ਜਲੰਧਰ ''ਚ ਰਾਤੋ-ਰਾਤ ਰਿਪੇਅਰ ਹੋਏ ਕੋਹਲੀ ਦੇ ਬੱਲੇ ਨੇ ਕੰਗਾਰੂਆਂ ਨੂੰ ਦਿਖਾਏ ਤਾਰੇ!

Global News

ਜਲੰਧਰ, (ਧਵਨ)— ਆਸਟ੍ਰੇਲੀਆ ਖਿਲਾਫ ਅੱਤ ਦੀ ਬੱਲੇਬਾਜ਼ੀ ਕਰਕੇ ਭਾਰਤ ਨੂੰ ਸੈਮੀਫਾਈਨਲ ਵਿਚ ਪਹੁੰਚਾਉਣ ਵਾਲੇ ਭਾਰਤੀ ਬੱਲੇਬਾਜ਼ ਵਿਰਾਟ ਕੋਹਲੀ ਨੇ ਜਿਸ ਬੱਲੇ ਨਾਲ ਦੌੜਾਂ ਦੀ ਝੜੀ ਲਗਾ ਦਿੱਤੀ, ਉਸ ਬੱਲੇ ਦੀ ਰਿਪੇਅਰ ਇਕ ਰਾਤ ਪਹਿਲਾਂ ਜਲੰਧਰ ਦੇ ਭਾਰਗੋ ਕੈਂਪ ਸਥਿਤ ਜੌਂਟੀ ਸਪੋਰਟਸ ਵਿਚ ਹੋਈ ਸੀ। 


ਜੌਂਟੀ ਸਪੋਰਟਸ ਦੇ ਸੁਨੀਲ ਭਗਤ ਜੌਂਟੀ ਨੇ ਦੱਸਿਆ ਕਿ ਪਾਕਿਸਤਾਨ ਖਿਲਾਫ ਖੇਡਦੇ ਸਮੇਂ ਵਿਰਾਟ ਕੋਹਲੀ ਦੇ ਬੱਲੇ ਦਾ ਹੈਂਡਲ ਹਿੱਲ ਗਿਆ ਸੀ , ਜਿਸ ਕਾਰਨ ਹੈਂਡਲ ਨੂੰ ਬਦਲਣਾ ਜ਼ਰੂਰੀ ਹੋ ਗਿਆ ਸੀ। ਭਾਰਤੀ ਗੇਂਦਬਾਜ਼ ਹਰਭਜਨ ਸਿੰਘ ਭੱਜੀ ਨੇ ਚੰਡੀਗੜ੍ਹ ਪਹੁੰਚਣ 'ਤੇ ਉਸ ਨੂੰ ਵਿਸ਼ੇਸ਼ ਤੌਰ 'ਤੇ ਫੋਨ ਕਰਕੇ ਕਿਹਾ ਕਿ ਕੋਹਲੀ ਦੇ ਬੱਲੇ ਦੀ ਰਿਪੇਅਰ ਕਰਨੀ ਜ਼ਰੂਰੀ ਹੈ, ਕਿਉਂਕਿ ਉਹ ਉਸੇ ਬੱਲੇ ਨਾਲ ਖੇਡਣਾ ਚਾਹੁੰਦਾ ਹੈ, ਜਿਸ ਨਾਲ ਉਹ ਪਿਛਲੇ ਕਾਫੀ ਸਮੇਂ ਤੋਂ ਲਗਾਤਾਰ ਖੇਡਦਾ ਰਿਹਾ ਹੈ।


ਭੱਜੀ ਦੀ ਬੇਨਤੀ 'ਤੇ ਜੌਂਟੀ ਸਪੋਰਟਸ ਨੇ ਵਿਰਾਟ ਦੇ ਬੱਲੇ ਨੂੰ ਜਲੰਧਰ ਭੇਜਣ ਲਈ ਕਿਹਾ ਅਤੇ ਮੈਚ ਤੋਂ ਇਕ ਰਾਤ ਪਹਿਲਾਂ 7 ਘੰਟੇ 'ਚ ਲਗਾਤਾਰ ਉਸਦਾ ਹੈਂਡਲ ਬਦਲਿਆ ਗਿਆ। ਸੁਨੀਲ ਭਗਤ ਨੇ ਦੱਸਿਆ ਕਿ ਉਨ੍ਹਾਂ ਨੇ ਇੰਗਲੈਂਡ ਤੋਂ ਆਯੋਜਿਤ ਇੰਗਲਿਸ਼ ਵਿੱਲੋ ਨਾਂ ਦੀ ਲਕੜੀ ਦੀ ਵਰਤੋਂ ਕਰਕੇ ਨਵਾਂ ਹੈਂਡਲ ਬੱਲੇ 'ਤੇ ਲਗਾਇਆ, ਜਿਸਦੀ ਵਰਤੋਂ ਵਿਰਾਟ ਨੇ ਆਸਟ੍ਰੇਲੀਆ ਖਿਲਾਫ ਕੀਤੀ।


ਭਗਤ ਨੇ ਕਿਹਾ ਕਿ ਉਨ੍ਹਾਂ ਨੇ ਬੱਲੇ ਦੀ ਰਿਪੇਅਰ ਕਰਕੇ ਉਸ ਨੂੰ ਭੱਜੀ ਦੇ ਜਲੰਧਰ ਸਥਿਤ ਘਰ ਵਿਚ ਪਹੁੰਚਾ ਦਿੱਤਾ ਗਿਆ ਸੀ, ਜਿਥੋਂ ਇਹ ਬੱਲਾ ਚੰਡੀਗੜ੍ਹ ਭੇਜਿਆ ਗਿਆ।


ਉਨ੍ਹਾਂ ਦੱਸਿਆ ਕਿ ਵਿਰਾਟ ਨੇ ਮੈਚ ਖਤਮ ਹੋਣ 'ਤੇ ਵਿਸ਼ੇਸ਼ ਰੂਪ ਨਾਲ ਉਨ੍ਹਾਂ ਦਾ ਧੰਨਵਾਦ ਕੀਤਾ। ਇਹ ਸੰਦੇਸ਼ ਹਰਭਜਨ ਦੀ ਬਦੌਲਤ ਉਨ੍ਹਾਂ ਕੋਲ ਪਹੁੰਚਿਆ।


ਉਨ੍ਹਾਂ ਕਿਹਾ ਕਿ ਜੌਂਟੀ ਸਪੋਰਟਸ ਵਲੋਂ ਬਣਾਏ ਜਾਣ ਵਾਲੇ ਬੱਲੇ, ਗਲੱਵਸ ਦੀ ਵਰਤੋਂ ਇਸ ਸਮੇਂ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ, ਗੇਂਦਬਾਜ਼ ਹਰਭਜਨ ਸਿੰਘ ਅਤੇ ਰੋਹਿਤ ਸ਼ਰਮਾ ਵੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਕ੍ਰਿਕਟ ਦਾ ਸਾਮਾਨ ਵਿਸ਼ੇਸ਼ ਤੌਰ 'ਤੇ ਇੰਗਲੈਂਡ ਤੋਂ ਆਯੋਜਿਤ ਲੱਕੜੀ ਨਾਲ ਤਿਆਰ ਕਰਦੇ ਹਨ, ਕਿਉਂਕਿ ਇਹ ਲੱਕੜੀ ਨਰਮ ਹੁੰਦੀ ਹੈ ਅਤੇ ਕਸ਼ਮੀਰੀ ਵਿੱਲੋ ਸਖਤ ਹੁੰਦੀ ਹੈ, ਜਿਸ ਨਾਲ ਬੱਲੇਬਾਜ਼ੀ ਕਰਨ ਵਿਚ ਮੁਸ਼ਕਲਾਂ ਆਉਂਦੀਆਂ ਹਨ।
ਉਨ੍ਹਾਂ ਕਿਹਾ ਕਿ ਹੁਣ ਆਈ. ਪੀ. ਐੱਲ. ਵਿਚ ਵੀ ਉਹ ਬੱਲੇ, ਗਲੱਵਜ਼ ਅਤੇ ਹੋਰ ਸਮਾਨ ਖਿਡਾਰੀਆਂ ਲਈ ਭੇਜ ਰਹੇ ਹਨ। ਮੁੰਬਈ ਇੰਡੀਅਨਸ, ਕਿੰਗਸ ਇਲੈਵਨ ਪੰਜਾਬ ਅਤੇ ਹੈਦਰਾਬਾਦ ਦੀਆਂ ਟੀਮਾਂ ਨੇ ਉਨ੍ਹਾਂ ਤੋਂ ਕ੍ਰਿਕਟ ਦਾ ਸਮਾਨ ਮੰਗਵਾਇਆ ਹੈ।