ਪਾਦਰੀ ਨੇ ਕੀਤੀ ਰਿਫਿਊਜੀਆਂ ਲਈ ਇਕੱਠੇ ਕੀਤੇ ਫੰਡ ''ਚ ਹੇਰ-ਫੇਰ!

Global News

ਕੈਲਗਰੀ, (ਰਾਜੀਵ ਸ਼ਰਮਾ)— ਇਰਾਕੀ ਰਿਫਿਊਜੀਆਂ ਦੀ ਸਪਾਂਸਰਸ਼ਿਪ ਲਈ ਇਕੱਠੇ ਹੋਏ 5,00,000 ਡਾਲਰ 'ਚ ਹੋਈ ਹੇਰ-ਫੇਰ ਬਾਰੇ ਚਰਚ ਦੇ ਅਧਿਕਾਰੀਆਂ ਨੂੰ ਪਤਾ ਲੱਗਣ ਤੋਂ ਬਾਅਦ ਲੰਡਨ, ਓਨਟਾਰੀਓ ਦਾ ਇਕ ਪਾਦਰੀ ਪੁਲਸ ਜਾਂਚ ਦੇ ਘੇਰੇ 'ਚ ਆ ਗਿਆ ਹੈ। ਲੰਡਨ 'ਚ ਸੇਂਟ ਜੋਸਫ ਚੈਲਡੀਅਨ ਕੈਥੋਲਿਕ ਚਰਚ ਦੇ ਪਾਦਰੀ ਫਾਦਰ ਆਮੇਰ ਸਾਕਾ ਨੂੰ ਉਸ ਵੇਲੇ ਸਸਪੈਂਡ ਕਰ ਦਿੱਤਾ ਗਿਆ, ਜਦੋਂ ਉਸ ਨੇ ਬਿਸ਼ਪ ਇਮੈਨੂਅਲ ਸਾਲੇਤਾ ਨੂੰ ਦੱਸਿਆ ਕਿ ਉਹ ਸਾਰਾ ਪੈਸਾ ਜੂਏ 'ਚ ਹਾਰ ਗਿਆ ਹੈ। ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਪਾਦਰੀ ਨੇ ਕਿਸ ਤਰ੍ਹਾਂ ਦੇ ਜੂਏ 'ਚ ਰਕਮ ਹਾਰੀ।
 

ਲੰਡਨ ਪੁਲਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਫਰਸੈਕਾਓਮ ਚੈਲਡੀਅਨ ਚਰਚ ਦੇ ਅਧਿਕਾਰੀਆਂ ਵਲੋਂ ਸ਼ਿਕਾਇਤ ਮਿਲਣ ਮਗਰੋਂ ਉਨ੍ਹਾਂ ਫਰਾਡ ਦੇ ਸਬੰਧ 'ਚ ਫਰਵਰੀ ਦੇ ਅੰਤ 'ਚ ਜਾਂਚ ਸ਼ੁਰੂ ਕੀਤੀ ਸੀ। ਇਸ ਮਾਮਲੇ 'ਚ ਕਿਸੇ ਵੀ ਤਰ੍ਹਾਂ ਦੇ ਦੋਸ਼ ਅਜੇ ਤੱਕ ਆਇਦ ਨਹੀਂ ਕੀਤੇ ਗਏ ਹਨ ਤੇ ਨਾ ਹੀ ਇਹ ਦੋਸ਼ ਅਦਾਲਤ 'ਚ ਸਿੱਧ ਹੋਏ ਹਨ। ਇਕ ਰਿਪੋਰਟ ਅਨੁਸਾਰ ਸਾਕਾ ਨੂੰ ਜੂਏ ਦੀ ਲਤ ਦੇ ਇਲਾਜ ਲਈ ਸਾਊਥਡਾਊਨ ਇੰਸਟੀਚਿਊਟ 'ਚ ਭੇਜਿਆ ਗਿਆ ਸੀ। ਇਹ ਕਲੀਨਿਕ ਪਾਦਰੀਆਂ ਦੀ ਲਤ ਤੇ ਮਾਨਸਿਕ ਸਿਹਤ ਨਾਲ ਸਬੰਧਤ ਮੁੱਦਿਆਂ ਨੂੰ ਸੁਲਝਾਉਣ ਲਈ ਹੀ ਕੰਮ ਕਰਦਾ ਹੈ।