ਬਰੈਂਪਟਨ: ਪੰਜਾਬੀ ਨੌਜਵਾਨ ਪਲਵਿੰਦਰ ਦੇ ਕਤਲ ਮਾਮਲੇ 'ਚ ਦੋਸ਼ੀ ਵਿਰੁੱਧ ਗ੍ਰਿਫਤਾਰੀ ਵਾਰੰਟ ਜਾਰੀ

Global News

ਬਰੈਂਪਟਨ (ਏਜੰਸੀ)— ਕੈਨੇਡਾ ਦੇ ਸ਼ਹਿਰ ਬਰੈਂਪਟਨ 'ਚ ਬੀਤੇ ਦਿਨੀਂ 28 ਸਾਲਾ ਪੰਜਾਬੀ ਨੌਜਵਾਨ ਪਲਵਿੰਦਰ ਸਿੰਘ ਉਰਫ ਵਿੱਕੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਇਸ ਵਾਰਦਾਤ ਨੂੰ 4 ਨੀਗਰੋ ਮੁੰਡਿਆਂ ਨੇ ਅੰਜਾਮ ਦਿੱਤਾ ਸੀ। 4 ਹਮਲਾਵਰਾਂ 'ਚੋਂ 2 ਨੇ ਪੁਲਸ ਸਾਹਮਣੇ ਆਤਮ-ਸਮਰਪਣ ਕਰ ਦਿੱਤਾ ਸੀ। ਪੁਲਸ ਨੇ ਦੋਹਾਂ ਸ਼ੱਕੀ ਦੋਸ਼ੀਆਂ 18 ਸਾਲਾ ਸੀਅਨ ਪੋਂਟੋ ਅਤੇ 19 ਸਾਲਾ ਐਂਡਰਿਊ ਐਡਵਰਡ ਨੂੰ ਗ੍ਰਿਫਤਾਰ ਕਰ ਲਿਆ। ਦੋ ਦੋਸ਼ੀ ਅਜੇ ਵੀ ਫਰਾਰ ਹਨ। ਕੈਨੇਡੀਅਨ ਪੁਲਸ ਨੇ ਕੈਨੇਡਾ ਭਰ 'ਚ ਇਸ ਕਤਲ ਮਾਮਲੇ ਨਾਲ ਸਬੰਧਤ 18 ਸਾਲਾ ਦੋਸ਼ੀ ਹਮਲਾਵਰ ਨਬੀਲ ਅਲਬਯਾਤੀ ਦੇ ਵਿਰੁੱਧ ਗ੍ਰਿ੍ਰਫਤਾਰੀ ਵਾਰੰਟ ਜਾਰੀ ਕੀਤੇ ਹਨ। ਪੁਲਸ ਮੁਤਾਬਕ ਨਬੀਲ ਟੋਰਾਂਟੋ ਦਾ ਰਹਿਣ ਵਾਲਾ ਹੈ। ਨਬੀਲ ਬਾਰੇ ਦੱਸਦਿਆਂ ਪੁਲਸ ਨੇ ਕਿਹਾ ਕਿ ਉਹ 5 ਫੁੱਟ 9 ਇੰਚ ਲੰਬਾ, ਕਾਲੇ ਰੰਗ ਦਾ ਲੜਕਾ ਹੈ। ਪੁਲਸ ਦਾ ਕਹਿਣਾ ਹੈ ਕਿ ਜਿਸ ਕਿਸੇ ਨੂੰ ਇਸ ਦੋਸ਼ੀ ਹਮਲਾਵਰ ਬਾਰੇ ਕੋਈ ਵੀ ਜਾਣਕਾਰੀ ਮਿਲੇ, ਉਹ ਪੁਲਸ ਨਾਲ ਸੰਪਰਕ ਕਰਨ। 

 

ਦੱਸਣਯੋਗ ਹੈ ਕਿ 16 ਜੁਲਾਈ ਸੋਮਵਾਰ ਦੀ ਸ਼ਾਮ 6.00 ਵਜੇ ਦੇ ਕਰੀਬ ਪਲਵਿੰਦਰ ਸਿੰਘ ਦਾ ਕਤਲ ਕਰ ਦਿੱਤਾ ਗਿਆ ਸੀ। ਹਮਲਾਵਰਾਂ ਨੇ ਪਲਵਿੰਦਰ ਦੇ ਏਅਰਪੋਰਟ ਰੋਡ 'ਤੇ ਡੋਨਵੁੱਡ ਕੋਰਟ ਕੋਲ ਸਥਿਤ ਘਰ 'ਚ ਜਾ ਕੇ ਉਸ 'ਤੇ ਹਮਲਾ ਕੀਤਾ ਸੀ। ਉਹ ਕੰਮ ਤੋਂ ਵਾਪਸ ਘਰ ਗਿਆ ਹੀ ਸੀ ਕਿ ਉਸ ਦੇ ਘਰ ਦੇ ਦਰਵਾਜ਼ੇ ਦੀ ਘੰਟੀ ਵੱਜੀ ਤਾਂ ਜਿਵੇਂ ਹੀ ਉਸ ਨੇ ਦਰਵਾਜ਼ਾ ਖੋਲ੍ਹਿਆ ਹਮਲਾਵਰਾਂ ਨੇ ਉਸ 'ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਮੌਕੇ 'ਤੇ ਹੀ ਉਸ ਦੀ ਮੌਤ ਹੋ ਗਈ। ਪਲਵਿੰਦਰ ਟਰੱਕ ਡਰਾਈਵਰ ਸੀ ਜੋ ਕਿ 2009 'ਚ ਕੈਨੇਡਾ ਗਿਆ ਸੀ। ਉਸ ਦਾ ਪਰਿਵਾਰ ਜਲੰਧਰ ਦੇ ਰਾਮਾਮੰਡੀ ਦੇ ਨੈਸ਼ਨਲ ਐਵੇਨਿਊ ਵਿਚ ਰਹਿੰਦਾ ਹੈ।