ਸ਼ੋਪੀਆਂ 'ਚ ਪੁਲਸ ਹਵਾਲਾਤ 'ਚੋਂ ਮ੍ਰਿਤਕ ਅੱਤਵਾਦੀ ਦਾ ਭਰਾ ਫਰਾਰ

Global News

ਸ਼੍ਰੀਨਗਰ (ਮਜੀਦ)— ਦੱਖਣੀ ਕਸ਼ਮੀਰ ਦੇ ਸ਼ੋਪੀਆਂ ਵਿਖੇ ਪੁਲਸ ਹਵਾਲਾਤ ਵਿਚੋਂ ਇਕ ਅੱਤਵਾਦੀ ਦਾ ਭਰਾ ਪੁਲਸ ਮੁਲਾਜ਼ਮਾਂ ਨੂੰ ਚਕਮਾ ਦੇ ਕੇ ਫਰਾਰ ਹੋਣ ਵਿਚ ਸਫਲ ਹੋ ਗਿਆ। ਇਸ ਸਬੰਧੀ ਪੁਲਸ ਨੇ ਵਿਭਾਗੀ ਜਾਂਚ ਬਿਠਾਉਂਦੇ ਹੋਏ 4 ਪੁਲਸ ਮੁਲਾਜ਼ਮਾਂ ਨੂੰ ਤੁਰੰਤ ਮੁਅੱਤਲ ਕਰ ਦਿੱਤਾ ਹੈ।

ਸਰਕਾਰੀ ਸੂਤਰਾਂ ਮੁਤਾਬਕ ਇਹ ਮਾਮਲਾ ਸ਼ੋਪੀਆਂ ਦੇ ਜੇਨਪੁਰਾ ਪੁਲਸ ਸਟੇਸ਼ਨ ਦਾ ਹੈ। ਫਰਾਰ ਹੋਏ ਨੌਜਵਾਨ ਦੀ ਪਛਾਣ ਸੋਹੇਲ ਅਹਿਮਦ ਵਾਨੀ ਵਜੋਂ ਹੋਈ ਹੈ। ਉਹ ਕੁਝ ਸਮਾਂ ਪਹਿਲਾਂ ਸੁਰੱਖਿਆ ਫੋਰਸਾਂ ਨਾਲ ਹੋਏ ਮੁਕਾਬਲੇ ਦੌਰਾਨ ਮਾਰੇ ਗਏ ਹਿਜ਼ਬੁਲ ਦੇ ਇਕ ਅੱਤਵਾਦੀ ਨਾਸਿਰ ਵਾਨੀ ਦਾ ਛੋਟਾ ਭਰਾ ਦੱਸਿਆ ਗਿਆ ਹੈ। ਪੁਲਸ ਨੇ ਉਸ ਨੂੰ 9 ਜੁਲਾਈ ਨੂੰ ਤਾਰਿਕ ਅਹਿਮਦ ਮੁਹੰਮਦ ਦੇ ਅਗਵਾ ਪਿੱਛੋਂ ਹੋਈ ਹੱਤਿਆ ਸਬੰਧੀ ਫੜਿਆ ਸੀ। ਤਾਰਿਕ ਅਹਿਮਦ ਦਾ ਇਕ ਚਚੇਰਾ ਭਰਾ ਬਿਲਾਲ ਅਹਿਮਦ ਵੀ 6 ਮਈ ਨੂੰ ਮਾਰੇ ਗਏ 5 ਅੱਤਵਾਦੀਆਂ ਵਿਚੋਂ ਇਕ ਸੀ। ਪੁਲਸ ਨੇ ਤਾਰਿਕ ਦੀ ਹੱਤਿਆ ਸਬੰਧੀ ਪੁੱਛਗਿੱਛ ਲਈ ਸ਼ੱਕ ਦੇ ਆਧਾਰ 'ਤੇ ਸੋਹੇਲ, ਸ਼ੇਖ ਅਤੇ ਸ਼ਾਕਿਰ ਨੂੰ ਹਿਰਾਸਤ ਵਿਚ ਲਿਆ ਸੀ। ਤਿੰਨੋਂ ਹੀ ਸ਼ੋਪੀਆਂ ਦੇ ਰਹਿਣ ਵਾਲੇ ਦੱਸੇ ਗਏ ਹਨ।