...ਤੇ ਹੁਣ ਪਠਾਨਕੋਟ ਹਮਲੇ ਦੀ ਜਾਂਚ ਲਈ ਭਾਰਤੀ ਟੀਮ ਜਾਵੇਗੀ ਪਾਕਿਸਤਾਨ

Global News

 ਪਠਾਨਕੋਟ/ਪਾਕਿਸਤਾਨ (ਸ਼ਾਰਦਾ, ਆਦਿਤਿਆ, ਰਾਕੇਸ਼, ਅਰੁਣ) : ਪਠਾਨਕੋਟ ਏਅਰਫੋਰਸ ਸਟੇਸ਼ਨ 'ਤੇ ਇਸ ਸਾਲ ਹੋਏ ਅੱਤਵਾਦੀ ਹਮਲੇ ਦੀ ਜਾਂਚ ਲਈ ਜਿੱਥੇ ਪਾਕਿਸਤਾਨ ਦੀ ਸਾਂਝੀ ਜਾਂਚ ਟੀਮ (ਜੇ. ਆਈ. ਟੀ.) ਮੰਗਲਵਾਰ ਨੂੰ ਪਠਾਨਕੋਟ ਪੁੱਜੀ, ਉੱਥੇ ਹੀ ਇਸ ਹਮਲੇ ਦੀ ਜਾਂਚ ਕਰਨ ਲਈ ਹੁਣ ਭਾਰਤ ਦੀ ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਦੀ ਇਕ ਟੀਮ ਵੀ ਪਾਕਿਸਤਾਨ ਜਾਵੇਗੀ।
 

ਸੂਤਰਾਂ ਦਾ ਕਹਿਣਾ ਹੈ ਕਿ ਐੱਨ. ਆਈ. ਏ. ਅਤੇ ਜੇ. ਆਈ. ਟੀ. ਦੇ ਅਧਿਕਾਰੀਆਂ ਦੀ 30 ਮਾਰਚ ਨੂੰ ਨਵੀਂ ਦਿੱਲੀ ਵਿਚ ਬੈਠਕ ਹੋਵੇਗੀ, ਜਿਸ ਵਿਚ ਇਸ ਨੂੰ ਅੰਤਿਮ ਰੂਪ ਦੇ ਕੇ ਐੱਨ. ਆਈ. ਏ. ਦੇ ਦੌਰੇ ਦਾ ਪ੍ਰੋਗਰਾਮ ਬਣਾਇਆ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਮੰਗਲਵਾਰ ਨੂੰ ਪਠਾਨਕੋਟ ਹਮਲੇ ਦੀ ਜਾਂਚ ਕਰਨ ਆਈ ਜੇ. ਆਈ. ਟੀ. ਨੇ ਏਅਰਫੋਰਸ ਸਟੇਸ਼ਨ ਦਾ ਦੌਰਾ ਕੀਤਾ ਅਤੇ ਅਤੇ ਉਸ ਜਗ੍ਹਾ ਦਾ ਨਿਰੀਖਣ ਕੀਤਾ, ਜਿੱਥੇ ਅੱਤਵਾਦੀਆਂ ਨਾਲ ਭਾਰਤੀ ਜਵਾਨਾਂ ਦਾ ਮੁਕਾਬਲਾ ਹੋਇਆ ਸੀ। ਉੱਥੇ ਹੀ ਜੇ. ਆਈ. ਟੀ. ਬੁੱਧਵਾਰ ਨੂੰ ਐੱਨ. ਆਈ. ਏ. ਦੇ ਦਫਤਰ ਪੁੱਜ ਗਈ ਹੈ, ਜਿੱਥੇ ਅੱਜ ਸਾਬਕਾ ਐੱਸ. ਪੀ. ਸਲਵਿੰਦਰ ਸਿੰਘ ਤੋਂ ਪੁੱਛਗਿੱਛ ਕੀਤੀ ਜਾਵੇਗੀ, ਜਿਸ ਨੂੰ ਅੱਤਵਾਦੀ ਹਮਲੇ ਤੋਂ ਪਹਿਲਾਂ ਸਾਥੀਆਂ ਸਮੇਤ ਅਗਵਾ ਕਰ ਲਿਆ ਗਿਆ ਸੀ। 
 

ਜ਼ਿਕਰਯੋਗ ਹੈ ਕਿ ਪਠਾਨਕੋਟ ਏਅਰਫੋਰਸ ਸਟੇਸ਼ਨ 'ਤੇ 2 ਜਨਵਰੀ ਨੂੰ ਵੱਡਾ ਅੱਤਵਾਦੀ ਹਮਲਾ ਕੀਤਾ ਗਿਆ ਸੀ, ਜਿਸ ਨੇ ਪੂਰੇ ਪੰਜਾਬ ਨੂੰ ਦਹਿਲਾ ਕੇ ਰੱਖ ਦਿੱਤਾ ਸੀ ਅਤੇ ਇਸ ਹਮਲੇ ਦੀ ਜਾਂਚ ਐੱਨ. ਆਈ. ਏ. ਨੂੰ ਸੌਂਪੀ ਗਈ ਸੀ, ਜੋ ਹੁਣ ਪਾਕਿਸਤਾਨ ਜਾ ਕੇ ਜਾਂਚ ਦਾ ਦਾਇਰਾ ਵਧਾਵੇਗੀ।