'ਦਾਸਦੇਵ' ਵਿਚ ਦਿਸੇਗਾ ਪਾਰੋ, ਦੇਵ ਅਤੇ ਚੰਦਰਮੁਖੀ ਦਾ ਮਾਡਰਨ ਰੰਗ

Global News

ਪ੍ਰਸਿੱਧ ਬੰਗਾਲੀ ਸਾਹਿਤਕਾਰ ਸ਼ਰਤਚੰਦਰ ਚਟੋਪਾਧਿਆਏ ਦੇ ਨਾਵਲ 'ਦੇਵਦਾਸ' ਦੇ ਜਿੰਨੇ ਰੂਪ ਫਿਲਮਾਂ 'ਚ ਆਏ ਹਨ, ਓਨੇ ਸ਼ਾਇਦ ਹੀ ਕਿਸੇ ਹੋਰ ਸਾਹਿਤਕ ਰਚਨਾ ਦੇ ਆਏ ਹੋਣਗੇ। ਹਿੰਦੀ ਸਿਨੇਮਾ 'ਚ ਦੇਵਦਾਸ ਨੂੰ ਵੱਖਰੇ-ਵੱਖਰੇ ਸਮੇਂ ਅਤੇ ਅੰਦਾਜ਼ 'ਚ ਪਰਦੇ 'ਤੇ ਉਤਾਰਿਆ ਜਾ ਚੁੱਕਾ ਹੈ। ਹੁਣ ਦੇਵਦਾਸ ਨੂੰ ਨਵੇਂ ਕਲੇਵਰ 'ਚ ਪੇਸ਼ ਕਰਨ ਜਾ ਰਹੇ ਹਨ ਮਸ਼ਹੂਰ ਨਿਰਦੇਸ਼ਕ ਸੁਧੀਰ ਮਿਸ਼ਰਾ। ਫਿਲਮ ਦਾ ਟਾਈਟਲ 'ਦਾਸਦੇਵ' ਰੱਖਿਆ ਗਿਆ ਹੈ, ਜਿਸ 'ਚ ਬਾਲੀਵੁੱਡ ਦੇ ਬੇਹੱਦ ਪ੍ਰਤਿਭਾਸ਼ਾਲੀ ਕਲਾਕਾਰ ਸੌਰਭ ਸ਼ੁਕਲਾ ਨਾਲ ਅਦਾਕਾਰਾ ਰਿਚਾ ਚੱਢਾ, ਅਦਿਤੀ ਰਾਵ ਹੈਦਰੀ ਅਤੇ ਰਾਹੁਲ ਭੱਟ ਦਿਸਣਗੇ। ਫਿਲਮ ਪ੍ਰਮੋਸ਼ਨ ਲਈ ਦਿੱਲੀ ਪਹੁੰਚੀ ਸਟਾਰ ਕਾਸਟ ਨੇ ਜਗ ਬਾਣੀ/ਨਵੋਦਿਆ ਟਾਈਮਜ਼ ਨਾਲ ਖਾਸ ਗੱਲਬਾਤ ਕੀਤੀ।

'ਦੇਵਦਾਸ' ਅਤੇ 'ਦਾਸਦੇਵ' ਵਿਚ ਫਰਕ
'ਦਾਸਦੇਵ' ਨੂੰ ਡਾਇਰੈਕਟਰ ਸੁਧੀਰ ਮਿਸ਼ਰਾ ਨੇ ਇਕ ਨਵਾਂ ਹੀ ਰੰਗ ਦੇ ਦਿੱਤਾ ਹੈ। ਇਹ ਫਿਲਮ ਦਾਸ ਤੋਂ ਦੇਵ ਬਣਨ ਦੀ ਕਹਾਣੀ ਹੈ, ਜਿਸ ਵਿਚ ਇਕ ਲਵ ਸਟੋਰੀ ਵੀ ਹੈ, ਦੇਵ ਅਤੇ ਪਾਰੋ ਵਿਚਾਲੇ ਮੱਤਭੇਦ ਵੀ ਹਨ, ਦੋਵਾਂ ਵਿਚਾਲੇ ਆਈ ਸਿਆਸੀ ਬਦਲਾਖੋਰੀ ਵੀ ਹੈ ਅਤੇ ਨਾਲ ਹੀ ਦੋਵਾਂ ਵਿਚਾਲੇ ਬਦਲੇ ਦੀ ਜੰਗ ਵੀ ਹੈ। ਇਸ ਫਿਲਮ 'ਚ ਤੁਹਾਨੂੰ ਯੂ. ਪੀ. ਦੀ ਸਿਆਸਤ ਵੀ ਦੇਖਣ ਨੂੰ ਮਿਲੇਗੀ। ਇਸ ਦੇ ਨਾਲ ਹੀ ਇਸ 'ਚ ਤੁਹਾਨੂੰ ਵਿਲੀਅਮ ਸ਼ੈਕਸਪੀਅਰ ਦੇ 'ਹੈਮਲੇਟ' ਦੇ ਕੁਝ ਅੰਸ਼ ਵੀ ਦੇਖਣ ਨੂੰ ਮਿਲਣਗੇ।

ਪਾਰੋ ਦਾ ਕਿਰਦਾਰ ਚੁਣੌਤੀਪੂਰਨ
ਇਸ ਫਿਲਮ 'ਚ ਮੈਂ ਪਾਰੋ ਦਾ ਕਿਰਦਾਰ ਨਿਭਾ ਰਹੀ ਹਾਂ। ਜਿਥੋਂ ਤਕ ਚੁਣੌਤੀਆਂ ਦਾ ਸਵਾਲ ਹੈ ਤਾਂ ਅਕਸਰ ਵਿਸ਼ੇਸ਼ ਤੌਰ 'ਤੇ ਬਣਾਈ ਗਈ ਫਿਲਮ ਜਾਂ ਫਿਰ ਚੁਣੀਆਂ ਗਈਆਂ ਕਹਾਣੀਆਂ 'ਚ ਚੁਣੌਤੀਆਂ ਆਉਂਦੀਆਂ ਹੀ ਹਨ ਪਰ ਇਕ ਤਜਰਬੇਕਾਰ ਡਾਇਰੈਕਟਰ ਉਸ ਨੂੰ ਤੁਹਾਡੇ ਅਨੁਕੂਲ ਢਾਲ ਦਿੰਦਾ ਹੈ। ਪਹਿਲਾਂ ਵੀ ਫਿਲਮਾਂ 'ਚ ਪਾਰੋ ਦਾ ਕਿਰਦਾਰ ਵੱਡੀਆਂ ਅਭਿਨੇਤਰੀਆਂ ਵਲੋਂ ਨਿਭਾਇਆ ਜਾ ਚੁੱਕਾ ਹੈ ਪਰ ਇਸ ਫਿਲਮ ਵਿਚ ਇਹ ਕਿਰਦਾਰ ਥੋੜ੍ਹਾ ਹਟ ਕੇ ਹੋਵੇਗਾ ਕਿਉਂਕਿ ਇਹ ਇਕ ਵੱਖਰੀ ਤਰ੍ਹਾਂ ਦੀ ਫਿਲਮ ਹੈ, ਜਿਸ ਦਾ ਮਕਸਦ ਵੀ ਬਿਲਕੁਲ ਵੱਖਰਾ ਹੈ। ਦਾਸਦੇਵ 'ਚ ਤੁਹਾਨੂੰ ਇਕ ਮਾਡਰਨ ਪਾਰੋ ਦੇਖਣ ਨੂੰ ਮਿਲੇਗੀ, ਜੋ ਸਾੜ੍ਹੀ ਪਹਿਨ ਕੇ ਦੇਵ ਦੇ ਪਿੱਛੇ ਭੱਜਦੀ ਨਹੀਂ, ਸਗੋਂ ਸਕੂਟੀ ਤੇ ਬਾਈਕ ਚਲਾਉਂਦੀ ਹੈ। ਇਹ ਪਾਰੋ ਆਪਣੇ ਹੱਕ ਤੇ ਸਨਮਾਨ ਲਈ ਲੜਦੀ ਵੀ ਹੈ।

ਬਦਲ ਰਿਹੈ ਹਿੰਦੀ ਸਿਨੇਮਾ : ਸੌਰਭ ਸ਼ੁਕਲਾ
ਦੇ ਅਖੀਰ ਅਤੇ 90 ਦੇ ਸ਼ੁਰੂਆਤੀ ਦੌਰ 'ਚ ਇਕੋ ਹੀ ਤਰ੍ਹਾਂ ਦਾ ਸਿਨੇਮਾ ਬਣ ਰਿਹਾ ਸੀ। ਸ਼ੇਖਰ ਕਪੂਰ, ਰਾਮ ਗੋਪਾਲ ਵਰਮਾ ਅਤੇ ਸੁਧੀਰ ਮਿਸ਼ਰਾ ਵਰਗੇ ਕੁਝ ਨਾਂ ਸਨ, ਜੋ ਸਿਨੇਮਾ ਨੂੰ ਨਵਾਂ ਰੂਪ ਦੇਣ ਦਾ ਕੰਮ ਕਰ ਰਹੇ ਸਨ। 90 ਦੇ ਦਹਾਕੇ 'ਚ ਅਜਿਹੀਆਂ 5-6 ਫਿਲਮਾਂ ਹੀ ਨਿਕਲ ਕੇ ਆਈਆਂ ਪਰ ਸਾਲ 2000 ਤੋਂ ਬਾਅਦ ਹੌਲੀ-ਹੌਲੀ ਚੀਜ਼ਾਂ ਬਦਲਣੀਆਂ ਸ਼ੁਰੂ ਹੋਈਆਂ। ਅੱਜ ਰਿਅਲਿਸਟਿਕ ਸਿਨੇਮਾ ਦੀ ਮਾਰਕੀਟ ਵੱਡੀ ਹੋ ਚੁੱਕੀ ਹੈ। ਨਵੀਆਂ ਕਹਾਣੀਆਂ ਕਹੀਆਂ ਜਾ ਰਹੀਆਂ ਹਨ, ਫਿਲਮਾਂ 'ਚ ਐਕਸਪੈਰੀਮੈਂਟ ਹੋ ਰਹੇ ਹਨ। ਕੁਝ ਸਾਲ ਪਹਿਲਾਂ ਕਰੈਕਟਰ ਆਰਟਿਸਟ ਦਾ ਕੰਮ ਹੀਰੋ ਨੂੰ ਸਪੋਰਟ ਕਰਨਾ ਸੀ ਪਰ ਅੱਜ ਉਹੀ ਕਰੈਕਟਰ ਆਰਟਿਸਟ ਹੀਰੋ ਵੀ ਬਣ ਚੁੱਕਾ ਹੈ। ਹਿੰਦੀ ਸਿਨੇਮਾ ਹੁਣ ਬਦਲ ਰਿਹਾ ਹੈ ਅਤੇ ਬਹੁਤ ਚੰਗਾ ਸਮਾਂ ਚੱਲ ਰਿਹਾ ਹੈ।

'ਗੇਮ ਆਫ ਪਾਵਰ' ਦੀ ਫਿਲਮ : ਸੁਧੀਰ ਮਿਸ਼ਰਾ ਸਿਆਸਤ ਤੋਂ ਪ੍ਰੇਰਿਤ
1975-76 ਦੇ ਸਮੇਂ ਜਦੋਂ ਕਾਲਜ 'ਚ ਪਹੁੰਚਿਆ ਸੀ, ਉਦੋਂ ਸਿਰਫ 16 ਸਾਲ ਦਾ ਸੀ। ਉਂਝ ਤਾਂ ਪਰਿਵਾਰ ਤੋਂ ਦਾਦਾ ਜੀ ਸਿਆਸਤ 'ਚ ਸਨ ਪਰ ਮੈਨੂੰ ਕਦੇ ਸਿਆਸਤ ਵਿਚ ਆਉਣ ਨਹੀਂ ਦਿੱਤਾ। ਮੈਂ ਹਮੇਸ਼ਾ ਸਾਧਾਰਨ ਜੀਵਨ ਬਿਤਾਇਆ ਹੈ। ਉਂਝ ਮੈਂ ਸਿਆਸਤ ਨੂੰ ਨੇੜਿਓਂ ਜਾਣਦਾ ਹਾਂ, ਇਸ ਲਈ ਇਸ ਫਿਲਮ ਨੂੰ ਲੈ ਕੇ ਕਲਪਨਾ ਕਰਨ 'ਚ ਸੌਖ ਰਹੀ। ਸੱਤਾ ਦੇ ਬਾਰੇ   'ਚ ਫਿਲਮ ਬਹੁਤ ਕੁਝ ਅੱਜ ਦੀ ਹੈ। ਥੋੜ੍ਹਾ ਪੁਰਾਣੇ ਜ਼ਮਾਨੇ ਨੂੰ ਵੀ ਦਿਖਾਇਆ ਗਿਆ ਹੈ ਪਰ ਫਿਲਮ ਦਾ ਪੈਟਰਨ ਪੂਰਾ ਪਾਲੀਟੀਕਲ ਸਟਰੱਕਚਰ ਹੈ।