ਕਾਲਾ ਹਿਰਨ ਸ਼ਿਕਾਰ ਮਾਮਲਾ : ਸਲਮਾਨ ਦੇ ਵਕੀਲ ਦੀ ਅਰਜ਼ੀ 'ਤੇ ਬਦਲੀ ਸੁਣਵਾਈ ਦੀ ਡੇਟ

Global News

ਮੁੰਬਈ (ਬਿਊਰੋ)— ਕਾਲਾ ਹਿਰਨ ਸ਼ਿਕਾਰ ਮਾਮਲੇ 'ਚ ਦੋਸ਼ੀ ਠਹਿਰਾਏ ਜਾ ਚੁੱਕੇ ਸਲਮਾਨ ਖਾਨ ਦੀ ਅਪੀਲ 'ਤੇ 17 ਜੁਲਾਈ ਨੂੰ ਜੋਧਪੁਰ ਸੈਸ਼ਨ ਕੋਰਟ 'ਚ ਸੁਣਵਾਈ ਹੋਈ ਸੀ। ਤਿੰਨ ਘੰਟੇ ਚੱਲੀ ਬਹਿਸ ਤੋਂ ਬਾਅਦ ਅਗਲੀ ਸੁਣਵਾਈ ਦੀ ਡੇਟ 3-4 ਅਗਸਤ ਤੈਅ ਕੀਤੀ ਗਈ ਸੀ ਪਰ ਹੁਣ ਇਸ 'ਚ ਬਦਲਾਅ ਕੀਤਾ ਗਿਆ ਹੈ। ਸਲਮਾਨ ਖਾਨ ਦੇ ਵਕੀਲ ਨੇ ਸੁਣਵਾਈ ਅੱਗੇ ਵਧਾਉਣ ਲਈ ਅਰਜ਼ੀ ਦਿੱਤੀ ਸੀ, ਜਿਸ 'ਤੇ ਫੈਸਲਾ ਲੈਂਦੇ ਹੋਏ ਹੁਣ ਸੁਣਵਾਈ 9 ਅਗਸਤ ਨੂੰ ਹੋਵੇਗੀ। ਸਲਮਾਨ ਦੇ ਵਕੀਲਾਂ ਨੇ ਜ਼ਿਲਾ ਸੈਸ਼ਨ ਜੱਜਾਂ ਸਾਹਮਣੇ ਦਲੀਲ ਦਿੱਤੀ ਸੀ ਕਿ ਇਕੋ ਗਵਾਹ ਦੇ ਆਧਾਰ 'ਤੇ ਸਲਮਾਨ ਨੂੰ ਦੋਸ਼ੀ ਸਿੱਧ ਨਹੀਂ ਕੀਤਾ ਜਾ ਸਕਦਾ, ਜਿਸ ਨੂੰ ਉਨ੍ਹਾਂ ਵਿਰੁੱਧ ਸ਼ਿਕਾਰ ਦੇ 2 ਮਾਮਲਿਆਂ 'ਚ ਹਾਈ ਕੋਰਟ ਨੇ ਖਾਰਿਜ ਕਰ ਦਿੱਤਾ ਸੀ।

ਦੱਸ ਦੇਈਏ ਕਿ 1998 'ਚ ਜੋਧਪੁਰ 'ਚ ਆਪਣੀ ਫਿਲਮ 'ਹਮ ਸਾਥ-ਸਾਥ ਹੈਂ' ਦੀ ਸ਼ੂਟਿੰਗ ਦੌਰਾਨ ਸਲਮਾਨ ਖਾਨ 'ਤੇ ਕਾਲੇ ਹਿਰਨ ਦਾ ਸ਼ਿਕਾਰ ਕਰਨ ਦਾ ਦੋਸ਼ ਲੱਗਾ ਸੀ। ਇਸ ਕੇਸ 'ਚ ਉਨ੍ਹਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਸੀ। ਸਲਮਾਨ ਖਾਨ ਨੂੰ 5 ਦਿਨਾਂ ਤੱਕ ਜੇਲ 'ਚ ਰਹਿਣਾ ਪਿਆ ਸੀ। 22 ਸਤੰਬਰ, 1998 ਨੂੰ ਉਨ੍ਹਾਂ ਦੇ ਕਮਰੇ 'ਚੋਂ ਪੁਲਸ ਨੇ ਇਸ ਪਿਸਤੌਲ ਅਤੇ ਰਾਈਫਲ ਬਰਾਮਦ ਕੀਤੀ ਸੀ।