ਟੋਰਾਂਟੋ ਮੈਡੀਕਲ ਅਫਸਰ ਵਲੋਂ ਗਰਮੀ ਸਬੰਧੀ ਚਿਤਾਵਨੀ ਜਾਰੀ

Global News

ਟੋਰਾਂਟੋ— ਕੈਨੇਡਾ ਸਣੇ ਦੁਨੀਆ ਭਰ 'ਚ ਪਾਰਾ ਦਿਨੋ ਦਿਨ ਵਧਦਾ ਹੀ ਜਾ ਰਿਹਾ ਹੈ। ਇਸੇ ਦੌਰਾਨ ਟੋਰਾਂਟੋ ਦੇ ਮੈਡੀਕਲ ਅਫਸਰ ਵਲੋਂ ਗਰਮੀ ਸਬੰਧੀ ਚਿਤਾਵਨੀ ਜਾਰੀ ਕੀਤੀ ਗਈ ਹੈ। ਵਾਤਾਵਰਣ ਕੈਨੇਡਾ ਵਲੋਂ ਟੋਰਾਂਟੋ 'ਚ ਐਤਵਾਰ ਨੂੰ ਤਾਪਮਾਨ 34 ਡਿਗਰੀ ਰਹਿਣ ਦਾ ਅਨੁਮਾਨ ਲਾਇਆ ਗਿਆ ਹੈ ਪਰ ਹੁੰਮਸ ਦੇ ਕਾਰਨ ਇਹ ਤਾਪਮਾਨ 42 ਡਿਗਰੀ ਤੱਕ ਮਹਿਸੂਸ ਹੋਵੇਗਾ। ਸੋਮਵਾਰ ਨੂੰ ਵੀ ਸੂਰਜ ਦੀ ਗਰਮੀ ਇਸੇ ਤਰ੍ਹਾਂ ਜਾਰੀ ਰਹੇਗੀ ਤੇ ਤਾਪਮਾਨ 33 ਡਿਗਰੀ ਦੇ ਨੇੜੇ ਰਹਿਣ ਦਾ ਅਨੁਮਾਨ ਹੈ।


ਵਾਤਾਵਰਣ ਕੈਨੇਡਾ ਨੇ ਸ਼ਨੀਵਾਰ ਨੂੰ ਗਰਮੀ ਸਬੰਧੀ ਚਿਤਾਵਨੀ ਜਾਰੀ ਕੀਤੀ ਸੀ ਤੇ ਕਿਹਾ ਸੀ ਕਿ ਸੋਮਵਾਰ ਤੱਕ ਗਰਮੀ ਦਾ ਪ੍ਰਭਾਵ ਜਾਰੀ ਰਹੇਗਾ। ਨੈਸ਼ਨਲ ਵੈਦਰ ਏਜੰਸੀ ਦਾ ਕਹਿਣਾ ਹੈ ਕਿ ਟੋਰਾਂਟੋ 'ਚ ਰਾਤ ਵੇਲੇ ਵੀ ਗਰਮੀ ਤੋਂ ਰਾਹਤ ਦੀ ਕੋਈ ਉਮੀਦ ਨਹੀਂ ਦਿਖਾਈ ਦੇ ਰਹੀ ਤੇ ਤਾਪਮਾਨ ਰਾਤ ਵੇਲੇ ਵੀ 20 ਡਿਗਰੀ ਦੇ ਨੇੜੇ ਰਹੇਗਾ। ਵਿਭਾਗ ਨੂੰ ਉਮੀਦ ਹੈ ਕਿ ਤਾਪਮਾਨ ਮੰਗਲਵਾਰ ਤੋਂ ਕੁਝ ਘਟੇਗਾ। ਇਲਾਕੇ ਦੇ ਲੋਕਾਂ ਨੂੰ ਦਿਨ ਵੇਲੇ ਜ਼ਿਆਦਾ ਦੇਰ ਬਾਹਰ ਨਾ ਰਹਿਣ ਦੀ ਸਲਾਹ ਦਿੱਤੀ ਗਈ ਹੈ ਤੇ ਇਨ੍ਹਾਂ ਗਰਮੀ ਤੇ ਹੁੰਮਸ ਭਰੇ ਦਿਨਾਂ 'ਚ ਢਿੱਲੇ ਤੇ ਹਲਕੇ ਰੰਗਾਂ ਦੇ ਕੱਪੜੇ ਪਹਿਨਣ ਲਈ ਕਿਹਾ ਗਿਆ ਹੈ।