ਅਜੇਤੂ ਕੀਵੀਆਂ ਨੂੰ ਚੁਣੌਤੀ ਦੇਣਗੇ ਅੰਗਰੇਜ਼!

Global News

ਨਵੀਂ ਦਿੱਲੀ, (ਯੂ. ਐੱਨ. ਆਈ.)- ਆਈ. ਸੀ. ਸੀ. ਟੀ-20 ਵਿਸ਼ਵ ਕੱਪ 'ਚ ਭਾਵੇਂ ਹੀ ਨਿਊਜ਼ੀਲੈਂਡ ਖਿਤਾਬ ਦੇ ਪਹਿਲੇ ਦਾਅਵੇਦਾਰ ਦੇ ਤੌਰ 'ਤੇ ਨਾ ਉਤਰੀ ਹੋਵੇ ਪਰ ਗਰੁੱਪ ਆਫ ਡੈੱਥ ਕਹੇ ਜਾ ਰਹੇ ਗਰੁੱਪ-2 ਵਿਚ ਸਾਰੇ ਮੁਕਾਬਲੇ ਜਿੱਤ ਕੇ ਅਜੇਤੂ ਰਹੀ ਕੀਵੀ ਟੀਮ ਸੈਮੀਫਾਈਨਲ 'ਚ ਸਭ ਤੋਂ ਪਹਿਲਾਂ ਪਹੁੰਚੀ ਤੇ ਹੁਣ ਖਿਤਾਬੀ ਮੁਕਾਬਲੇ ਤੋਂ ਇਕ ਕਦਮ ਦੂਰੀ 'ਤੇ ਉਸ ਨੂੰ ਸਾਬਕਾ ਚੈਂਪੀਅਨ ਇੰਗਲੈਂਡ ਦੀ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ। 


ਦਿੱਲੀ ਦੇ ਫਿਰੋਜ਼ਸ਼ਾਹ ਕੋਟਲਾ ਮੈਦਾਨ 'ਤੇ ਹੋਣ ਵਾਲੇ ਪਹਿਲੇ ਸੈਮੀਫਾਈਨਲ ਵਿਚ ਗਰੁੱਪ-2 ਵਿਚ ਪਹਿਲੇ ਸਥਾਨ 'ਤੇ ਰਹੀ ਟੀਮ ਨਿਊਜ਼ੀਲੈਂਡ ਤੇ ਗਰੁੱਪ-1 ਦੀ ਦੂਜੇ ਸਥਾਨ 'ਤੇ ਰਹੀ ਟੀਮ ਇੰਗਲੈਂਡ ਵਿਚਾਲੇ ਮੁਕਾਬਲਾ ਖੇਡਿਆ ਜਾਵੇਗਾ, ਜਿਥੇ ਕੀਵੀ ਟੀਮ ਦੀ ਕੋਸ਼ਿਸ਼ ਆਪਣੇ ਗਰੁੱਪ ਗੇੜ ਦੇ ਪ੍ਰਦਰਸ਼ਨ ਨੂੰ ਦੁਹਰਾਉਣ ਦੀ ਹੋਵੇਗੀ। ਵਿਸ਼ਵ ਕੱਪ ਵਿਚ ਨਿਊਜ਼ੀਲੈਂਡ ਇਕਲੌਤੀ ਅਜਿਹੀ ਟੀਮ ਹੈ, ਜਿਸ ਨੇ ਆਪਣੇ ਸਾਰੇ ਮੈਚ ਜਿੱਤੇ ਹਨ ਤੇ ਫਿਲਹਾਲ ਸਭ ਤੋਂ ਮਜ਼ਬੂਤ ਨਜ਼ਰ ਆ ਰਹੀ ਹੈ। 


ਪਿਛਲੇ ਸਾਲ ਆਈ. ਸੀ. ਸੀ. ਵਨ ਡੇ ਵਿਸ਼ਵ ਕੱਪ ਦੀ ਉਪ ਜੇਤੂ ਟੀਮ ਰਹੀ ਨਿਊਜ਼ੀਲੈਂਡ ਨੇ ਟੀ-20 ਸਵਰੂਪ 'ਚ ਵੀ ਕਦੇ ਵਿਸ਼ਵ ਕੱਪ ਖਿਤਾਬ ਨਹੀਂ ਜਿੱਤਿਆ ਹੈ, ਜਦਕਿ ਇੰਗਲੈਂਡ ਨੇ ਸਾਲ 2010 'ਚ ਆਸਟ੍ਰੇਲੀਆ ਨੂੰ ਹਰਾ ਕੇ ਖਿਤਾਬ 'ਤੇ ਕਬਜ਼ਾ ਕੀਤਾ ਸੀ। ਇੰਗਲੈਂਡ ਨੇ ਗਰੁੱਪ ਸੈਸ਼ਨ ਵਿਚ ਚਾਰ 'ਚੋਂ ਤਿੰਨ ਮੈਚ ਜਿੱਤੇ ਹਨ ਤੇ ਆਖਰੀ ਮੈਚ 'ਚ ਸ਼੍ਰੀਲੰਕਾ ਨੂੰ 10 ਦੌੜਾਂ ਨਾਲ ਹਰਾ ਕੇ ਸੈਮੀਫਾਈਨਲ 'ਚ ਪ੍ਰਵੇਸ਼ ਕੀਤਾ ਹੈ। 


ਨਿਊਜ਼ੀਲੈਂਡ ਨੇ ਪਾਕਿਸਤਾਨ ਵਿਰੁੱਧ ਆਪਣੇ ਤੀਜੇ ਗਰੁੱਪ ਮੈਚ 'ਚ 22 ਦੌੜਾਂ ਦੀ ਜਿੱਤ ਦੇ ਨਾਲ ਹੀ ਸੈਮੀਫਾਈਨਲ 'ਚ ਪ੍ਰਵੇਸ਼ ਕਰ ਲਿਆ ਸੀ, ਜਦਕਿ ਬੰਗਲਾਦੇਸ਼ ਨਾਲ ਉਸ ਦਾ ਚੌਥਾ ਮੈਚ ਰਸਮੀ ਸੀ। ਨਿਊਜ਼ੀਲੈਂਡ ਨੇ ਸਭ ਤੋਂ ਚੁਣੌਤੀਪੂਰਨ ਆਪਣੇ ਗਰੁੱਪ-2 'ਚ ਸਾਲ 2007 ਦੀ ਚੈਂਪੀਅਨ ਭਾਰਤ, ਸਾਲ 2009 ਦੀ ਚੈਂਪੀਅਨ ਪਾਕਿਸਤਾਨ, ਏਸ਼ੀਆ ਟੀ-20 ਟੂਰਨਾਮੈਂਟ ਦੀ ਉਪ-ਜੇਤੂ ਬੰਗਲਾਦੇਸ਼ ਤੇ ਪੰਜ ਵਾਰ ਦੀ ਵਨ ਡੇ ਵਿਸ਼ਵ ਕੱਪ ਚੈਂਪੀਅਨ ਆਸਟ੍ਰੇਲੀਆ ਵਰਗੀਆਂ ਧਾਕੜ ਟੀਮਾਂ ਨੂੰ ਹਰਾਇਆ ਹੈ। 


ਪਿਛਲੇ ਮੈਚਾਂ ਨੂੰ ਦੇਖਿਆ ਜਾਵੇ ਤਾਂ ਸਾਫ ਹੋ ਜਾਂਦਾ ਹੈ ਕਿ ਮੌਜੂਦਾ ਕੀਵੀ ਟੀਮ ਦੀ ਜਿੱਤ ਦਾ ਸੂਤਰ ਉਸ ਦੇ ਬੱਲੇਬਾਜ਼ ਤੇ ਗੇਂਦਬਾਜ਼ਾਂ ਦਾ ਸੰਤੁਲਿਤ ਪ੍ਰਦਰਸ਼ਨ ਹੈ। ਇਸ ਸਮੇਂ ਟੀਮ ਦੀ ਤਾਕਤ ਉਸ ਦਾ 24 ਸਾਲਾ ਸਪਿਨਰ ਮਿਸ਼ੇਲ ਸੈਂਟਨਰ ਨੂੰ ਮੰਨਿਆ ਜਾ ਰਿਹਾ ਹੈ, ਜਿਸ ਨੇ ਹਰ ਮੈਚ ਵਿਚ ਆਪਣੇ ਨਿਰੰਤਰ ਪ੍ਰਦਰਸ਼ਨ ਤੇ ਵਿਕਟ ਕੱਢਣ ਨਾਲ ਟੀਮ ਦੀ ਜਿੱਤ ਵਿਚ ਭੂਮਿਕਾ ਨਿਭਾਈ ਹੈ। 


ਹਾਲਾਂਕਿ ਜੇਕਰ ਓਵਰਆਲ ਦੇਖਿਆ ਜਾਵੇਂ ਤਾਂ ਸੈਂਟਨਰ ਤੋਂ ਇਲਾਵਾ ਬਾਕੀ ਗੇਂਦਬਾਜ਼ ਵੀ ਓਨਾ ਹੀ ਚੰਗਾ ਪ੍ਰਦਰਸ਼ਨ ਕਰ ਰਹੇ ਹਨ। ਨਿਊਜ਼ੀਲੈਂਡ ਦੇ ਲੱਗਭਗ ਸਾਰੇ ਗੇਂਦਬਾਜ਼ਾਂ ਨੇ ਵਿਕਟ ਲੈਣ 'ਚ ਸਫਲਤਾ ਹਾਸਲ ਕੀਤੀ ਤੇ ਟੀਮ ਲਈ ਆਪਣੀ ਜ਼ਿੰਮੇਵਾਰੀ ਨਿਭਾਈ ਹੈ। 


ਨਿਊਜ਼ੀਲੈਂਡ ਕੋਲ ਬਿਹਤਰੀਨ ਗੇਂਦਬਾਜ਼ੀ ਕ੍ਰਮ ਦੇ ਨਾਲ ਮਾਰਟਿਨ ਗੁਪਟਿਲ, ਕਪਤਾਨ ਕੇਨ ਵਿਲੀਅਮਸਨ ਵਰਗੇ ਵਧੀਆ ਓਪਨਰ ਹਨ ਤਾਂ ਮੱਧਕ੍ਰਮ 'ਚ ਰੋਸ ਟੇਲਰ, ਕੋਰੀ ਐਂਡਰਸਨ, ਗ੍ਰਾਂਟ ਇਲੀਅਟ, ਲਿਊਕ ਰੋਂਚੀ ਤੇ ਕੋਲਿਨ ਮੁਨਰੋ ਵਰਗੇ ਧਾਕੜ ਬੱਲੇਬਾਜ਼ ਹਨ ਤੇ ਇਹੀ ਉਸ ਦੇ ਬੱਲੇਬਾਜ਼ੀ ਕ੍ਰਮ ਦੀ ਤਾਕਤ ਹੈ। 


ਨਿਊਜ਼ੀਲੈਂਡ ਨੂੰ ਭਾਵੇਂ ਹੀ ਇੰਗਲਿਸ਼ ਟੀਮ ਵਿਰੁੱਧ ਪਸੰਦੀਦਾ ਮੰਨਿਆ ਜਾ ਰਿਹਾ ਹੋਵੇ ਪਰ ਪਿਛਲੇ ਅੰਕੜੇ ਵੀ ਇਸ ਗੱਲ ਵੱਲ ਇਸ਼ਾਰਾ ਕਰਦੇ ਹਨ ਕਿ ਕੀਵੀ ਟੀਮ ਆਖਰੀ ਪੜਾਅ 'ਤੇ ਹੀ ਹਥਿਆਰ ਸੁੱਟ ਦਿੰਦੀ ਹੈ। ਸੈਮੀਫਾਈਨਲ ਤਕ ਦੇ ਸਫਰ ਵਿਚ ਉਹ ਭਾਵੇਂ ਹੀ ਅਜੇਤੂ ਰਹੀ ਹੋਵੇ ਪਰ ਇੰਗਲੈਂਡ ਵੱਡੇ ਉਲਟਫੇਰ ਵਿਚ ਮਾਹਿਰ ਹੈ ਤੇ ਇਸ ਲਈ ਉਸ ਦੇ ਦੱਖਣੀ ਅਫਰੀਕਾ ਵਿਰੁੱਧ ਟੂਰਨਾਮੈਂਟ ਦੇ ਸਭ ਤੋਂ ਵੱਡੇ ਸਕੋਰ ਵਾਲੇ ਮੈਚ ਨੂੰ ਯਾਦ ਕੀਤਾ ਜਾ ਸਕਦਾ ਹੈ।