰ ਰਿਲੀਜ਼ ਹੋਣ ਜਾ ਰਹੀ ਹੈ।