ਮੈਰੀਹਿੱਲ ਵਾੜੇ ''ਚ ਲੱਗੀ ਅੱਗ, 44 ਗਾਵਾਂ ਮਰੀਆਂ

Global News

ਕੈਲਗਰੀ, (ਰਾਜੀਵ ਸ਼ਰਮਾ)- ਦੱਖਣੀ ਓਨਟਾਰੀਓ ਦੇ ਡੇਅਰੀ ਵਾਲੇ ਵਾੜੇ 'ਚ ਸ਼ਨੀਵਾਰ ਨੂੰ ਲੱਗੀ ਜ਼ਬਰਦਸਤ ਅੱਗ 'ਚ 44 ਗਾਵਾਂ ਮਾਰੀਆਂ ਗਈਆਂ। ਟੋਰਾਂਟੋ ਤੋਂ 100 ਕਿਲੋਮੀਟਰ ਪੱਛਮ ਵੱਲ ਮੈਰੀਹਿੱਲ, ਓਨਟਾਰੀਓ ਦੇ ਫਾਰਮ 'ਤੇ ਇਹ ਅੱਗ ਲੱਗੀ। ਫਾਇਰ ਅਧਿਕਾਰੀਆਂ ਨੇ ਦੱਸਿਆ ਕਿ ਫਾਰਮ ਦੇ ਮਾਲਕਾਂ ਵਲੋਂ ਇਕੱਠੀ ਕਰਕੇ ਰੱਖੀ ਗਈ ਤੂੜੀ ਦੇ ਢੇਰ 'ਚ ਗਰਮ ਧਾਤ ਦੇ ਟੁਕੜੇ ਜਾਂ ਪੱਥਰ ਕਾਰਨ ਹੀ ਇਹ ਅੱਗ ਲੱਗੀ। ਡਿਸਟ੍ਰਿਕਟ ਫਾਇਰ ਚੀਫ ਕੈਵਿਨ ਕਾਰਲੇ ਨੇ ਦੱਸਿਆ ਕਿ ਅੱਗ ਇਕਦਮ ਭਾਂਬੜ ਬਣ ਕੇ ਫੈਲ ਗਈ। ਇਹ ਅੱਗ ਸ਼ਨੀਵਾਰ ਰਾਤ ਨੂੰ 9:00 ਵਜੇ ਦੇ ਨੇੜੇ ਤੇੜੇ ਲੱਗੀ ਤੇ 12 ਘੰਟੇ ਤੱਕ ਲਗਭਗ 50 ਫਾਇਰਫਾਈਟਰਜ਼ ਅੱਗ 'ਤੇ ਕਾਬੂ ਪਾਉਣ ਲਈ ਮੁਸ਼ੱਕਤ ਕਰਦੇ ਰਹੇ। ਅੱਗ ਇੰਨੀ ਜ਼ਿਆਦਾ ਸੀ ਕਿ ਲਾਗੇ ਹੀ ਖੜ੍ਹਾ ਇਕ ਟਰੈਕਟਰ ਵੀ ਪਿਘਲ ਗਿਆ।

 

ਵਾੜੇ 'ਚ ਗਾਵਾਂ ਵੱਛੇ-ਵੱਛੀਆਂ ਸਮੇਤ 45 ਪਸ਼ੂ ਸਨ ਤੇ ਇਨ੍ਹਾਂ 'ਚੋਂ ਸਿਰਫ ਇਕ ਗਾਂ ਹੀ ਬਚੀ ਹੈ। ਕਾਰਲੇ ਨੇ ਦੱਸਿਆ ਕਿ ਫਾਰਮ ਦੇ ਮਾਲਕਾਂ ਲਈ ਇਹ ਸਾਰੇ ਜਾਨਵਰ ਘਰ ਦੇ ਜੀਆਂ ਵਰਗੇ ਹੀ ਸਨ ਤੇ ਉਨ੍ਹਾਂ ਨੂੰ ਇਸ ਘਟਨਾ ਨਾਲ ਕਾਫੀ ਨੁਕਸਾਨ ਹੋਇਆ ਹੈ। ਕਾਰਲੇ ਨੇ ਦੱਸਿਆ ਕਿ ਫਾਇਰ ਫਾਈਟਰਜ਼ ਮਿਲਕਿੰਗ ਪਾਰਲਰ ਤੇ ਨਾਲ ਲੱਗਦੇ ਵਾੜੇ 'ਚ ਮੌਜੂਦ 200 ਹੋਰ ਗਾਵਾਂ ਨੂੰ ਬਚਾਉਣ 'ਚ ਕਾਮਯਾਬ ਰਹੇ। ਗੁਆਂਢੀ ਜੈਨੀਫਰ ਰਾਈਟ ਦੇ ਘਰ ਦੀ ਬੱਤੀ ਵੀ ਗੁੱਲ ਹੋ ਗਈ ਤੇ ਉਨ੍ਹਾਂ ਨੂੰ ਇਸ ਅੱਗ ਬਾਰੇ ਵੀ ਚੌਕਸ ਕਰ ਦਿੱਤਾ ਗਿਆ। ਇਸ ਦੌਰਾਨ 5,00,000 ਡਾਲਰ ਦਾ ਨੁਕਸਾਨ ਹੋਣ ਦਾ ਅੰਦਾਜ਼ਾ ਹੈ।