ਐੱਮ. ਪੀ. ਦਰਸ਼ਨ ਕੰਗ ਵਲੋਂ ਫ਼ੈਡਰਲ ਬਜਟ 2016 ਦੀ ਸ਼ਲਾਘਾ!

Global News

ਕੈਲਗਰੀ, (ਰਾਜੀਵ ਸ਼ਰਮਾ)— ਕੈਲਗਰੀ ਸਕਾਈਵਿਊ ਤੋਂ ਮੈਂਬਰ ਆਫ਼ ਪਾਰਲੀਮੈਂਟ ਦਰਸ਼ਨ ਕੰਗ ਨੇ 'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਫੈਡਰਲ ਸਰਕਾਰ ਵਲੋਂ ਪੇਸ਼ ਕੀਤਾ ਗਿਆ ਬਜਟ ਵਿੱਤ ਮੰਤਰੀ ਬਿੱਲ ਮੌਰਨਿਓ ਦੇ ਵਿਭਾਗ ਵਲੋਂ ਕੀਤੀ ਗਈ ਸਖ਼ਤ ਮਿਹਨਤ ਦਾ ਨਤੀਜਾ ਹੈ। 2016 ਦਾ ਬਜਟ ਮੁੱਖ ਰੂਪ 'ਚ ਕੈਨੇਡਾ ਦਾ ਦਿਲ ਕਹਾਉਣ ਵਾਲੇ ਮੱਧ ਵਰਗੀ ਪਰਿਵਾਰਾਂ ਦੀਆਂ ਸਾਰੀਆਂ ਪ੍ਰੇਸ਼ਾਨੀਆਂ ਨੂੰ ਧਿਆਨ 'ਚ ਰੱਖ ਕੇ ਨਵੀਆਂ ਲੰਮੇ ਸਮੇਂ ਦੀਆਂ ਕਈ ਯੋਜਨਾਵਾਂ ਸ਼ਾਮਲ ਕਰਕੇ ਹੀ ਤਿਆਰ ਕੀਤਾ ਗਿਆ ਹੈ।
 

ਇਸ ਬਜਟ 'ਚ ਸਰਕਾਰ ਦੀ ਨਵੀਂ ਪਹੁੰਚ ਨੀਤੀ ਵੀ ਦਿਖਾਈ ਦਿੰਦੀ ਹੈ, ਜਿਸ 'ਚ ਸਭ ਤੋਂ ਵਧੇਰੇ ਲੋੜਵੰਦਾਂ ਲਈ ਤਤਕਾਲ ਹੱਲ ਲੱਭਣ ਦੇ ਵੀ ਯਤਨ ਕੀਤੇ ਗਏ ਹਨ ਤੇ ਸਾਰੇ ਹੀ ਕੈਨੇਡੀਅਨਾਂ ਦੀ ਤਰੱਕੀ ਦਾ ਰਾਹ ਖੋਲ੍ਹਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਬਜਟ 'ਚ ਮਿਡਲ ਕਲਾਸ ਨੂੰ ਹੋਰ ਮਜ਼ਬੂਤ ਕਰਕੇ ਕੈਨੇਡਾ ਦੀ ਆਰਥਿਕ ਤਰੱਕੀ 'ਚ ਵਾਧਾ ਕੀਤੇ ਜਾਣ ਦੀ ਨੀਤੀ 'ਤੇ ਜ਼ੋਰ ਦਿੱਤਾ ਗਿਆ ਹੈ। ਐੱਮ. ਪੀ. ਦਰਸ਼ਨ ਕੰਗ ਨੇ ਕਿਹਾ ਕਿ ਪੇਸ਼ ਕੀਤਾ ਗਿਆ ਇਹ ਬਜਟ ਸਾਰੇ ਹੀ ਕੈਨੇਡਾ ਵਾਸੀਆਂ ਨੂੰ ਧਿਆਨ 'ਚ ਰੱਖ ਕੇ ਬਣਾਇਆ ਗਿਆ ਹੈ ਤੇ ਉਨ੍ਹਾਂ ਨੂੰ ਪੂਰਾ ਯਕੀਨ ਹੈ ਕਿ ਇਸ ਦਾ ਪੂਰਾ-ਪੂਰਾ ਲਾਭ ਉਨ੍ਹਾਂ ਦੇ ਹਲਕੇ ਦੇ ਵਾਸੀਆਂ ਨੂੰ ਵੀ ਮਿਲੇਗਾ। ਉਨ੍ਹਾਂ ਨੂੰ ਸਭ ਤੋਂ ਵੱਧ ਆਸ ਪੋਸਟ-ਸੈਕੰਡਰੀ ਐਜੂਕੇਸ਼ਨ, ਇਨਫ਼੍ਰਾਸਟਰੱਕਚਰ, ਮੱਧ ਵਰਗੀ ਪਰਿਵਾਰਾਂ ਤੇ ਆਰਥਿਕਤਾ ਨੂੰ ਲੈ ਕੇ ਪੇਸ਼ ਕੀਤੀਆਂ ਗਈਆਂ ਨੀਤੀਆਂ ਤੋਂ ਹੈ।